‘ਚੌਕੀਦਾਰ ਚੋਰ ਹੈ’: ਰਾਹੁਲ ਨੇ ਅਦਾਲਤ ਵਿਚ ‘ਪਛਤਾਵਾ’ ਜ਼ਾਹਰ ਕੀਤਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੁਪਰੀਮ ਕੋਰਟ ਵਿਚ ਆਪਣੀ ਰਾਫਾਲ ਮਾਮਲੇ ਬਾਰੇ ਕੀਤੀ ਟਿੱਪਣੀ ’ਤੇ ‘ਪਛਤਾਵਾ’ ਕਰਦਿਆਂ ਕਿਹਾ ਕਿ ‘ਚੋਣ ਪ੍ਰਚਾਰ ਦੀ ਗਰਮਾ-ਗਰਮੀ ਵਿਚ’ ਉਨ੍ਹਾਂ ਕੋਲੋਂ ਇਹ ਬਿਆਨ ਦੇ ਹੋ ਗਿਆ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਹੁਲ ਦੀ ਟਿੱਪਣੀ ਵਿਚ ‘ਸਿਖ਼ਰਲੀ ਅਦਾਲਤ ਨੂੰ ਗਲਤ ਢੰਗ ਨਾਲ ਪੇਸ਼’ ਕੀਤਾ ਗਿਆ ਹੈ। ਸਿਖ਼ਰਲੀ ਅਦਾਲਤ ਨੇ 15 ਅਪਰੈਲ ਨੂੰ ਕਿਹਾ ਸੀ ਕਿ ਰਾਫਾਲ ਮਾਮਲੇ ਵਿਚ ਅਦਾਲਤ ਵੱਲੋਂ ਸੁਣਾਏ ਗਏ ਕਿਸੇ ਵੀ ਫ਼ੈਸਲੇ ’ਚ ਸੁਪਰੀਮ ਕੋਰਟ ਨੇ ਅਜਿਹਾ ਕੁਝ ਨਹੀਂ ਬਿਆਨਿਆ ਜਿਸ ਦਾ ਇਹ ਮਤਲਬ ਕੱਢਿਆ ਜਾਵੇ ਕਿ ‘ਚੌਕੀਦਾਰ ਨਰਿੰਦਰ ਮੋਦੀ ਚੋਰ ਹੈ’, ਜਿਵੇਂ ਕਿ ਗਾਂਧੀ ਨੇ ਆਪਣੇ ਬਿਆਨ ਵਿਚ ਅਦਾਲਤ ਦਾ ਹਵਾਲਾ ਦਿੰਦਿਆਂ ਕਿਹਾ ਹੈ। ਅਦਾਲਤ ਨੇ ਰਾਹੁਲ ਗਾਂਧੀ ਨੂੰ 22 ਅਪਰੈਲ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ। ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਖ਼ਿਲਾਫ਼ ਅਦਾਲਤ ਦੀ ਤੌਹੀਨ ਕਰਨ ਦੀ ਪਟੀਸ਼ਨ ਦਾਖ਼ਲ ਕੀਤੀ ਸੀ। ਲੇਖੀ ਦੀ ਪਟੀਸ਼ਨ ’ਤੇ ਸੁਣਵਾਈ ਭਲਕੇ ਹੋਵੇਗੀ। ਗਾਂਧੀ ਨੇ ਜਵਾਬੀ ਹਲਫ਼ਨਾਮੇ ਵਿਚ ਕਿਹਾ ਹੈ ਕਿ ਉਨ੍ਹਾਂ ਦਾ ਬਿਆਨ ‘ਨਿਰੋਲ ਸਿਆਸੀ’ ਹੈ ਤੇ ਉਨ੍ਹਾਂ ਇਹ ਸੀਨੀਅਰ ਭਾਜਪਾ ਆਗੂਆਂ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ‘ਗੁਮਰਾਹਕੁਨ ਪ੍ਰਚਾਰ’ ਦਾ ਟਾਕਰਾ ਕਰਨ ਲਈ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 14 ਦਸੰਬਰ ਦੇ ਅਦਾਲਤੀ ਫ਼ੈਸਲੇ ਨਾਲ ਮੋਦੀ ਸਰਕਾਰ ਨੂੰ ਰਾਫਾਲ ਮਾਮਲੇ ’ਤੇ ‘ਕਲੀਨ ਚਿੱਟ’ ਮਿਲ ਗਈ ਹੈ। ਉਨ੍ਹਾਂ ਇਸ ਲਈ ਪ੍ਰਧਾਨ ਮੰਤਰੀ ਦੀ ਇਕ ਇੰਟਰਵਿਊ ਦਾ ਵੀ ਹਵਾਲਾ ਦਿੱਤਾ। ਰਾਹੁਲ ਨੇ ਕਿਹਾ ਕਿ ਬਿਆਨ ‘ਜਾਣਬੁੱਝ’ ਕੇ ਨਹੀਂ ਦਿੱਤਾ ਤੇ ਉਹ ਸੁਪਰੀਮ ਕੋਰਟ ਦਾ ਬੇਹੱਦ ਸਤਿਕਾਰ ਕਰਦੇ ਹਨ।

Previous articleਸ੍ਰੀਲੰਕਾ ਵਿੱਚ ਐਮਰਜੈਂਸੀ ਲਾਗੂ
Next articleਕੈਪਟਨ ਦੀ ਜੱਫੀ ਨੇ ਕੇਪੀ ਦੇ ਗਿਲੇ-ਸ਼ਿਕਵੇ ਕੀਤੇ ਦੂਰ