ਸ੍ਰੀਲੰਕਾ ਵਿੱਚ ਐਮਰਜੈਂਸੀ ਲਾਗੂ

ਛੇ ਭਾਰਤੀਆਂ ਸਣੇ ਮ੍ਰਿਤਕਾਂ ਦੀ ਗਿਣਤੀ 290 ਹੋਈ;
ਸਰਕਾਰ ਨੇ ਕੌਮਾਂਤਰੀ ਨੈੱਟਵਰਕ ਵੱਲ ਉਂਗਲ ਉਠਾਈ

ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਸੱਤ ਆਤਮਘਾਤੀ ਬੰਬਾਰਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਰਾਜਧਾਨੀ ਕੋਲੰਬੋ ਦੇ ਗਿਰਜਾ ਘਰਾਂ ਤੇ ਲਗਜ਼ਰੀ ਹੋਟਲਾਂ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਵਿਚ ਮ੍ਰਿਤਕਾਂ ਦੀ ਗਿਣਤੀ 290 ਤੱਕ ਪਹੁੰਚ ਗਈ ਹੈ ਜਦਕਿ 500 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿਚ ਛੇ ਭਾਰਤੀ ਸ਼ਾਮਲ ਹਨ। ਮੁਲਕ ਵਿਚ ਸੋਮਵਾਰ ਰਾਤ ਤੋਂ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਬੰਬਾਰਾਂ ਦੇ ਕਿਸੇ ਕੌਮਾਂਤਰੀ ਨੈੱਟਵਰਕ ਨਾਲ ਜੁੜਨ ਹੋਣ ਬਾਰੇ ਕਿਹਾ ਹੈ। ਸੇਂਟ ਐਂਥਨੀ, ਸੇਂਟ ਸੇਬੈਸਟੀਅਨ ਤੇ ਜ਼ਿਓਨ ਗਿਰਜਾ ਘਰਾਂ, ਸ਼ਾਂਗਰੀ-ਲਾ, ਸਿਨੈਮਨ ਗਰੈਂਡ ਤੇ ਕਿੰਗਜ਼ਬਰੀ ਹੋਟਲਾਂ ਵਿਚ ਹੋਏ ਇਨ੍ਹਾਂ ਧਮਾਕਿਆਂ ਦੀ ਹਾਲੇ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲੀਸ ਨੇ 24 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੋਟਲਾਂ ਵਿਚ ਹਮਲੇ ਲਈ ਧਮਾਕਾਖੇਜ਼ ਸਮੱਗਰੀ ਵੈਨ ਵਿਚ ਲੱਦ ਕੇ ਲਿਆਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਕ ਕੱਟੜ ਮੁਸਲਿਮ ਗਰੁੱਪ- ਨੈਸ਼ਨਲ ਤੌਹੀਦ ਜਮਾਤ ਵੱਲੋਂ ਗਿਰਜਾ ਘਰਾਂ ’ਤੇ ਹਮਲਾ ਕਰਨ ਬਾਰੇ ਖ਼ੁਫੀਆ ਏਜੰਸੀਆ ਨੂੰ ਜਾਣਕਾਰੀ ਸੀ। ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਕਿਹਾ ਕਿ ਖ਼ੁਫੀਆ ਰਿਪੋਰਟ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ ਮੈਤਰੀਪਲਾ ਸ੍ਰੀਸੇਨਾ ਨੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕੋਲੰਬੋ ਕੌਮਾਂਤਰੀ ਹਵਾਈ ਅੱਡੇ ਨੇੜਿਓਂ ਵੀ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਸ੍ਰੀਲੰਕਾ ਵਿਚ ਸੋਮਵਾਰ ਨੂੰ ਕਰਫ਼ਿਊ ਹਟਾ ਲਿਆ ਗਿਆ।

Previous articleਪਹਿਲੇ ਦਿਨ ਅੱਠ ਨਾਮਜ਼ਦਗੀਆਂ
Next article‘ਚੌਕੀਦਾਰ ਚੋਰ ਹੈ’: ਰਾਹੁਲ ਨੇ ਅਦਾਲਤ ਵਿਚ ‘ਪਛਤਾਵਾ’ ਜ਼ਾਹਰ ਕੀਤਾ