ਏਹੁ ਹਮਾਰਾ ਜੀਵਣਾ ਹੈ -153

(ਸਮਾਜ ਵੀਕਲੀ)

ਫੇਸਬੁੱਕ ਅਲੱਗ-ਅਲੱਗ ਉਮਰ, ਔਰਤਾਂ ਅਤੇ ਮਰਦਾਂ ਲਈ ਅਲੱਗ-ਅਲੱਗ ਧਾਰਨਾ ਰੱਖਦੀ ਹੈ।ਛੋਟੀ ਉਮਰ ਦੇ ਬੱਚਿਆਂ ਲਈ ਫ਼ੇਸਬੁੱਕ ਚਲਾਉਣਾ ਕਈ ਵਾਰ ‌‌‌ਖਤਰਨਾਕ ਸਿੱਧ ਹੋ ਸਕਦਾ ਹੈ। ਅੱਲੜ੍ਹਪੁਣੇ ਵਿੱਚ ਕਿਸੇ ਅਜਨਬੀ ਦੇ ਹੱਥੇ ਚੜ੍ਹ ਜਾਣਾ , ਚੈਟ ਕਰਨੀ ਅਤੇ ਫਿਰ ਉਸੇ ਚੈਟ ਦੇ ਅਧਾਰ ਤੇ ਬਲੈਕਮੇਲ ਹੋਣ ਵਰਗੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਣਾ ।ਇਹੋ ਜਿਹੀਆਂ ਘਟਨਾਵਾਂ ਅਕਸਰ ਹੀ ਸਾਡੇ ਸਮਾਜ ਵਿੱਚ ਵਾਪਰਦੀਆਂ ਰਹਿੰਦੀਆਂ ਹਨ।ਕਈ ਵਾਰ ਤਾਂ ਘਰਦਿਆਂ ਤੋਂ ਡਰਦੇ ਬੱਚੇ ਆਪਣੀ ਜਾਨ ਤੱਕ ਵੀ ਦੇ ਦਿੰਦੇ ਹਨ।ਇਹੋ ਜਿਹੇ ਕਿੱਸੇ ਕਹਾਣੀਆਂ ਤਾਂ ਕਈ ਵਾਰ ਵਡੇਰੀ ਉਮਰ ਦੇ ਵਿਅਕਤੀਆਂ ਨਾਲ ਵੀ ਵਾਪਰ ਜਾਂਦੀਆਂ ਹਨ।

ਜਿਸ ਨਾਲ ਅਨੇਕਾਂ ਵਸੇ- ਵਸਾਏ ਘਰ ਮਿੰਟਾਂ ਵਿੱਚ ਉਜੜ ਜਾਂਦੇ ਹਨ। ਕਈ ਨੌਜਵਾਨ ਜੋ ਬਹੁਤ ਗਰੀਬ ਪਰਿਵਾਰਾਂ ਵਿੱਚੋਂ ਆਉਂਦੇ ਹਨ ਉਹ ਆਪਣੇ ਬਹੁਤੇ ਲਾਈਕ ਅਤੇ ਕੁਮੈਂਟਾਂ ਦੀ ਹਵਾ ਵਿੱਚ ਆਪਣੇ ਆਪ ਨੂੰ ਹੀਰੋ ਸਮਝਣ ਲੱਗਦੇ ਹਨ ਪਰ ਮਾਪਿਆਂ ਦੀ ਐਨੀ ਗੁੰਜਾਇਸ਼ ਨਹੀਂ ਹੁੰਦੀ ਕਿ ਓਹਨਾਂ ਦੇ ਫੁੱਕਰਪੁਣੇ ਨੂੰ ਬਲ ਦੇ ਸਕਣ ਅਤੇ ਉਹ ਇਸ ਤੋਂ ਵਿੱਚ ਅਸਮਰਥ ਹੁੰਦੇ ਹਨ, ਜਿਸ ਦਾ ਅੰਜਾਮ ਹਰ ਹਾਲਤ ਵਿੱਚ ਮਾਪਿਆਂ ਨੂੰ ਹੀ ਭੁਗਤਣਾ ਪੈਂਦਾ ਹੈ। ਪਿੱਛੇ ਜਿਹੇ ਇੱਕ ਖ਼ਬਰ ਆਈ ਸੀ ਕਿ ਦੋ ਅੱਲੜ੍ਹ ਉਮਰ ਦੇ ਮੁੰਡਿਆਂ ਨੇ ਆਪਣੇ ਤੀਜੇ ਦੋਸਤ ਦੀ ਇਸ ਲਈ ਜਾਨ ਲੈ ਲਈ ਕਿਉਂਕਿ ਉਸ ਨੂੰ ਫੇਸਬੁੱਕ ਤੇ ਉਹਨਾਂ ਨਾਲੋਂ ਵੱਧ ਲਾਈਕ ਅਤੇ ਕੁਮੈਂਟ ਆਉਂਦੇ ਸਨ। ਫੇਸਬੁੱਕ ਤੇ ਬਹੁਤੇ ਲੋਕ ਆਪਣੀਆਂ ਤਸਵੀਰਾਂ ਫਿਲਟਰ ਕਰਕੇ ਪਾਉਂਦੇ ਹਨ ।

ਕਈ ਵਡੇਰੀ ਉਮਰ ਦੇ ਵਿਅਕਤੀਆਂ ਜਾਂ ਔਰਤਾਂ ਵੱਲੋਂ ਘੱਟ ਉਮਰ ਦੇ ਲੜਕੇ- ਲੜਕੀਆਂ ਨੂੰ ਫੁਸਲਾ ਕੇ ਉਧਾਲ ਕੇ ਲੈਣ ਜਾਣਾ ਵਰਗੀਆਂ ਘਟਨਾਵਾਂ ਵੀ ਆਮ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਸਮੇਂ ਸਮੇਂ ਤੇ ਬੱਚਿਆਂ ਨੂੰ ਸਮਝਾਉਂਦੇ ਰਹਿਣ ਨਾਲ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਅੱਜ ਕੱਲ੍ਹ ਤਾਂ ਖਬਰਾਂ ਸੁਣਨ ਜਾਂ ਦੇਖਣ ਲਈ ਜ਼ਰੂਰੀ ਨਹੀਂ ਹੈ ਕਿ ਟੀ.ਵੀ. ਮੂਹਰੇ ਹੀ ਬੈਠਿਆ ਜਾਵੇ।ਉਹ ਘਾਟ ਵੀ ਫੇਸਬੁੱਕ ਨੇ ਹੀ ਪੂਰੀ ਕਰ ਦਿੱਤੀ ਹੈ।ਹਰ ਤਾਜ਼ੀ ਖ਼ਬਰ ਨਾਲ਼ ਦੀ ਨਾਲ਼ ਫੇਸਬੁੱਕ ਤੇ ਆਪਣੇ ਆਪਣੇ ਪਸੰਦੀਦਾ ਨਿਊਜ਼ ਚੈਨਲਾਂ ਰਾਹੀਂ ਪ੍ਰਕਾਸ਼ਿਤ ਹੋ ਜਾਂਦੀ ਹੈ।ਬਹੁਤੇ ਲੋਕਾਂ ਲਈ ਫ਼ੇਸਬੁੱਕ ਵਰਦਾਨ ਵੀ ਸਿੱਧ ਹੋਈ ਹੈ।

ਜਿਹੜੇ ਕਲਾਕਾਰਾਂ ਨੂੰ ਪੈਸੇ ਦੀ ਕਮੀ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਆਪਣੀ ਕਲਾ ਜਿਵੇਂ ਡਰਾਇੰਗ, ਪੇਂਟਿੰਗ, ਗਾਉਣਾ,ਲਿਖਣਾ ਆਦਿ ਲੋਕਾਂ ਤੱਕ ਪਹੁੰਚਾਉਣ ਵਿੱਚ ਦਿੱਕਤ ਪੇਸ਼ ਆ ਰਹੀ ਹੁੰਦੀ ਹੈ ਉਹ ਲੋਕ ਫੇਸਬੁੱਕ ਰਾਹੀਂ ਆਪਣੀ ਕਲਾ ਦੇ ਨਮੂਨੇ ਪੇਸ਼ ਕਰਕੇ ਵਾਹ ਵਾਹ ਖੱਟ ਲੈਂਦੇ ਹਨ।ਪਰ ਇਸ ਪੱਖ ਦੀ ਦੁਰਵਰਤੋਂ ਉਦੋਂ ਹੁੰਦੀ ਹੈ ਜਦੋਂ ਕਿਸੇ ਦੀ ਕਲਾ ਦੇ ਨਮੂਨੇ ਬੜੀ ਅਸਾਨੀ ਨਾਲ ਚੋਰੀ ਹੋ ਜਾਂਦੇ ਹਨ। ਅਸੀਂ ਇਸ ਗੱਲ ਤੋਂ ਬੇਪਰਵਾਹ ਹੁੰਦੇ ਹਾਂ ਕਿ ਜਿਵੇਂ ਘਰਾਂ ਵਿੱਚ ਸੰਨ੍ਹ ਲਾਉਣ ਵਾਲੇ ਚੋਰ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਹਨ ਬਿਲਕੁਲ ਉਸੇ ਤਰ੍ਹਾਂ ਤੁਹਾਡੀ ਕਲਾ ਚੋਰੀ ਕਰਕੇ ਆਪਣਾ ਨਾਮ ਖੱਟ ਰਹੇ ਹੁੰਦੇ ਹਨ।

