ਸ਼ੁੱਧ ਪੰਜਾਬੀ ਕਿਵੇਂ ਲਿਖੀਏ?

(ਸਮਾਜ ਵੀਕਲੀ)

ਪਰ, ਪਰਿ ਅਤੇ ਪ੍ਰ ਅਗੇਤਰਾਂ ਦੇ ਅਰਥ ਅਤੇ ਉਹਨਾਂ ਤੋਂ ਬਣੇ ਕੁਝ ਸ਼ਬਦ

ਪਰ, ਪਰਿ ਅਤੇ ਪਰ ਪੰਜਾਬੀ ਦੇ ਤਿੰਨ ਸਜਾਤੀ ਅਗੇਤਰ ਹਨ। ਇਹਨਾਂ ਅਗੇਤਰਾਂ ਨੂੰ ਸਜਾਤੀ ਅਗੇਤਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਪ ਤੇ ਰ ਦੀਆਂ ਦੋ ਧੁਨੀਆਂ ਆਪਸ ਵਿੱਚ ਸਾਂਝੀਆਂ ਹਨ ਅਤੇ ਧੁਨੀਆਂ ਦੀ ਇਸ ਸਾਂਝ ਕਾਰਨ ਹੀ ਇਹਨਾਂ ਅਗੇਤਰਾਂ ਦੇ ਅਰਥਾਂ ਵਿੱਚ ਭਾਵੇਂ ਥੋੜ੍ਹਾ ਪਰ ਮਹੱਤਵਪੂਰਨ ਅੰਤਰ ਹੈ। ਇਹਨਾਂ ਅਗੇਤਰਾਂ ਦੀ ਵਰਤੋਂ ਕਰਦਿਆਂ ਅਸੀਂ ਕਈ ਵਾਰ ਇਹਨਾਂ ਨਾਲ਼ ਬਣੇ ਸ਼ਬਦਾਂ ਵਿੱਚ ਸਹੀ ਅਗੇਤਰ ਦੀ ਵਰਤੋਂ ਕਰਨ ਸੰਬੰਧੀ ਭੁਲੇਖਾ ਖਾ ਜਾਂਦੇ ਹਾਂ ਤੇ ਇਸੇ ਅਣਗਹਿਲੀ ਕਾਰਨ ਅਸੀਂ ਪ੍ਰਚਲਿਤ ਸ਼ਬਦ ਨੂੰ ਪਰਚਲਿਤ, ਪਰੀਖਿਆ ਨੂੰ ਪ੍ਰੀਖਿਆ, ਪਰਿਵਾਰ ਨੂੰ ਪ੍ਰੀਵਾਰ ਅਤੇ ਪਰਿਭਾਸ਼ਾ ਨੂੰ ਪ੍ਰੀਭਾਸ਼ਾ ਆਦਿ ਲਿਖ ਦਿੰਦੇ ਹਾਂ ਜਿਸ ਕਾਰਨ ਅਸੀਂ ਇਹਨਾਂ ਸ਼ਬਦਾਂ ਦੇ ਅਰਥਾਂ ਦਾ ਜਾਣੇ-ਅਨਜਾਣੇ ਵਿੱਚ ਅਨਰਥ ਕਰ ਬੈਠਦੇ ਹਾਂ ਪਰ ਇਸ ਦੇ ਉਲਟ ਜੇਕਰ ਸਾਨੂੰ ਇਹਨਾਂ ਅਗੇਤਰਾਂ ਦੇ ਅਰਥਾਂ ਦਾ ਪਤਾ ਹੋਵੇਗਾ ਤਾਂ ਅਸੀਂ ਕਦੇ ਵੀ ਅਜਿਹੀ ਕੁਤਾਹੀ ਨਹੀਂ ਵਰਤਾਂਗੇ ਅਤੇ ਹਮੇਸ਼ਾਂ ਸੰਬੰਧਿਤ ਸ਼ਬਦ ਵਿੱਚ ਉਸ ਦੇ ਲੁੜੀਂਦੇ ਅਰਥਾਂ ਅਨੁਸਾਰ ਸਹੀ ਅਤੇ ਢੁਕਵਾਂ ਅਗੇਤਰ ਹੀ ਇਸਤੇਮਾਲ ਕਰਾਂਗੇ। ਇਹਨਾਂ ਅਗੇਤਰਾਂ ਦੀ ਮਦਦ ਨਾਲ਼ ਹਿੰਦੀ/ਪੰਜਾਬੀ ਅਤੇ ਸੰਸਕ੍ਰਿਤ ਸਮੇਤ ਕਈ ਹੋਰ ਉੱਤਰ-ਭਾਰਤੀ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਦੀ ਵਿਉਤਪਤੀ ਹੋਈ ਹੈ।

ਇਹਨਾਂ ਤਿੰਨ ਸਜਾਤੀ ਅਗੇਤਰਾਂ ਵਿੱਚੋਂ ਪਹਿਲਾ ਅਗੇਤਰ ਹੈ- ਪਰ।ਇਸ ਅਗੇਤਰ ਦੇ ਅਰਥ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ- ਪਰਾਇਆ, ਦੂਜਾ, ਕੋਈ ਹੋਰ, ਜਿਵੇਂ: ਪਰਦੇਸ (ਦੂਜਾ ਜਾਂ ਬੇਗਾਨਾ ਦੇਸ), ਪਰਲੋਕ (ਦੂਜਾ ਲੋਕ/ ਇਸ ਦੁਨੀਆ ਤੋਂ ਅਲੱਗ ਕੋਈ ਦੂਜੀ ਦੁਨੀਆ), ਪਰਾਧੀਨ (ਪਰ+ਅਧੀਨ= ਕਿਸੇ ਦੂਜੇ ਦੇ ਅਧੀਨ), ਪਰਵਾਸ (ਦੂਜੀ ਥਾਂ ਜਾ ਕੇ ਵੱਸ ਜਾਣਾ) ਆਦਿ। ਇਸੇ ਅਗੇਤਰ ਨਾਲ਼ ਬਣਨ ਵਾਲ਼ੇ ਕੁਝ ਹੋਰ ਸ਼ਬਦ ਹਨ: ਪਰਨਾਰੀ, ਪਰਉਪਕਾਰ, ਪਰਧਨ,ਪਰਵੱਸ ਆਦਿ। ਪਰਛਾਂਵਾਂ ਸ਼ਬਦ ਭਾਵੇਂ ਸੰਸਕ੍ਰਿਤ ਭਾਸ਼ਾ ਦੇ ਪ੍ਰਤਿਛਾਯਾ ਅਤੇ ਹਿੰਦੀ ਦੇ ਪ੍ਰਛਾਈਂ ਆਦਿ ਸ਼ਬਦਾਂ ਤੋਂ ਬਣਿਆ ਹੋਇਆ ਹੈ ਪਰ ਪੰਜਾਬੀ ਵਿੱਚ ਇਸ ਨੂੰ ਪੂਰੇ ਰਾਰੇ ਨਾਲ਼ ਹੀ ਲਿਖਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਫ਼ਾਰਸੀ ਭਾਸ਼ਾ ਤੋਂ ਆਏ ਸ਼ਬਦ ‘ਪਰਵਾ’ (ਪਰਵਾਹ, ਚਿੰਤਾ, ਫ਼ਿਕਰ, ਤਵੱਜੋ ਆਦਿ) ਨੂੰ ਵੀ ਪੰਜਾਬੀ ਵਿੱਚ ਪੂਰੇ ਰਾਰੇ ਨਾਲ਼ ਅਤੇ ਅੰਤ ਵਿੱਚ ਹਾਹਾ ਪਾ ਕੇ ਯਾਅਨੀ ‘ਜਿਵੇਂ ਬੋਲੋ, ਤਿਵੇਂ ਲਿਖੋ’ ਦੇ ਨਿਯਮ ਅਨੁਸਾਰ ‘ਪਰਵਾਹ’ ਦੇ ਤੌਰ ‘ਤੇ ਹੀ ਲਿਖਣਾ ਹੈ। ‘ਪਰਾਹੁਣਾ’ ਸ਼ਬਦ ਵੀ ਭਾਵੇਂ ਹਿੰਦੀ ਭਾਸ਼ਾ ਦੇ ‘ਪਾਹੁਨਾ’ ਸ਼ਬਦ ਤੋਂ ਹੀ ਵਿਕਸਿਤ ਹੋਇਆ ਹੈ ਪਰ ਪੰਜਾਬੀ ਵਿੱਚ ਇਸ ਨੂੰ ਵੀ ਪੂਰੇ ਰਾਰੇ ਨਾਲ਼ ਹੀ ਲਿਖਿਆ ਜਾਣਾ ਹੈ। ਇਸੇ ਤਰ੍ਹਾਂ ਪਰਨਾਲ਼ਾ ਸ਼ਬਦ ਜੋਕਿ ਸੰਸਕ੍ਰਿਤ ਦੇ ‘ਪ੍ਰਣਾਲ+ਆ’ ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੈ, ਨੂੰ ਵੀ ‘ਪਰਨਾਲ਼ਾ’ ਅਰਥਾਤ ਪੂਰੇ ਰਾਰੇ ਨਾਲ਼ ਹੀ ਲਿਖਣ ਦੀ ਸਿਫ਼ਾਰਸ਼ ਕੀਤੀ ਗਈ ਹੈ।

