(ਸਮਾਜ ਵੀਕਲੀ)
ਗੁਰਮਨ ਤੇ ਜੋਤੀ ਦੀ ਆਪਸ ਚ ਕਾਫ਼ੀ ਸਾਂਝ ਸੀ। ਦੋਵਾਂ ਦੇ ਵਿਆਹ ਵੀ ਅੱਗੇ -ਪਿੱਛੇ ਹੋਏ । ਪਰ ਵਿਆਹ ਮਗਰੋਂ ਉਹ ਅੱਜ ਦੋ ਸਾਲ ਬਾਅਦ ਪੇਕੇ ਇਕੱਠੀਆਂ ਹੋਈਆਂ। ਸਾਰਿਆਂ ਦਾ ਹਾਲ – ਚਾਲ ਪੁੱਛਣ ਤੋਂ ਬਾਅਦ ਜੋਤੀ ਨੇ ਗੁਰਮਨ ਤੋਂ ਉਸ ਦੀ ਸੱਸ ਦਾ ਹਾਲ ਪੁੱਛਿਆ ਤਾਂ ਚਹਿਕਦੀ ਹੋਈ ਗੁਰਮਨ ਇਕਦਮ ਮੁਰਝਾ ਗਈ।
“ਕੀ ਦੱਸਾਂ ਜੋਤੀ , ਮੇਰੀ ਸੱਸ ਤਾਂ ਮੇਰੀ ਹਰ ਆਏ- ਗਏ ਅੱਗੇ , ਰਿਸ਼ਤੇਦਾਰ, ਤੇ ਆਂਢ ਗੁਆਂਢ ‘ਚ ਮੇਰੀ ਰੱਜ ਕੇ ਬੁਰਾਈ ਕਰਦੀ ਹੈ। ਸਾਰਾ ਕੰਮ ਕਰਨ ਦੇ ਬਾਵਜੂਦ ਵੀ ਇਹੀ ਕਹਿੰਦੀ ਹੈ, ਇਹ ਤਾਂ ਕੁਝ ਨਹੀਂ ਕਰਦੀ । ਸਾਰਾ ਮੈਂ ਹੀ ਕਰਦੀ ਆਂ।” ਤੇ “ਇੱਕ ਦਿਨ ਦਾ ਹੱਦ ਈ ਹੋ ਗਈ ਮੈਂ ਸਾਰਾ ਕੰਮ ਨਿਬੇੜ ਕੇ ਥੱਕੀ ਹੋਣ ਕਾਰਨ ਆਪਣੇ ਉੱਪਰਲੇ ਕਮਰੇ ‘ਚ ਜਾ ਕੇ ਲੇਟ ਗਈ । ਉਧਰੋਂ ਮੇਰੀ ਚਾਚੀ ਸੱਸ ਆ ਗਈ।
ਮੇਰੇ ਬਾਰੇ ਪੁੱਛਣ ਤੇ ਮੇਰੀ ਸੱਸ ਕਹਿੰਦੀ, ” ਕੀ ਦੱਸਾਂ ਸਵੇਰ ਦੀ ਮੰਜੇ ਤੇ ਪਸਰੀ ਪਈ ਏ । ਮੈਨੂੰ ਹੀ ਬੁੱਢੇ ਵਾਰੇ ਸਾਰਾ ਕੰਮ ਕਰਨਾ ਪੈਂਦੇ ……..” ਤੇ ਹੋਰ ਬਹੁਤ ਕੁਝ ਬੁਰਾ ਕਿਹਾ ਉਸਨੇ ਮੇਰੇ ਲਈ । ਅਚਾਨਕ ਉਪਰਲੀ ਪੌੜੀ ਤੋਂ ਉਤਰਦਿਆਂ ਸੱਸ ਦੇ ਇਹ ਚੁੱਭਵੇਂ ਬੋਲ ਸੁਣਦੇ ਹੀ ਮੈਂ ਰੋਣ ਹਾਕੀ ਹੋ ਗਈ ਤੇ ਆਪਣੇ ਕਮਰੇ ‘ਚ ਵਾਪਸ ਜਾ ਕੇ ਬਹੁਤ ਰੋਈ । ‘ਬਸ ਉਸ ਦਿਨ ਤੋਂ ਆਪਾਂ ਸੱਚੀ ਹੀ ਕੰਮ ਘਟਾ ਦਿੱਤਾ । ਆਪੇ ਕਰੇ ਨਾ ਕਰੇ।’
ਹਾਏ ਰੱਬਾ ! ਇਹ ਤਾਂ ਬਹੁਤ ਮਾੜੀ ਗੱਲ ਹੈ। ਪਰ ਮੇਰਾ ਮਾਮਲਾ ਤੇਰੇ ਤੋਂ ਬਿਲਕੁੱਲ ਹੀ ਅਲੱਗ ਹੈ । ਤੈਨੂੰ ਤਾਂ ਪਤਾ ਹੀ ਐ ਮੈਨੂੰ ਸ਼ੁਰੂ ਤੋਂ ਹੀ ਘਰ ਦੇ ਕੰਮਾਂ ਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ । ਜਦ ਵਿਆਹੀ ਗਈ ਸਾਰਾ ਕੰਮ ਸੱਸ ਕਰਦੀ ਤੇ ਮੈਂ ਥੋੜ੍ਹਾ- ਬਹੁਤਾ। ਮੇਰੀ ਸੱਸ ਹਰ ਜੀਅ- ਜੀਅ ਨੂੰ ਇਹੀ ਕਹਿੰਦੀ ‘ਕਿ ਜਦ ਦੀ ਨੂੰਹ ਆਈ ਹੈ ਆਪਣੀ ਤਾਂ ਬਈ ਮੌਜ ਹੋ ਗਈ ।ਸਾਰਾ ਘਰ ਸਾਂਭ ਲਿਆ ਇਸ ਨੇ ।’ ਮਾਤਾ ਦੇ ਬੋਲਾਂ ਨਾਲ ਮੇਰੀਆਂ ਅੱਖਾਂ ਭਿੱਜ ਜਾਂਦੀਆਂ।
ਤੇ ਜਦ ਮੈਂ ਪਿੱਠ ਪਿੱਛੇ ਵੀ ਆਪਣੀਆਂ ਤਾਰੀਫਾਂ ਹੀ ਸੁਣੀਆਂ ਤਾਂ ਸੱਚੀ ਮਨ ਮੇਰਾ ਤਾਂ ਗੱਚ ਹੀ ਭਰ ਆਇਆ ਤੇ ਮੈਂ ਮਨ ‘ਚ ਪੱਕਾ ਫ਼ੈਸਲਾ ਕਰ ਲਿਆ ਕਿ ਹੁਣ ਸਾਰਾ ਕੰਮ ਸਿੱਖ ਕੇ ਮਾਤਾ ਨੂੰ ਸੱਚੀ ਮੌਜਾਂ ਦੇ ਦੇਣੀਆਂ । ਤੇ ਹੁਣ ਮੈਂ ਸੱਚੀ ਸਾਰਾ ਘਰ ਸਾਂਭਿਆ ਹੋਇਆ । “ਵਾਹ ਜੋਤੀ! ਜੇ ਹਰ ਸੱਸ ਇਵੇਂ ਹੀ ਆਪਣੀ ਨੂੰਹ ਨਾਲ ਵਿਹਾਰ ਕਰੇ ਤਾਂ ਅੱਧਿਓਂ ਜ਼ਿਆਦਾ ਘਰਾਂ ਦਾ ਕਲੇਸ਼ ਤਾਂ ਇੰਝ ਹੀ ਮੁੱਕ ਜਾਏ।” ਕਹਿੰਦੀ ਗੁਰਮਨ ਜੋਤੀ ਦੇ ਗਲੇ ਲੱਗ ਗਈ।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ ।
ਫਿਰੋਜ਼ਪੁਰ ਸ਼ਹਿਰ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly