ਇਨਕਲਾਬੀ ਨਾਟਕਾਂ ਅਤੇ ਜਾਦੂ ਸ਼ੋਅ ਨੇ ਦਰਸ਼ਕ ਕੀਲੇ
ਬਨੂੰੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) – ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਪਿੰਡ ਘੜਾਮਾਂ ਵਿਖੇ ਸ਼ਹੀਦ ਊਧਮ ਸਿੰਘ ਜੀ ਅਤੇ ਬਾਬਾ ਸੋਹਣ ਸਿੰਘ ਭਕਨਾ ਜੀ ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਕਰਵਾਏ ਗਏ ਇਨਕਲਾਬੀ ਸਮਾਗਮ ਨੇ ਦਰਸ਼ਕਾਂ ਦੇ ਮਨਾ ‘ਤੇ ਡੂੰਘਾ ਅਸਰ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮੰਚ ਦੇ ਕੌਮਾਂਤਰੀ ਕੋਆਰਡੀਨੇਟਰ ਰੋਮੀ ਘੜਾਮੇਂ ਵਾਲ਼ਾ ਨੇ ਦਿੱਲੀ ਸੰਘਰਸ਼ ਦੌਰਾਨ ਆਪਣੀਆਂ ਕੀਮਤੀ ਜਾਨਾਂ ਵਾਰਨ ਵਾਲੇ਼ ਸ਼ਹੀਦਾਂ ਅਤੇ ਡਾ. ਦੀਵਾਨ ਸਿੰਘ ਜੀ ਕਾਲੇਪਾਣੀ (ਸ਼ਹੀਦੀ ਦਿਨ 14 ਜਨਵਰੀ ) ਨੂੰ ਸ਼ਰਧਾਂਜਲੀਆਂ ਭੇਟ ਕਰਕੇ ਕੀਤੀ ਗਈ। ਸੰਕਲਪ ਸੁਸਾਇਟੀ ਰੂਪਨਗਰ ਦੇ ਵਿਸ਼ੇਸ਼ ਸਹਿਯੋਗ ਸਦਕਾ ਪੁੱਜੀ ਕ੍ਰਾਂਤੀ ਕਲਾ ਮੰਚ ਦੀ ਟੀਮ ਦੇ ਕਲਾਕਾਰਾਂ ਨੇ ਨਿਰਦੇਸ਼ਕ ਅਰਵਿੰਦਰ ਰਾਜੂ ਦੀ ਅਗਵਾਈ ਵਿੱਚ ਨਾਟਕ ਪੰਡਤ ਬਲਾਕੀ ਰਾਮ ਤੇ ਬੁੱਤ ਜਾਗ ਪਿਆ ਨਾਲ਼ ਲੋਕਾਂ ਦਾ ਖੂਬ ਸੇਧਮਈ ਮਨੋਰੰਜਨ ਕੀਤਾ।
ਮੁੱਖ ਬੁਲਾਰਿਆਂ ਦੇ ਤੌਰ ‘ਤੇ ਹਾਜ਼ਰ ਹੋਏ ਐਡਵੋਕੇਟ ਸ਼ਬੇਗ ਸਿੰਘ ਤੇ ਡਾ. ਹਰਜੀਤ ਸਿੰਘ ਸੱਧਰ ਨੇ ਸ਼ਹੀਦ ਊਧਮ ਸਿੰਘ ਜੀ ਤੇ ਬਾਬਾ ਸੋਹਣ ਸਿੰਘ ਭਕਨਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਤਰਕਸ਼ੀਲ ਜਾਦੂਗਰ ਜਗਦੇਵ ਕੰਮੋਮਾਜਰਾ ਅਤੇ ਸਾਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ਼ ਸਰੋਤਿਆਂ ਨੂੰ ਸਾਹ ਰੋਕਣ ਤੱਕ ਮਜਬੂਰ ਕਰ ਦਿੱਤਾ। ਸ. ਜਗਦੇਵ ਨੇ ਕੁਝ ਜਾਦੂ ਦਿਆਂ ਟ੍ਰਿੱਕਾਂ ਬਾਰੇ ਸਮਝਾਉਂਦਿਆ ਲੋਕਾਂ ਨੂੰ ਪਾਖੰਡੀ ਬਾਬਿਆਂ ਵਗੈਰਾ ਤੋਂ ਬਚਣ ਦੀ ਅਪੀਲ ਕੀਤੀ। ਦੋ ਛੋਟੇ ਬੱਚਿਆਂ ਰੂਪਇਸ਼ਰ ਸਿੰਘ ਤੇ ਹਰਏਸ਼ਵਰ ਨੇ ਭੁਪਿੰਦਰ ਬਸ਼ਰ (ਕਲਕੱਤਾ) ਦੀ ਦਿੱਲੀ ਸੰਘਰਸ਼ ਬਾਰੇ ਰਚਨਾ ਸੁਣਾ ਕੇ ਖੂਬ ਵਾਹ ਵਾਹ ਖੱਟੀ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਗੁਰਕ੍ਰਿਪਾਲ ਸਿੰਘ ਡੀ.