ਉਪਰੋਕਤ ਅਗੇਤਰਾਂ ਵਿੱਚੋਂ ਦੂਜਾ ਅਗੇਤਰ ਹੈ- ਪਰਿ। ਇਸ ਦੇ ਮੁੱਖ ਅਰਥ ਹਨ: ਚਾਰੇ ਪਾਸਿਓਂ ਜਾਂ ਹਰ ਪੱਖੋਂ, ਜਿਵੇ: ਪਰਿਸਥਿਤੀ (ਪਰਿ+ਸਥਿਤੀ)- ਆਲ਼ੇ-ਦੁਆਲ਼ੇ ਦੇ ਹਾਲਾਤ; ਪਰਿਕਰਮਾ- ਕਿਸੇ ਚੀਜ਼ ਜਾਂ ਆਪਣੇ ਇਸ਼ਟ ਦੇ ਆਲੇ-ਦੁਆਲ਼ੇ ਕਦਮ ਪੁੱਟਣੇ; ਪਰਿਪੂਰਨ- ਆਲ਼ੇ- ਦੁਆਲ਼ਿਓਂ ਭਾਵ ਹਰ ਪੱਖੋਂ ਮੁਕੰਮਲ, ਪਰਿਪੱਕ- ਹਰ ਪੱਖੋਂ ਪੱਕਿਆ ਹੋਇਆ, ਪੂਰੀ ਤਰ੍ਹਾਂ ਤਿਆਰ; ਪਰਿਭਾਸ਼ਾ- ਕਿਸੇ ਚੀਜ਼ ਜਾਂ ਵਿਸ਼ੇ ਆਦਿ ਸੰਬੰਧੀ ਗਿਆਨ ਨੂੰ ਹਰ ਪੱਖੋਂ ਮੁਕੰਮਲ ਤੌਰ ‘ਤੇ ਭਾਸ਼ਾ ਵਿੱਚ ਬੰਨ੍ਹਣਾ।

ਹਿੰਦੀ ਵਿੱਚ ਇਸ ਅਗੇਤਰ ਨਾਲ਼ ਕਈ ਨਵੇਂ-ਨਵੇਂ ਸ਼ਬਦ ਵੀ ਘੜੇ ਜਾ ਰਹੇ ਹਨ, ਜਿਵੇਂ: ਪਰਿਦ੍ਰਿਸ਼ਯ: ਕਿਸੇ ਥਾਂ ਦੇ ਆਲ਼ੇ-ਦੁਆਲ਼ੇ ਦਾ ਦ੍ਰਿਸ਼; ਪਰਿਜਨ: ਕਿਸੇ ਪਰਿਵਾਰਿਕ ਇਕਾਈ ਨਾਲ਼ ਸੰਬੰਧਿਤ ਪਰਿਵਾਰ ਦੇ ਸਾਰੇ ਜੀਅ; ਪਰਿਵਹਿਨ: ਕਿਸੇ ਵਿਸ਼ੇਸ਼ ਸਥਾਨ ਦੇ ਆਲ਼ੇ-ਦੁਆਲ਼ੇ ਦੇ ਖੇਤਰ ਵਿੱਚ ਚੱਲਣ ਵਾਲਾ/ਵਾਲ਼ੇ ਵਾਹਨ, ਜਿਵੇਂ: ਹਿਮਾਚਲ ਪਰਿਵਹਿਨ, ਹਰਿਆਣਾ ਪਰਿਵਹਿਨ ਆਦਿ ਪਰ ਪੰਜਾਬੀ ਵਿੱਚ ਇਸ ਪੱਖੋਂ ਪੂਰੀ ਤਰ੍ਹਾਂ ਖਡ਼ੋਤ ਆਈ ਜਾਪਦੀ ਹੈ। ‘ਪਰਿ’ ਅਗੇਤਰ ਦੇ ਸੰਬੰਧ ਵਿੱਚ ਇੱਕ ਦਿਲਚਸਪ ਗੱਲ ਇਹ ਹੈ ਕਿ ਵਿਦਿਆਰਥੀਆਂ ਦੇ ਇਮਤਿਹਾਨਾਂ ਨਾਲ਼ ਸੰਬੰਧਿਤ ਸ਼ਬਦ ‘ਪਰੀਖਿਆ’ (ਪਰਿ+ਈਖਿਆ) ਵੀ ਇਸੇ ਅਗੇਤਰ ‘ਪਰਿ’ ਤੋਂ ਹੀ ਬਣਿਆ ਹੋਇਆ ਹੈ। ਇਸ ਦੇ ਮੂਲ ਰੂਪ ਅਰਥਾਤ ਸੰਸਕ੍ਰਿਤ ਭਾਸ਼ਾ ਵਿੱਚ ਇਸ ਸ਼ਬਦ ਦੀ ਵਿਉਤਪਤੀ ਪਰਿ+ਈਕਸ਼ਾ (ਅਕਸ਼ਿ ਅਰਥਾਤ ਅੱਖ ਤੋਂ ਬਣਿਆ) ਸ਼ਬਦ-ਜੁੱਟ ਤੋਂ ਹੋਈ ਹੈ, ਪ੍ਰ+ਈਕਸ਼ਾ ਜਾਂ ਪ੍ਰ+ਈਖਿਆ ਤੋਂ ਨਹੀਂ।

