ਹਿੰਦੂ ਸਮੂਹਾਂ ਨੇ ਕਮਲਾ ਹੈਰਿਸ ਦੀ ਭਤੀਜੀ ਨੂੰ ਮੁਆਫ਼ੀ ਮੰਗਣ ਲਈ ਆਖਿਆ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੀਆਂ ਹਿੰਦੂ ਜਥੇਬੰਦੀਆਂ ਨੇ ਸੈਨੇਟਰ ਕਮਲਾ ਹੈਰਿਸ ਦੀ ਭਤੀਜੀ ਨੂੰ ‘ਇਤਰਾਜ਼ਯੋਗ ਤਸਵੀਰ’ ਟਵੀਟ ਕਰਨ ਕਰਕੇ ਮੁਆਫ਼ੀ ