‘ਰੁਜ਼ਗਾਰਦਾਤਾ’ ਸ਼ਬਦ ਕਿਵੇਂ ਬਣਿਆ?

ਜਸਵੀਰ ਸਿੰਘ ਪਾਬਲਾ
(ਸਮਾਜ ਵੀਕਲੀ)- ਜੇਕਰ ਕੋਈ ਚੀਜ਼ ਕਿਸੇ ਨੂੰ ਦਿੰਦਾ ਹੈ ਤਾਂ ਉਹ  ‘ਦਾਤਾ’ ਹੀ ਕਹਾਵੇਗਾ ਫਿਰ ਭਾਵੇਂ ਉਹ ਰੁਜ਼ਗਾਰ ਹੋਵੇ ਤੇ ਭਾਵੇਂ ਕੋਈ ਵੀ ਹੋਰ ਚੀਜ਼। ਇਸ ਵਿੱਚ ਦਾਤਾ/ਭਿਖਾਰੀ ਵਾਲ਼ੀ ਕੋਈ ਵੀ ਗੱਲ ਨਹੀਂ ਹੈ। ਦਾਤਾ ਦੇ ਅਰਥ ਕੇਵਲ ‘ਦੇਣ ਵਾਲ਼ਾ’ ਹੀ ਹਨ।ਹਾਂ, ਰੁਜ਼ਗਾਰ (ਫ਼ਾਰਸੀ) ਅਤੇ ਦਾਤਾ (ਸੰਸਕ੍ਰਿਤ ਪਿਛੋਕੜ ਵਾਲ਼ਾ) ਦੋ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਜ਼ਰੂਰ ਹਨ। ਦਾਤਾ ਸ਼ਬਦ ਇੱਥੇ ਇੱਕ ਪਿਛੇਤਰ ਦੇ ਤੌਰ ‘ਤੇ ਵਰਤਿਆ ਗਿਆ ਹੈ। ਇਹਨਾਂ ਵਿੱਚਲਾ ਰੁਜ਼ਗਾਰ ਸ਼ਬਦ ਵੀ ਅੱਗੋਂ ਦੋ ਸ਼ਬਦਾਂ ਦੇ ਮੇਲ਼ (ਰੋਜ਼= ਹਰ ਰੋਜ਼+ਗਾਰ=ਕਰਨ ਵਾਲ਼ਾ) ਤੋਂ ਬਣਿਅਾ ਹੈ ਜਿਸ ਦੇ ਅਰਥ ਹਨ- ਰੋਜ਼ ਦਾ/ਰੋਜ਼ਾਨਾ ਕੰਮ-ਧੰਦਾ ਕਰਨ ਵਾਲ਼ਾ, ਜਿਵੇਂ: ਸਾਜ਼ਗਾਰ, ਗੁਨਾਹਗਾਰ, ਪਰਹੇਜ਼ਗਾਰ, ਮਦਦਗਾਰ (ਮਦਦ ਕਰਨ ਵਾਲ਼ਾ) ਆਦਿ। ਰੋਜ਼ੀ-ਰੋਟੀ ਵਿਚਲਾ ‘ਰੋਜ਼ੀ’ ਸ਼ਬਦ ਵੀ ਉਪਰੋਕਤ ਰੁਜ਼ਗਾਰ ਵਿਚਲੇ ਅਰਥਾਂ ਦਾ ਹੀ ਧਾਰਨੀ ਹੈ ਅਰਥਾਤ ਰੋਜ਼ (ਪ੍ਰਤਿ ਦਿਨ) ਦੀ (ਰੋਟੀ) ਕਮਾਉਣ ਵਾਲ਼ਾ- ਇੱਕ ਤਰ੍ਹਾਂ ਨਾਲ਼ ਦਿਹਾੜੀਦਾਰ। ‘ਰੋਟੀ’ ਸ਼ਬਦ ਸਾਡੀਆਂ ਦੇਸੀ ਭਾਸ਼ਾਵਾਂ ਦਾ ਹੈ।
ਜੇਕਰ ਕਿਸੇ ਦਾ ਨਿੱਜੀ ਕਾਰੋਬਾਰ ਹੈ ਤਾਂ ਉਸ ਨੂੰ ਵੀ ਸੰਬੰਧਿਤ ਵਿਅਕਤੀ ਦਾ ‘ਰੁਜ਼ਗਾਰ’ ਹੀ ਕਿਹਾ ਜਾਵੇਗਾ। ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇ ਧੰਦੇ ‘ਚੋਂ ਆਪਣੇ ਗੁਜ਼ਾਰੇ ਜੋਗਾ ਰੁਜ਼ਗਾਰ ਮੰਗਦਾ ਹੈ ਤਾਂ ਅਜਿਹੇ ਵਿੱਚ ਰੁਜ਼ਗਾਰ ਪ੍ਰਦਾਨ ਕਰਨ ਵਾਲ਼ੇ ਨੂੰ ਉਸ ਦਾ ‘ਰੁਜ਼ਗਾਰਦਾਤਾ’ ਹੀ ਆਖਿਆ ਜਾਵੇਗਾ, ਕੁਝ ਹੋਰ ਨਹੀਂ। ਮੁੱਕਦੀ ਗੱਲ ਇਹ ਹੈ ਕਿ ਇਸ ਸ਼ਬਦ ਵਿਚਲੇ ਦਾਤਾ ਸ਼ਬਦ ਨੂੰ ਕੇਵਲ ‘ਦੇਣ ਵਾਲ਼ਾ’ ਹੀ ਮੰਨਿਆ ਜਾਵੇ, ਪਰਮਾਤਮਾ ਨਹੀਂ ਕਿਉਂਕਿ ਮੂਲ ਰੂਪ ਵਿੱਚ ਇਸ ਦੇ ਅਰਥ ਕੇਵਲ ‘ਦੇਣ ਵਾਲ਼ਾ’ ਹੀ ਹਨ, ਬਾਕੀ ਸਾਰੇ ਅਰਥ ਤਾਂ ਬਾਅਦ ਵਿੱਚ ਹੀ ਰੂੜ੍ਹ ਹੋਏ ਹਨ।
ਜਸਵੀਰ ਸਿੰਘ ਪਾਬਲਾ,
          ਲੰਗੜੋਆ, ਨਵਾਂਸ਼ਹਿਰ। 
          ਫ਼ੋਨ ਨੰ. 9888403052.
Previous article3,000-yr-old Indian poetry translated into Arabic
Next articleHouthis claim ballistic missile attacks on Saudi military base