ਇਸੇ ਕਾਰਨ ਇਸ ਸ਼ਬਦ ਦਾ ਸ਼ੁੱਧ ਸ਼ਬਦ-ਰੂਪ ‘ਪਰੀਖਿਆ’ ਹੈ ਨਾਕਿ ਪ੍ਰੀਖਿਆ। ਪਰੀਕਸ਼ਾ/ ਪਰੀਖਿਆ ਸ਼ਬਦਾਂ ਵਿੱਚੋਂ ਈਕਸ਼ਾ ਸ਼ਬਦ ਸੰਸਕ੍ਰਿਤ ਦੇ ਅਕਸ਼ਿ ਅਤੇ ਪਰੀਖਿਆ ਸ਼ਬਦ ਪੰਜਾਬੀ ਦੇ ਅੱਖ ਸ਼ਬਦ ਤੋਂ ਬਣਿਆ ਹੋਇਆ ਹੈ। ਇਸ ਪ੍ਰਕਾਰ ਇਹਨਾਂ ਸ਼ਬਦਾਂ ਦੇ ਅਰਥ ਹਨ- ਕਿਸੇ ਵਿਸ਼ੇ ਦੇ ਹਰ ਪੱਖ ਬਾਰੇ ਕਿਸੇ ਵਿਅਕਤੀ ਦੇ ਨਜ਼ਰੀਏ ਜਾਂ ਦ੍ਰਿਸ਼ਟੀਕੋਣ ਨੂੰ ਜਾਣਨਾ ਜਾਂ ਪਰਖ ਕਰਨੀ। ਇਸੇ ਕਾਰਨ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿੱਚ ਵੀ ਇਸ ਸ਼ਬਦ ਨੂੰ ‘ਪਰੀਕਸ਼ਾ’ ਭਾਵ ਪੂਰੇ ਰਾਰੇ ਨਾਲ਼ ਹੀ ਲਿਖਿਆ ਜਾਂਦਾ ਹੈ, ਦੁੱਤ ਅੱਖਰ ਰਾਰੇ ਨਾਲ਼ ਨਹੀਂ। ਇਸ ਅਗੇਤਰ ਨਾਲ਼ ਬਣੇ ਕੁਝ ਹੋਰ ਸ਼ਬਦ ਹਨ- ਪਰਿਮਾਣ, ਪਰਿਣਾਮ, ਪਰਿਪਾਟੀ, ਪਰਿਪੇਖ, ਪਰਿਮਾਪ, ਪਰਿਹਾਸ (ਹਾਸ-ਪਰਿਹਾਸ), ਪਰਿਵਾਰ, ਪਰਿਤਿਆਗ, ਪਰਿਵਰਤਨ ਆਦਿ।

ਉਪਰੋਕਤ ਤਿੱਕੜੀ ਵਿੱਚੋਂ ਤੀਜਾ ਤੇ ਆਖ਼ਰੀ ਅਗੇਤਰ ਹੈ- ਪ੍ਰ। ਇਸ ਅਗੇਤਰ ਦਾ ਅਰਥ ਹੈ- ਅੱਗੇ ਵੱਲ, ਚਾਰ-ਚੁਫੇਰੇ ਅਰਥਾਤ ਦੂਰ-ਦੂਰ ਤੱਕ, ਜਿਵੇਂ: ਪ੍ਰਚਲਿਤ (ਪ੍ਰ+ਚਲਿਤ): ਕਿਸੇ ਚੀਜ਼ ਦਾ ਦੂਰ-ਦੂਰ ਤੱਕ ਚੱਲ ਨਿਕਲ਼ਨਾ; ਪ੍ਰਸਿੱਧ (ਕਿਸੇ ਚੀਜ਼ ਦਾ ਦੂਰ-ਦੂਰ ਤੱਕ ਸਿੱਧ ਅਰਥਾਤ ਸਾਬਤ ਹੋ ਜਾਣਾ; ਪ੍ਰਵਾਹ: ਕਿਸੇ ਨਦੀ ਜਾਂ ਦਰਿਆ ਆਦਿ ਦੇ ਪਾਣੀ ਦਾ ਵਹਾਅ ਜਾਂ ਕਿਸੇ ਲੰਗਰ ਜਾਂ ਭੰਡਾਰੇ ਆਦਿ ਦਾ ਚੱਲਣਾ। ਇਸੇ ਤਰ੍ਹਾਂ ਕੁਝ ਹੋਰ ਸ਼ਬਦ, ਜਿਵੇਂ: ਪ੍ਰਵੇਸ਼ (ਦਾਖ਼ਲ ਹੋਣਾ), ਪ੍ਰਵਕਤਾ (ਚੰਗੀ ਤਰ੍ਹਾਂ ਸੋਚ-ਸਮਝ ਕੇ ਗੱਲ ਕਹਿਣ ਵਾਲ਼ਾ) ਪ੍ਰਵਾਨ, ਪ੍ਰਨਾਮ, ਪ੍ਰਯੋਗ, ਪ੍ਰਕਿਰਤੀ, ਪ੍ਰਕਿਰਿਆ, ਪ੍ਰਯੋਜਨ, ਪ੍ਰਮੁੱਖ, ਪ੍ਰਮਾਣ, ਪ੍ਰਬੁੱਧ, ਪ੍ਰਸ਼ਾਸਨ, ਪ੍ਰਗਤੀ,ਪ੍ਰਚਾਰ, ਪ੍ਰਪੰਚ, ਆਦਿ ਵੀ ‘ਪ੍ਰ’ ਅਗੇਤਰ ਨਾਲ਼ ਹੀ ਬਣੇ ਹੋਏ ਹਨ।

ਸੋ, ਉਪਰੋਕਤ ਵਿਚਾਰ-ਚਰਚਾ ਤੋਂ ਸਪਸ਼ਟ ਹੈ ਕਿ ਇਹਨਾਂ ਤਿੰਨਾਂ ਸਜਾਤੀ ਅਗੇਤਰਾਂ ਨਾਲ਼ ਬਣੇ ਹੋਏ ਸ਼ਬਦਾਂ ਵਿੱਚ ਸਾਨੂੰ ਹਮੇਸ਼ਾਂ ਸਹੀ ਅਤੇ ਢੁਕਵੇਂ ਅਗੇਤਰ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂਜੋ ਇਸ ਸੰਬੰਧ ਵਿੱਚ ਹੋਣ ਵਾਲ਼ੀਆਂ ਬੇਲੋੜੀਆਂ ਗ਼ਲਤੀਆਂ ਅਤੇ ਕੁਤਾਹੀਆਂ ਤੋਂ ਬਚਿਆ ਜਾ ਸਕੇ। ਅਜਿਹਾ ਕਰਨ ਨਾਲ਼ ਬਿਨਾਂ ਸ਼ੱਕ ਅਸੀਂ ਆਪਣੀ ਲਿਖਤ ਨੂੰ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ, ਸੁੰਦਰ ਅਤੇ ਦੋਸ਼-ਮੁਕਤ ਬਣਾ ਸਕਦੇ ਹਾਂ।

ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਗ
Next articleਗ਼ਜ਼ਲ