ਐੱਸ.ਪੀ. (ਰਿਟਾ:) ਨੇ ਆਪਣੇ ਪਿੰਡ ਘੜਾਮਾਂ ਵਿਖੇ ਬਿਤਾਏ ਬਚਪਨ ਤੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
ਗਿਆਨੀ ਜੰਗੀਰ ਸਿੰਘ ਰਤਨ (ਸੁਨਾਮ) ਦੁਆਰਾ ਲਿਖੀ ਸ਼ਹੀਦੀ ਊਧਮ ਸਿੰਘ ਜੀ ਦੀ ਜੀਵਨੀ ਨੂੰ ਬਿਨਾਂ ਕਿਸੇ ਕੀਮਤ ਤੋਂ ਵੰਡਿਆਂ ਗਿਆ। ਉਪਰੰਤ ਮੰਚ ਦੇ ਕੌਮੀ ਸਕੱਤਰ ਡਾ. ਗੁਰਵਿੰਦਰ ਅਮਨ, ਸੂਬਾ ਚੇਅਰਮੈਨ ਜਸਵੀਰ ਸਿੰਘ ਬੁੱਢਣਪੁਰ, ਸੂਬਾ ਉੱਪ ਚੇਅਰਮੈਨ ਮਾ. ਹਰਪ੍ਰੀਤ ਸਿੰਘ ਧਰਮਗੜ੍ਹ, ਸੂਬਾ ਜਥੇਬੰਦਕ ਸਕੱਤਰ ਰਣਜੀਤ ਸਿੰਘ, ਸੂਬਾ ਮੀਤ ਪ੍ਰਧਾਨ ਅੰਗਰੇਜ ਸਿੰਘ, ਗ੍ਰਾਮ ਟੀਮ ਪ੍ਰਧਾਨ ਹਰਮੀਤ ਸਿੰਘ ਅਤੇ ਕੌਮਾਂਤਰੀ ਕਾਰਜਕਾਰੀ ਮੈਂਬਰ ਰਵਿੰਦਰ ਸਿੰਘ ਕਾਕਾ ਨੇ ਵਿਸ਼ੇਸ਼ ਮਹਿਮਾਨਾਂ ਤੇ ਸਹਿਯੋਗੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਅਤੇ ਕਿਤਾਬਾਂ ਨਾਲ਼ ਸਨਮਾਨਿਤ ਕੀਤਾ।
ਜਿਕਰਯੋਗ ਹੈ ਕਿ ਅੰਤਰਰਾਸ਼ਟਰੀ ਇਨਕਲਾਬੀ ਮੰਚ ਦੀਆਂ ਕੌਮਾਂਤਰੀ, ਕੌਮੀ, ਸੂਬਾ ਤੇ ਗ੍ਰਾਮ ਟੀਮਾਂ ਵੱਲੋਂ ਸਮੇਂ ਸਮੇਂ ‘ਤੇ ਅਮਰ ਸ਼ਹੀਦਾਂ ਨਾਲ਼ ਸਬੰਧਤ ਦਿਨਾਂ ਨੂੰ ਸਮਰਪਿਤ ਇਨਕਲਾਬੀ ਪ੍ਰੋਗਰਾਮ ਕਰਵਾਏ ਜਾਂਦੇ ਹਨ। ਗ੍ਰਾਮ ਟੀਮ ਪਿੰਡ ਘੜਾਮਾਂ ਵੱਲੋਂ ਕਰਵਾਏ ਗਏ ਇਸ ਸਮਾਗਮ ਲਈ ਮੰਚ ਦੇ ਕੌਮਾਂਤਰੀ ਚੇਅਰਪਰਸਨ ਰਣਬੀਰ ਕੌਰ ਬੱਲ ਯੂ.ਐੱਸ.ਏ, ਕੌਮਾਂਤਰੀ ਪ੍ਰਧਾਨ ਰੁਪਿੰਦਰ ਜੋਧਾਂ ਜਾਪਾਨ, ਕੌਮਾਂਤਰੀ ਸਰਪ੍ਰਸਤ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ, ਕੌਮਾਂਤਰੀ ਜਰਨਲ ਸਕੱਤਰ ਬਲਿਹਾਰ ਸੰਧੂ, ਅਸਟ੍ਰੇਲੀਆ ਅਤੇ ਕੌਮਾਂਤਰੀ ਬੁਲਾਰੇ ਨਵਦੀਪ ਜੋਧਾਂ ਕੈਨੇਡਾ ਨੇ ਵਿਸ਼ੇਸ਼ ਤੌਰ ‘ਤੇ ਸ਼ਾਬਾਸ਼ ਆਖਦਿਆਂ ਮੁਬਾਰਕਾਬਾਦ ਦਿੱਤੀ।