ਦਸਤਾਰ ਮਾਮਲਾ: ਪੱਛਮੀ ਬੰਗਾਲ ਦੇ ਰਾਜਪਾਲ ਵਲੋਂ ਸਿੱਖ ਵਫ਼ਦ ਨੂੰ ਕਾਰਵਾਈ ਦਾ ਭਰੋਸਾ

ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਵਿੱਚ ਰੋਸ ਮਾਰਚ ਦੌਰਾਨ ਭਾਜਪਾ ਆਗੂ ਦੇ ਸਿੱਖ ਸੁਰੱਖਿਆ ਗਾਰਡ ਦੀ ਕਥਿਤ ਧੂਹ-ਘੜੀਸ ਅਤੇ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸਿੱਖ ਵਿਅਕਤੀ ਦੀ ਰਿਹਾਈ ਅਤੇ ਦੋਸ਼ੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਪੁਲੀਸ ਵਲੋਂ ਸਿੱਖ ਵਿਅਕਤੀ  ਦੀ ਪੱਗ ਖਿੱਚਣਾ ‘ਬੇਅਦਬੀ’ ਦਾ ਮਾਮਲਾ ਹੈ। ਊਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਲੋੜੀਂਦੀ  ਕਾਰਵਾਈ ਕੀਤੀ ਜਾਵੇਗੀ। ਊਨ੍ਹਾਂ ਕਿਹਾ ਕਿ ਊਨ੍ਹਾਂ ਨੂੰ ਇਸ ਘਟਨਾ ਕਾਰਨ ‘ਡੂੰਘੀ ਠੇਸ’ ਪੁੱਜੀ ਹੈ। ਰਾਜਪਾਲ ਨੇ ਟਵਿੱਟਰ ’ਤੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੇ ਵਫ਼ਦ ਨੇ ਸਿੱਖ ਦਸਤਾਰ ਬੇਅਬਦੀ ਮਾਮਲੇ ਸਬੰਧੀ ਪੱਤਰ ਸੌਂਪਿਆ ਅਤੇ ਬਲਵਿੰਦਰ ਸਿੰਘ ਲਈ ਨਿਆਂ ਦੀ ਮੰਗ ਕੀਤੀ। ਧਨਖੜ ਨੇ ਕਿਹਾ ਕਿ ਪੁਲੀਸ ਬਲ ਦੀ ਦੁਰਵਰਤੋਂ ਕੀਤੀ ਗਈ ਹੈ।

ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਅੱਜ ਕਰੀਬ 12.30 ਵਜੇ ਕੋਲਕਾਤਾ ਪੁੱਜਿਆ ਅਤੇ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਮਿਲਣ ਲਈ ਹਾਵੜਾ ਪੁਲੀਸ ਸਟੇਸ਼ਨ ਪੁੱਜਿਆ। ਇਸ ਮਗਰੋਂ ਵਫ਼ਦ ਨੇ ਰਾਜਪਾਲ ਨੂੰ ਰਾਜ ਭਵਨ ਵਿੱਚ ਪੱਤਰ ਸੌਂਪਿਆ।

Previous articleਸੰਪਤੀ ਦਾ ਮਾਲਿਕਾਨਾ ਹੱਕ ਮੁਲਕ ਦੀ ਆਤਮ-ਨਿਰਭਰਤਾ ਵੱਲ ਵੱਡਾ ਕਦਮ: ਮੋਦੀ
Next articleਯੂਪੀ ਤੇ ਉੱਤਰਾਖੰਡ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