ਅੰਮ੍ਰਿਤਸਰ (ਸਮਾਜ ਵੀਕਲੀ): ਬਹਿਬਲ ਕਲਾਂ ਅਤੇ ਬਰਗਾੜੀ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਇੱਕ ਟਵੀਟ ਰਾਹੀਂ ਬਿਨਾਂ ਕਿਸੇ ਦਾ ਨਾਂ ਲਏ ਆਖਿਆ, ‘ਤੁਸੀਂ ਦੋਸ਼ੀ ਹੋ ਪਰ ਤੁਹਾਨੂੰ ਬਚਾਇਆ ਗਿਆ ਹੈ।’ ਉਨ੍ਹਾਂ ਨੇ ਘਟਨਾ ਵੇਲੇ ਦੀਆਂ ਸੀਸੀਟੀਵੀ ਕੈਮਰਿਆਂ ਦੀਆਂ ਚਾਰ ਫੁਟੇਜ ਵੀ ਦੁਬਾਰਾ ਅੱਪਲੋਡ ਕੀਤੀਆਂ ਹਨ। ਸ੍ਰੀ ਸਿੱਧੂ ਇਸ ਤੋਂ ਪਹਿਲਾਂ ਬੇਅਦਬੀ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਕਿਹਾ ਸੀ ਕਿ ਇਸ ਮਾਮਲੇ ਵਿੱਚ ਬਾਦਲ ਪਰਿਵਾਰ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਜੇ ਸ੍ਰੀ ਸਿੱਧੂ, ਕੈਪਟਨ ਜਾਂ ‘ਆਪ’ ਆਗੂ ਭਗਵੰਤ ਮਾਨ ਆਦਿ ਕੋਲ ਬੇਅਦਬੀ ਕਾਂਡ ਸਬੰਧੀ ਕੋਈ ਸਬੂਤ ਹਨ ਤਾਂ ਉਹ ਜਨਤਕ ਕਰਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਖਿਆ ਸੀ ਕਿ ਜੇ ਬੇਅਦਬੀ ਕਾਂਡ ਬਾਰੇ ਕਿਸੇ ਕੋਲ ਕੋਈ ਸਬੂਤ ਹਨ ਤਾਂ ਉਹ ਨਿੱਜੀ ਤੌਰ ’ਤੇ ਵੀ ਪੁਲੀਸ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਪਰ ਹੁਣ ਤਕ ਅਜਿਹਾ ਨਹੀਂ ਕੀਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਇਹ ਸਿਰਫ਼ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਪ੍ਰਚਾਰ ਹੈ।
ਇਸ ਮਗਰੋਂ ਅੱਜ ਸ੍ਰੀ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਟਵੀਟ ਕੀਤਾ, ‘ਜਸਟਿਸ (ਸੇਵਾਮੁਕਤ) ਜੋਰਾ ਸਿੰਘ ਜਾਂਚ ਕਮਿਸ਼ਨ ਦੀ ਜਾਂਚ ਵੇਲੇ ਬਾਦਲ ਰਾਜ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਲੁਕਾ ਲਿਆ ਗਿਆ ਸੀ, ਜਿਸ ਨੂੰ ਮਗਰੋਂ ਜਸਟਿਸ ਰਣਜੀਤ ਸਿੰਘ ਨੇ ਲੱਭ ਲਿਆ ਸੀ। ਮੈਂ ਉਸ ਫੁਟੇਜ ਨੂੰ ਆਮ ਲੋਕਾਂ ਲਈ ਜਨਤਕ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੁਲੀਸ ਦਾ ਕੀ ਰੋਲ ਸੀ ਅਤੇ ਉਸ ਨੇ ਬਾਦਲਾਂ ਦੇ ਕਹਿਣ ’ਤੇ ਕਾਰਵਾਈ ਕੀਤੀ।’ ਬਿਨਾਂ ਕਿਸੇ ਦਾ ਨਾਂ ਲਏ ਉਨ੍ਹਾਂ ਕਿਹਾ, ‘ਤੁਸੀਂ ਦੋਸ਼ੀ ਹੋ ਪਰ ਤੁਹਾਨੂੰ ਬਚਾਇਆ ਗਿਆ ਹੈ’।
ਇਸ ਦੇ ਨਾਲ ਹੀ ਉਨ੍ਹਾਂ ਘਟਨਾ ਸਮੇਂ ਦੀ ਚਾਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਅੱਪਲੋਡ ਕੀਤੀ ਹੈ, ਜਿਸ ਦੇ ਨਾਲ-ਨਾਲ ਉਹ ਦੱਸ ਰਹੇ ਹਨ ਕਿ ਕਿਵੇਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਬਿਨਾਂ ਕਿਸੇ ਭੜਕਾਹਟ ਤੋਂ ਕਾਰਵਾਈ ਕੀਤੀ। ਇਸੇ ਦੌਰਾਨ ਸੂਬੇ ਦੀ ਵਿਜੀਲੈਂਸ ਵੱਲੋਂ ਸਿੱਧੂ ਸਮਰਥਕਾਂ ਖ਼ਿਲਾਫ਼ ਮੋਰਚਾ ਖੋਲ੍ਹੇ ਜਾਣ ’ਤੇ ਸ੍ਰੀ ਸਿੱਧੂ ਨੇ ਇੱਕ ਟਵੀਟ ਰਾਹੀਂ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਲਿਖਿਆ ‘ਮੋਸਟ ਵੈਲਕਮ, ਪਲੀਜ਼ ਡੂ ਯੂਅਰ ਬੈਸਟ’।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly