(ਸਮਾਜ ਵੀਕਲੀ) ਕੋਈ ਵੇਲਾ ਸੀ ਜਦੋਂ ਕਿਸਾਨ ਪੀੜੀ ਦਰ ਪੀੜੀ ਨੌਕਰੀ ਤੇ ਵਪਾਰ ਨੂੰ ਦਰਕਿਨਾਰ ਕਰਕੇ ਖੇਤੀ ਨੂੰ ਤਰਜ਼ੀਹ ਦਿੰਦੇ ਸਨ।ਅਨੇਕਾ ਗੀਤ ਤੇ ਕਹਾਵਤਾਂ ਸੁਣਨ ਨੂੰ ਮਿਲਦੀਆਂ ਸਨ।ਜਿਵੇਂ ਕਿ ਡੂੰਘਾ ਵਾਅ ਲੈ ਹਲ਼ ਵੇ,ਤੇਰੀ ਘਰੇ ਨੌਕਰੀ ਜਾਂ ਉਤਮ ਖੇਤੀ,ਮੱਧਮ ਵਪਾਰ ਆਦਿ । ਖੁੱਲ੍ਹੀਆਂ ਜ਼ਮੀਨਾਂ,ਘੱਟ ਲਾਗਤ ਖਰਚਾ,ਸੀਮਤ ਲੋੜ੍ਹਾਂ ਅਤੇ ਅਜ਼ਾਦ ਬਿਰਤੀ ਦੇ ਮਾਲਕ ਹੋਣ ਕਰਕੇ ਕਿਸਾਨ ਵਪਾਰ ਤੇ ਨੌਕਰੀ ਨੂੰ ਗੁਲਾਮੀ ਦਾ ਪ੍ਰਤੀਕ ਸਮਝਦੇ ਸਨ। ਜੱਟ ਦੇ ਪੁੱਤ ਨੂੰ ਹੱਟੀ ਪਾਉਣੀ ਮਿਹਣਾ ਗਿਣਿਆ ਜਾਂਦਾ ਸੀ।ਇਹ ਉਹਨਾਂ ਦੇ ਇੱਜਤ ਮਾਣ ਨੂੰ ਵੀ ਨਹੀਂ ਛਿਟਾਉਂਦੀ ਸੀ।ਖੁੱਲ ਦਿਲਾ ਬੰਦਾ,ਜੱਟਕਾ ਸੁਭਾਅ ਹੱਟੀ ‘ਚ ਕਾਮਯਾਬ ਨਹੀਂ ਹੋ ਸਕਦਾ ਹੈ।ਹੱਟੀ ਹਮੇਸ਼ਾ ਬੂੰਦ-ਬੂੰਦ ਨਾਲ ਸਮੁੰਦਰ ਭਰਨ ਦੀ ਅਖੌਤ ਤੇ ਕਿਰਸ ਕਰ ਕੇ ਚਲਦੀ ਹੈ ਤੇ “ਚੱਲ ਉਹ ਜਾਣੈ ” ਵਾਲਾ ਬੰਦਾ ਹੱਟ ਜਾਂ ਮੌਡਰਨ ਜ਼ਮਾਨੇ ਅਨੁਸਾਰ ਕਹਿਣਾ ਹੋਵੇ ਤਾਂ ਬਿਜ਼ਨਸ ‘ਚ ਕਾਮਯਾਬ ਨਹੀਂ ਹੋ ਸਕਦਾ।
ਬਲਦਾਂ ਤੇ ਬੋਤਿਆਂ ਨਾਲ ਹੁੰਦੀ ਖੇਤੀ ਦੇ ਢੰਗ-ਤਰੀਕੇ ਬਹੁਤ ਅਸਾਨ ਹੁੰਦੇ ਸਨ।ਕਿਸਾਨਾਂ ਕੋਲ ਖੁੱਲ੍ਹੀਆਂ ਜ਼ਮੀਨਾਂ ਹੋਣ ਕਰਕੇ ਹਰ ਕੋਈ ਘੱਟੋ-ਘੱਟ ਅੱਧੀ ਜ਼ਮੀਨ ਸਾਣਵੀਂ ਰੱਖਦਾ ਸੀ।ਡੂੰਘੀ ਧਸਦੀ ਕਾਠ ਹਲ਼ ਦੀ ਚੌ ,ਰੰਦੇ ਅਤੇ ਉਲਟਾਵੇਂ ਹਲ਼ ਨਾਲ ਵਾਰ-ਵਾਰ ਵਾਹੀ ਜ਼ਮੀਨ ‘ਚ ਕੱਖ-ਕੰਢਾ,ਘਾਹ-ਫੂਸ ਵਿੱਚੇ ਵਾਹੇ ਜਾਣ ਕਰਕੇ ਉਪਜਾਊ ਸ਼ਕਤੀ ‘ਚ ਬਹੁਤ ਵਾਧਾ ਕਰਦਾ ਸੀ।ਸਾਣਵੀਂ ਜ਼ਮੀਨ ਦਾ ਝਾੜ ਆਮ ਨਾਲੋਂ ਜਿਆਦਾ ਨਿਕਲਦਾ ਅਤੇ ਕਿਸਾਨਾਂ ਦੇ ਘਰ ਦਾਣਿਆਂ ਨਾਲ ਭਰ ਜਾਂਦੇ।ਕਿਸਾਨ ਦੇਸੀ ਬੀਜ਼,ਦੇਸੀ ਰੂੜੀ ਦੀ ਖਾਦ ਦੀ ਵਰਤੋਂ ਤੱਕ ਹੀ ਸੀਮਤ ਹੁੰਦੇ ਸਨ।ਜਿਹੜੀ ਖਪਲੀ ਅਤੇ ਮੋਤੀ ਕਣਕ,ਔਰਗੈਨਿਕ ਦਾਲਾਂ ਸ਼ਬਜੀਆਂ ਗੰਡਾ-ਟੋਟਾ ਆਦਿ ਅਸੀਂ ਮਹਿੰਗੇ ਮੁੱਲ ਲੈ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਯਤਨ ਕਰ ਰਹੇ ਹਾਂ,ਉਹਨਾਂ ਦੀ ਉਪਜ ਹਰ ਕਿਸਾਨ ਦੇ ਖੇਤਾਂ ਵਿੱਚ ਆਮ ਹੀ ਹੁੰਦੀ ਸੀ। ਫਸਲ ਦੀ ਭਰਭੂਰ ਉਪਜ , ਕਿਸਾਨਾਂ ਦੀਆਂ ਲੋੜ੍ਹਾਂ ਨੂੰ ਪੂਰਾ ਕਰਦੀ ਸੀ। ਕਿਸਾਨ ਵਿਟਾਂਦਰੇ ਦੇ ਰਸਮੋ-ਰਿਵਾਜ ਅਨੁਸਾਰ ਇੱਕ -ਦੂਜੇ ਨਾਲ ਫਸਲਾਂ ਦਾ ਲੈਣ-ਦੇਣ ਕਰਦੇ ਸਨ।ਇਸ ਨਾਲ ਬਜ਼ਾਰ ਚੋਂ ਖਰੀਦਦਾਰੀ ਘੱਟ ਹੁੰਦੀ ਸੀ ਜਿਸ ਕਰਕੇ ਨਕਦ ਭੁਗਤਾਨ ਦੀ ਲੋੜ੍ਹ ਨਹੀਂ ਸੀ ਹੁੰਦੀ।ਕਿਸਾਨਾਂ ਦੇ ਆੜਤੀਆਂ ਨਾਲ ਸੰਬੰਧ ਨਿੱਘੇ ਹੁੰਦੇ ਸਨ ਜਿਹ ਕਰਕੇ ਉਹ ਹਮੇਸ਼ਾ ਉਹਨਾਂ ਨੂੰ ਠੀਕ ਸਲਾਹ ਦਿੰਦੇ ਸਨ ਤੇ ਬੇਲੋੜੇ ਖਰਚੇ ਤੋਂ ਵਰਜਦੇ ਸਨ।ਇਸ ਕਾਰਣ ਕਿਸਾਨ ਕਰਜੇ ਅਤੇ ਉਧਾਰ -ਸੁਧਾਰ ਦੇ ਮੱਕੜਜਾਲ ਤੋਂ ਬਚੇ ਰਹਿੰਦੇ ਸਨ।ਬੈਂਕ ਤੋਂ ਕਰਜਾ ਲੈਣਾ ਤਾਂ ਕਿਸਾਨ ਆਪਣੀ ਹੱਤਕ ਸਮਝਦਾ ਸੀ । ਜੇ ਅਸੀਂ ਥੋੜ੍ਹਾ ਪਿਛਾਂਹ ਝਾਤ ਮਾਰਦੇ ਹਾਂ ਬੈਂਕ ਐਨੇ ਆਮ ਵੀ ਨਹੀਂ ਸਨ ਅਤੇ ਨਾ ਹੀ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਪਾਲਿਸੀ ਹੁੰਦੀ ਸੀ।
ਫੇਰ ਇੱਕ ਵੇਲਾ ਹਰੀ ਕ੍ਰਾਂਤੀ ਦਾ ਆਇਆ।ਉਪਜ ਵਧਾਉਣ ਦੇ ਉਪਰਾਲੇ ਵਜੋਂ ਕਿਸਾਨਾਂ ਨੂੰ ਸੋਧੇ ਹੋਏ ਬੀਜ਼,ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।ਕਿਸਾਨ ਆਪਣੇ ਦੇਸੀ ਢੰਗ-ਤਰੀਕੇ,ਦੇਸੀ ਖਾਦ,ਦੇਸੀ ਬੀਜ਼ (ਜਿੰਨ੍ਹਾਂ ਵੱਲ ਅਸੀਂ ਦੁਬਾਰਾ ਮੋੜ ਕੱਟਿਆ ਹੈ) ਤੋਂ ਦੂਰ ਹੁੰਦੇ ਗਏ। ਵੱਧ ਝਾੜ ਦੇ ਲਾਲਚ ‘ਚ ਕਿਸਾਨ ਆਪਣੀਆਂ ਜ਼ਮੀਨਾਂ ਦੀ ਦੇਹੀ ਰੋਗੀ ਕਰ ਬੈਠੇ।