ਦਿੱਲੀ ਵਿੱਚ ਤਾਲਾਬੰਦੀ ਹਫ਼ਤੇ ਲਈ ਹੋਰ ਵਧਾਈ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਭਾਵੇਂ ਕੁੱਝ ਘਟਣ ਲੱਗੀ ਹੈ ਪਰ ਫਿਰ ਵੀ ਦਿੱਲੀ ਸਰਕਾਰ ਨੇ ਲੋਕਾਂ ਤੇ ਖ਼ਾਸ ਕਰ ਕੇ ਵਪਾਰੀ ਵਰਗ ਦੀ ਰਾਇ ਨਾਲ ਸਹਿਮਤ ਹੁੰਦੇ ਹੋਏ ਕੌਮੀ ਰਾਜਧਾਨੀ ਵਿਚ ਚੌਥੀ ਵਾਰ ਤਾਲਾਬੰਦੀ ਵਧਾਉਣ ਦਾ ਫ਼ੈਸਲਾ ਲਿਆ ਹੈ।

ਇੱਥੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਕਰੋਨਾਵਾਇਰਸ ਦੀ ਪਾਜ਼ੇਟਿਵਿਟੀ ਦਰ ਘੱਟ ਗਈ ਹੈ ਪਰ ਫਿਰ ਵੀ ਨਵੇਂ ਮਰੀਜ਼ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਾਲਾਂਕਿ ਤਾਲਾਬੰਦੀ ਦੇ ਪੱਖ ਵਿੱਚ ਨਹੀਂ ਸੀ ਪਰ ਇਸ ਵਿੱਚ ਵਾਧਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ 20 ਅਪਰੈਲ ਨੂੰ ਮਜਬੂਰੀਵੱਸ ਤਾਲਾਬੰਦੀ ਕੀਤੀ ਗਈ ਤੇ 26 ਅਪਰੈਲ ਨੂੰ ਪਾਜ਼ੇਟਿਵਿਟੀ ਦਰ 35 ਫ਼ੀਸਦ ਤੱਕ ਪਹੁੰਚ ਗਈ ਸੀ, ਜੋ ਹੁਣ ਘਟੀ ਹੈ। ਤਾਲਾਬੰਦੀ ਕਰਨ ਨਾਲ ਕੌਮੀ ਰਾਜਧਾਨੀ ਵਿਚ ਕਰੋਨਾ ਦੀ ਪਾਜ਼ੇਟਿਵਿਟੀ ਦਰ 23 ਫ਼ੀਸਦ ਤੱਕ ਆ ਗਈ। ਉਨ੍ਹਾਂ ਕਿਹਾ ਕਿ ਪਹਿਲਾਂ 10 ਮਈ ਨੂੰ ਖ਼ਤਮ ਹੋਣ ਵਾਲੀ ਤਾਲਾਬੰਦੀ ਹੁਣ 17 ਮਈ ਨੂੰ ਸਵੇਰੇ 5 ਵਜੇ ਤੱਕ ਲਾਗੂ ਰਹੇਗੀ।

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਵਧੇਰੇ ਸਖ਼ਤੀ ਵਰਤਦੇ ਹੋਏ ਭਲਕ ਤੋਂ ਸਾਰੀਆਂ ਮੈਟਰੋ ਸੇਵਾਵਾਂ ਬੰਦ ਰਹਿਣਗੀਆਂ। ਵਿਆਹ ਵੀ ਘਰਾਂ ਵਿੱਚ ਜਾਂ ਅਦਾਲਤਾਂ ਵਿੱਚ ਹੀ ਹੋਣਗੇ ਅਤੇ ਇਨ੍ਹਾਂ ਵਿਚ 20 ਤੋਂ ਜ਼ਿਆਦਾ ਵਿਅਕਤੀ ਇਕੱਤਰ ਨਹੀਂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦਿੱਲੀ ਸਰਕਾਰ ਨੇ ਮੈਡੀਕਲ ਸਹੂਲਤਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਕੀਤਾ ਹੈ ਤੇ ਬਿਸਤਰਿਆਂ ਦਾ ਇੰਤਜ਼ਾਮ ਵੀ ਕੀਤਾ ਹੈ। ਆਕਸੀਜਨ ਦੀ ਸਥਿਤੀ ਵਿੱਚ ਵੀ ਸੁਧਾਰ ਹੋਇਆ ਹੈ ਅਤੇ ਇਸ ਵਿਚ ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ ਤੇ ਕੇਂਦਰ ਸਰਕਾਰ ਦਾ ਸਹਿਯੋਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਜਿੰਨੀ ਜ਼ਿਆਦਾ ਸਖ਼ਤ ਕੀਤੀ ਜਾਵੇਗੀ, ਲਾਗ ਦੀ ਦਰ ਘਟਾਉਣ ਵਿੱਚ ਓਨੀ ਹੀ ਮਦਦ ਮਿਲੇਗੀ। ਉਨ੍ਹਾਂ ਦਿੱਲੀ ਦੇ ਲੋਕਾਂ ਤੋਂ ਤਾਲਾਬੰਦੀ ਸਫ਼ਲਤਾਪੂਰਵਕ ਮੁਕੰਮਲ ਕਰਨ ਲਈ ਸਹਿਯੋਗ ਮੰਗਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਨੇ ਵੈਕਸੀਨ ਬਰਾਮਦੀ ਦਾ ਅਪਰਾਧ ਕੀਤਾ: ਸਿਸੋਦੀਆ
Next articleਪੰਜਾਬ ’ਚ ਕਾਂਗਰਸ ਦੀ ਨਹੀਂ ਬਾਦਲਾਂ ਦੀ ਸਰਕਾਰ: ਸਿੱਧੂ