ਤਿਉਹਾਰਾਂ ਦੌਰਾਨ ਇਕੱਠਾਂ ਤੋਂ ਦੂਰ ਰਹਿਣ ਲੋਕ: ਹਰਸ਼ ਵਰਧਨ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਲੋਕਾਂ ਨੂੰ ਵੱਡੇ ਇਕੱਠਾਂ ਤੋਂ ਦੂਰ ਰਹਿਣ ਅਤੇ ਆਉਂਦੇ ਤਿਉਹਾਰਾਂ ਦੇ ਮੌਸਮ ’ਚ ਕਰੋਨਾਵਾਇਰਸ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਕੋਈ ਵੀ ਮਜਹਬ ਜਾਂ ਭਗਵਾਨ ਤਿਉਹਾਰਾਂ ’ਤੇ ਲੋਕਾਂ ਨੂੰ ਭੀੜ ਇਕੱਠੀ ਕਰਨ ਜਾਂ ਦਿਖਾਵਾ ਕਰਨ ਨੂੰ ਨਹੀਂ ਆਖਦਾ। ਉਨ੍ਹਾਂ ਲੋਕਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਤਿਉਹਾਰਾਂ ਦੌਰਾਨ ਮੇਲੇ ਜਾਂ ਪੰਡਾਲਾਂ ’ਚ ਜਾਣ ਦੀ ਬਜਾਏ ਘਰ ’ਚ ਹੀ ਆਪਣਿਆਂ ਨਾਲ ਖੁਸ਼ੀਆਂ ਸਾਂਝੀ ਕਰਨ।

ਮੰਤਰੀ ਨੇ ਕਿਹਾ,‘‘ਕਰੋਨਾ ਨਾਲ ਜੰਗ ਹੀ ਹਰੇਕ ਵਿਅਕਤੀ ਦਾ ਪਹਿਲਾ ਧਰਮ ਹੈ।’’ ‘ਸੰਡੇ ਸੰਵਾਦ’ ਦੀ ਪੰਜਵੀਂ ਲੜੀ ਦੌਰਾਨ ਸਿਹਤ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਠੰਢ ਦੇ ਆਉਣ ਵਾਲੇ ਮੌਸਮ ’ਚ ਕਰੋਨਾ ਲਾਗ ਫੈਲਣ ਦੇ ਖ਼ਦਸ਼ੇ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਤਿਉਹਾਰ ਮਨਾਉਣ ਲਈ ਭੀੜ ਇਕੱਠੀ ਕਰਦੇ ਹਨ ਤਾਂ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਸ੍ਰੀ ਹਰਸ਼ ਵਰਧਨ ਨੇ ਕਿਹਾ ਕਿ ਸਰਕਾਰ ਨੇ ਮੁਲਕ ’ਚ ਕਰੋਨਾ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ। ਉਨ੍ਹਾਂ ਕਿਹਾ ਕਿ ‘ਸਾਰਸ ਕੋਵ-2’ ਦਾ ਪਤਾ ਲਾਉਣ ਲਈ ‘ਫੇਲੂਦਾ ਪੇਪਰ ਸਟਰਿਪ’ ਜਾਂਚ ਅਗਲੇ ਕੁਝ ਹਫ਼ਤਿਆਂ ’ਚ ਸ਼ੁਰੂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਟੀਕੇ ਦੇ ਪ੍ਰੀਖਣ ਪਹਿਲੇ, ਦੂਜੇ ਅਤੇ ਤੀਜੇ ਪੜਾਅ ’ਚ ਹਨ ਜਿਨ੍ਹਾਂ ਦੇ ਨਤੀਜਿਆਂ ਦੀ ਉਡੀਕ ਹੈ। 

Previous articleਯੂਪੀ ਤੇ ਉੱਤਰਾਖੰਡ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ
Next articleਬਿਹਾਰ ਚੋਣਾਂ: ਭਾਜਪਾ ਵੱਲੋਂ 46 ਉਮੀਦਵਾਰਾਂ ਦੀ ਸੂਚੀ ਜਾਰੀ