ਗਲਵੱਕੜੀ

(ਸਮਾਜ ਵੀਕਲੀ)

 

ਸਾਹੋ-ਸਾਹੀ ਹੋਏ, ਸੱਜਣ ਜੀ, ਸਾਹੋ-ਸਾਹੀ ਹੋਏ।
ਰਾਤੀਂ ਸਾਡੇ ਖਾਬਾਂ ਦੇ ਵਿੱਚ, ਤਿੱਪ-ਤਿੱਪ ਅੱਥਰੂ ਚੋਏ,
ਸਾਹੋ-ਸਾਹੀ ਹੋਏ, ਸੱਜਣ ਜੀ ਸਾਹੋ-ਸਾਹੀ ਹੋਏ।

ਬਾਹਾਂ ਦੇ ਵਿੱਚ ਜੱਫੀਆਂ ਭਰ ਕੇ, ਘੁੱਟ ਗਲਵੱਕੜੀ ਪਾਈ,
ਇੱਕ ਦੂਜੇ ਦੇ, ਸਿਰ ਚੜ੍ਹ ਰੋ ਰੋ, ਹੋਏ ਹਲ੍ਹਕੇ ਦੋਏ,
ਸੱਜਣ ਜੀ ਸਾਹੋ-ਸਾਹੀ ਹੋਏ।

ਡੁਸਕਨ ਅੱਖੀਆਂ, ਹੁਭਕਣ ਲੱਗੀਆਂ, ਰਾਤ ਦਿਨੇ ਤਨਹਾਈਆਂ,
ਅੱਧੀ ਰਾਤੀਂ ਜੀਅੜਾ ਮੰਗਦਾ, ਕੱਚੇ ਅੰਬ, ਜਮੋਏ।
ਸੱਜਣ ਜੀ ਸਾਹੋ-ਸਾਹੀ ਹੋਏ।

ਨਾ ਸੌਣ ਦਵੇ ਉਨੀਂਦਾ ਸਾਨੂੰ, ਉੱਡਣਾ ਸੱਪ ਖੜੱਪਾ,
ਅੱਧੀ ਰਾਤ ਮੱਥੇ ਨੂੰ ਡੰਗਦਾ, ਨਾ ਜਿਉੰਦੇ ਨਾ ਮੋਏ,
ਸੱਜਣ ਜੀ ਸਾਹੋ-ਸਾਹੀ ਹੋਏ।

ਲਾਲੜ੍ਹੀਆਂ ਦੇ ਪਿੰਡ ਅਸੀਂ ਹਾਂ, ਰਹਿੰਦੇ ਕਰਮਾਂ ਵਾਲੇ,
ਕਾਹੀਂ ਦੱਭ ਖਸੁੱਸਰਾ ਸਾਰਾ, ਪੁੱਟ ਪੁੱਟ ਸੁੱਟਿਆ ਟੋਏ,
ਸੱਜਣ ਜੀ ਸਾਹੋ-ਸਾਹੀ ਹੋਏ।

ਤੇਰੇ ਖ਼ਾਬ ਅਧੂਰੇ ਅੜਿਆ, ਦੱਸ ਖਾਂ ਕੀਕਣ ਪੂਰਾਂ,
ਤੇਰੀ ਯਾਦ ਉਨੀਂਦਾ ਸਾਡਾ, ਚੁੰਮ-ਚੁੰਮ ਅੱਖੀਆਂ ਰੋਏ,
ਸੱਜਣ ਜੀ ਸਾਹੋ-ਸਾਹੀ ਹੋਏ।

ਤੇਰੀ ਯਾਦ ਦੇ ਸੁਰਖ਼ ਬੁੱਲ੍ਹਾਂ ਨੇ, ਮੇਰੀ ਗੱਲ੍ਹ ਨੂੰ ਚੁੰਮਿਆ,
ਸ਼ਰਮ-ਹਯਾ ਵਿਚ ਅੱਖੀਆਂ ਡੁੱਬੀਆਂ, ਬੁੱਕ ਵਿੱਚ ਮੁੱਖ ਲਕੋਏ,
ਸੱਜਣ ਜੀ ਸਾਹੋ-ਸਾਹੀ ਹੋਏ।

ਅੱਕੇ-ਦੱਧੇ, ਚਾਅ ਕੁਆਰੇ, ਮੰਗਦੇ ਸੀ ਮੁਕਲਾਵਾ,
ਰਾਤੀਂ ਹਿੱਕੜੀ ‘ਤੇ ਸਿਰ ਧਰ ਕੇ ਸਦੀਆਂ ਮਗਰੋਂ ਸੋਏ
ਸੱਜਣ ਜੀ ਸਾਹੋ-ਸਾਹੀ ਹੋਏ।

ਗਰਮੋ-ਗਰਮੀ ਗਹਿ-ਗੱਚ ਹੋ ਕੇ, ਰਲ-ਮਿਲ ਆਟਾ ਗੋਇਆ,
ਹੁੱਬ ਵਸਲ ਦੀ ਭੁੱਖਣ-ਭਾਣੀ, ਬੁਰਕੀ ਬੁਰਕੀ ਤੋਏ,
ਸੱਜਣ ਜੀ ਸਾਹੋ-ਸਾਹੀ ਹੋਏ।

‘ਜਮੀਲ’ ਜ਼ਮਾਨੇ ਪਹਿਰਾ ਧਰਿਆ, ਪਨਘਟ ਜਮਘਟ ਬਣਿਆ,
ਰਗੜ ਰਗੜ ਕੇ ਜਦ ‘ਅਬਦਾਲੀ’ ਲੀੜੇ ਮਨ ਦੇ ਧੋਏ।
ਸੱਜਣ ਜੀ ਸਾਹੋ-ਸਾਹੀ ਹੋਏ।
ਸਾਹੋ-ਸਾਹੀ ਹੋਏ, ਸੱਜਣ ਜੀ ਸਾਹੋ-ਸਾਹੀ ਹੋਏ।

ਜਮੀਲ ‘ਅਬਦਾਲੀ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਬੋਲ