ਨਵੀਂ ਦਿੱਲੀ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਤਰਾਈ ਵਾਲੇ ਇਲਾਕਿਆਂ ਵਿੱਚ ਵੀ ਕਿਸਾਨਾਂ ਵੱਲੋਂ ਥਾਂ-ਥਾਂ ਧਰਨੇ ਦੇ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ।
ਅਜਿਹੇ ਰੋਸ ਪ੍ਰਦਰਸ਼ਨ ਬਿਲਾਸਪੁਰ (ਰਾਮਪੁਰ ਜ਼ਿਲ੍ਹਾ) ਰੁਦਰਪੁਰ, ਸਿਤਾਰਗੰਜ (ਸ਼ਹੀਦ ਊਧਮ ਸਿੰਘ ਨਗਰ), ਬਾਜਪੁਰ ਵਰਗੇ ਸਿੱਖ ਕਿਸਾਨ ਵੱਸੋਂ ਵਾਲੇ ਇਲਾਕਿਆਂ ਵਿੱਚ ਕੀਤੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਭਾਨੂੰ) ਦੇ ਆਗੂ ਸੁਖਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਦਿਨ ਸ਼ਹੀਦ ਊਧਮ ਸਿੰਘ ਨਗਰ ਦੇ ਡੀਸੀ ਵੱਲੋਂ ਸਰਕਾਰੀ ਕੰਡਿਆਂ ਨਾਲ ਸੋਮਵਾਰ ਤੋਂ ਝੋਨੇ ਦੀ ਤੁਲਾਈ ਸ਼ੁਰੂ ਕਰਵਾਉਣ ਤੇ ਕੱਚੇ ਆੜ੍ਹਤੀਆਂ ਨੂੰ ਵੀ ਖਰੀਦ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ ਗਿਆ।
ਸ੍ਰੀ ਭੁੱਲਰ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ (ਟਕੈਤ) ਤੇ ਕਿਸਾਨ ਸੰਘਰਸ਼ ਸਮਿਤੀ ਵੱਲੋਂ ਮਿਲ ਕੇ ਇਹ ਧਰਨੇ ਲਾਏ ਗਏ ਤੇ ਬੀਤੇ ਦਿਨੀਂ ਟਰੈਕਟਰ ਰੈਲੀਆਂ ਵੀ ਕੱਢੀਆਂ ਗਈਆਂ। ਨਵਤੇਜਪਾਲ ਸਿੰਘ, ਰਾਜਿੰਦਰ ਸਿੰਘ ਵਿਰਕ, ਤੇਜਿੰਦਰ ਸਿੰਘ ਵਿਰਕ ਤੇ ਹੋਰ ਆਗੂਆਂ ਨੇ ਧਰਨਿਆਂ ਦੌਰਾਨ ਸ਼ਿਰਕਤ ਕੀਤੀ। ਸ੍ਰੀ ਭੁੱਲਰ ਨੇ ਦੱਸਿਆ ਕਿ 14 ਅਕਤੂਬਰ ਨੂੰ ‘ਘੱਟੋ-ਘੱਟ ਕੀਮਤ ਦਿਵਸ’ ਮਨਾਇਆ ਜਾਵੇਗਾ। ਜੇਕਰ ਸਰਕਾਰ ਨਾ ਮੰਨੀ ਤਾਂ ਕਾਸ਼ਤਕਾਰ ਜ਼ਮੀਨ ਨਹੀਂ ਦੇਣਗੇ। ਕਿਸਾਨਾਂ ਦੀ ਮੰਗ ਹੈ ਕਿ ਮੰਡੀਆਂ ਖ਼ਤਮ ਨਾ ਹੋਣ।