ਫੇਸਬੁੱਕ ਨੂੰ ਫੇਸਬੁੱਕ (ਚਿਹਰੇ ਦੀ ਕਿਤਾਬ) ਸਮਝ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ ਨਾ ਕਿ ਫੇਕਬੁੱਕ (ਝੂਠ ਦੀ ਕਿਤਾਬ) ਸਮਝ ਕੇ। ਕਿਸੇ ਵੀ ਚੀਜ਼ ਦੀ ਵਰਤੋਂ ਸਹੀ ਅਤੇ ਗਲਤ ਦੋਵੇਂ ਢੰਗਾਂ ਨਾਲ ਕੀਤੀ ਜਾ ਸਕਦੀ ਹੈ।ਇਹ ਮਨੁੱਖ ਦੇ ਸੁਭਾਅ,ਆਚਰਨ ਅਤੇ ਸੰਸਕਾਰਾਂ ਉੱਤੇ ਨਿਰਭਰ ਕਰਦਾ ਹੈ। ਮਨੁੱਖ ਆਪਣੇ ਜਿਹੋ ਜਿਹੇ ਆਲ਼ੇ ਦੁਆਲ਼ੇ ਵਿੱਚੋਂ ਵਿਚਰਦਾ ਹੈ ਉਸੇ ਤਰ੍ਹਾਂ ਦੀ ਰੰਗਤ ਉਹ ਆਪਣੀ ਫੇਸਬੁੱਕ ਉੱਪਰ ਥੋੜੀ ਜਾਂ ਬਹੁਤੀ, ਜ਼ਰੂਰ ਚਾੜ੍ਹਦਾ ਹੈ।

ਉਸ ਦੁਆਰਾ ਪਸੰਦ ਕੀਤੀਆਂ ਪੋਸਟਾਂ, ਸ਼ਖ਼ਸੀਅਤਾਂ ਅਤੇ ਪੇਜਾਂ ਰਾਹੀਂ ਉਸ ਦਾ ਆਪਣਾ ਵਿਅਕਤੀਤਵ ਜ਼ਰੂਰ ਉੱਭਰ ਕੇ ਸਾਹਮਣੇ ਆਉਂਦਾ ਹੈ। ਪਰ ਜੋ ਵੀ ਮਰਜ਼ੀ ਹੋਵੇ ਫੇਸਬੁੱਕ ਨੂੰ ਆਪਣੀ ਜ਼ਿੰਦਗੀ ਉੱਪਰ ਐਨਾ ਭਾਰੂ ਨਾ ਹੋਣ ਦੇਵੋ ਕਿ ਆਪਣੇ ਅਮਲੀ ਤੇ ਅਸਲੀ ਤੌਰ ਤਰੀਕਿਆਂ ਨੂੰ ਹੀ ਭੁੱਲ ਜਾਵੋ। ਕਿਉਂ ਕਿ ਆਪਣੀ ਜ਼ਿੰਦਗੀ ਦੇ ਅਮਲੀ ਜਾਮੇ ਅਸਲੀਅਤ ਦੀ ਦੁਨੀਆਂ ਵਿੱਚ ਜੀਵਨ ਨਿਰਬਾਹ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਰਾਣੇ ਸਮੇਂ ਤੇ ਪ੍ਰਾਹੁਣੇ
Next articleਪਛਤਾਵਾ