ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੀ ਇੱਕ ਸੰਸਦੀ ਕਮੇਟੀ ਨੇ ਕਿਹਾ ਕਿ ਦੇਸ਼ ਜਬਰੀ ਧਰਮ ਪਰਿਵਰਤਨ ਤੋਂ ਘੱਟਗਿਣਤੀਆਂ ਦੀ ਸੁਰੱਖਿਆ ਦੀ ਆਪਣੀ ਪੂਰੀ ਜ਼ਿੰਮੇਵਾਰੀ ਨਹੀਂ ਨਿਭਾਅ ਸਕਿਆ। ਅੱਜ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ, ਸੰਸਦ ਮੈਂਬਰ ਅਨਵਰੁਲ ਹੱਕ ਕੱਕੜ ਦੀ ਪ੍ਰਧਾਨਗੀ ਵਿੱਚ ਜਬਰੀ ਧਰਮ ਪਰਿਵਰਤਨ ਮਾਮਲਿਆਂ ’ਤੇ ਗੌਰ ਕਰਨ ਲਈ ਇੱਕ ਸੰਸਦੀ ਕਮੇਟੀ ਨੇ ਹਾਲ ਹੀ ਵਿੱਚ ਸਿੰਧ ਦੇ ਕੁੱਝ ਇਲਾਕਿਆਂ ਦਾ ਦੌਰਾ ਕੀਤਾ, ਜਿੱਥੋਂ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਦੇ ਮਾਮਲੇ ਆਏ ਹਨ।
ਕੱਕੜ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਦੇਸ਼ ਜਬਰੀ ਧਰਮ ਪਰਿਵਰਤਨ ਤੋਂ ਧਾਰਮਿਕ ਘੱਟਗਿਣਤੀਆਂ ਦੀ ਰੱਖਿਆ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਸਕਿਆ।’’ ਹਾਲਾਂਕਿ, ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਕੁੱਝ ਹੱਦ ਤੱਕ ਰਜ਼ਾਮੰਦੀ ਵੀ ਸੀ। ਉਨ੍ਹਾਂ ਕਿਹਾ, ‘‘ਬਿਹਤਰ ਜੀਵਨਸ਼ੈਲੀ ਲਈ ਕੀਤੇ ਗਏ ਧਰਮ ਪਰਿਵਰਤਨ ਨੂੰ ਵੀ ਜਬਰੀ ਧਰਮ ਪਰਿਵਰਤਨ ਮੰਨਿਆ ਜਾਂਦਾ ਹੈ, ਆਰਥਿਕ ਕਾਰਨਾਂ ਕਰਕੇ ਹੋਏ ਧਰਮ ਪਰਿਵਰਤਨ ਨੂੰ ਸ਼ੋਸ਼ਣ ਮੰਨਿਆ ਜਾ ਸਕਦਾ ਹੈ, ਪਰ ਇਹ ਜਬਰੀ ਧਰਮ ਪਰਿਵਰਤਨ ਨਹੀਂ ਹੈ ਕਿਉਂਕਿ ਇਹ ਸਹਿਮਤੀ ਨਾਲ ਹੁੰਦਾ ਹੈ।’’