ਸੁਧਰੇ ਬੀਜਾਂ ਤੋਂ ਬਾਅਦ ਹਾਈਬ੍ਰਿਡ ਬੀਜ਼ ਆਏ,ਉਹਨਾਂ ਨੇ ਵੀ ਉਪਜ ਵਧਾਈ ਪਰ ਕੁੱਝ ਸੀਮਤ ਸਮੇਂ ਤੱਕ। ਕਿਸਾਨਾਂ ਨੇ ਵਾਧੂ ਉਪਜ ਨੂੰ ਦੇਖਦੇ ਹੋਏ ਆਪਣੇ ਖਰਚਿਆਂ ‘ਚ ਵਾਧਾ ਕੀਤਾ।ਲਗਜ਼ਰੀ ਜੀਵਨ ਜਿਉਣਾ ਸੁਰੂ ਹੋਇਆ।ਖੇਤਾਂ ਵਿੱਚ ਬਲਦਾਂ,ਬੋਤਿਆਂ ਦੀ ਥਾਂ ਟਰੈਕਟਰ,ਕੰਬਾਈਨ ਤੇ ਹੋਰ ਮਹਿੰਗੀ ਮਸ਼ੀਨਰੀ ਦੀ ਵਰਤੋਂ ਹੋਣ ਲੱਗੀ।ਲੋਕਾਂ ਨੇ ਰੀਸੋ-ਰੀਸੀ ਵੱਡੇ ਟਰੈਕਟਰ ਖਰੀਦਣਾ ਸੁਰੂ ਕੀਤੇ ਜਿੰਨ੍ਹਾਂ ਦੀ ਜ਼ਮੀਨ ਦੀ ਪੈਮਾਇਸ਼ ਅਨੁਸਾਰ ਲੋੜ ਨਹੀਂ ਸੀ।ਖੇਤੀ ਮਸ਼ੀਨਰੀ ਨੇ ਲੇਬਰ ਦੀ ਘਟਾਈ ਕੀਤੀ ਜਿਸ ਕਰਕੇ ਮਜ਼ਦੂਰਾਂ ਦਾ ਕੰਮ ਘੱਟਣ ਲੱਗਿਆ। ਉਹਨਾਂ ਨੇ ਪਿੰਡਾਂ ਤੋਂ ਸ਼ਹਿਰਾਂ ਵੱਲ ਰੁੱਖ ਕੀਤਾ ਜਿੱਥੇ ਉਹ ਮਜ਼ਦੂਰੀ ਦੇ ਨਾਲ-ਨਾਲ ਛੋਟੀ-ਮੋਟੀ ਨੌਕਰੀ ਕਰਨ ਲੱਗੇ।
ਸਿੱਖਿਆ ਦਾ ਪ੍ਰਸਾਰ ਤੇ ਹਰੀ ਕ੍ਰਾਂਤੀ ਅੱਗੜ-ਪਿੱਛੜ ਆਏ।ਪਿੰਡਾਂ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪੜਾਈ-ਲਿਖਾਈ ‘ਚ ਪਾਇਆ ਤੇ ਉਹ ਨੌਕਰੀਆਂ ਕਰਨ ਲੱਗੇ।ਸੋ ਇਸ ਤਰ੍ਹਾਂ ਮਜ਼ਦੂਰ ਵਰਗ ਦਾ ਪਿੰਡਾਂ ਚੋਂ ਸ਼ਹਿਰਾਂ ਵੱਲ ਰੱਖ ਕਰਨਾ ਤੇ ਬੱਚਿਆਂ ਨੇ ਖੇਤੀ ਛੱਡ ਕੇ ਨੌਕਰੀ ‘ਚ ਪੈਣ ਕਾਰਣ ਖੇਤੀ ਦਾ ਪਹਿਲਾਂ ਵਾਲਾ ਸਰੂਪ ਨਾ ਰਿਹਾ ।ਖੇਤੀ ਲਾਹੇਬੰਦ ਤੌਂ ਘਾਟਾ ਦਾ ਸੌਦਾ ਸਮਝੀ ਜਾਣ ਲੱਗੀ।ਸੋ ਇਸ ਕਰਕੇ ਇਹ ਗੱਲ ਵੀ ਕਿਧਰ ਗੁੰਮ ਗਈ ,ਡੂੰਘਾ ਵਾਅ ਲੈ ਹਲ਼ ਵੇ ,ਤੇਰੀ ਘਰੇ ਨੌਕਰੀ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



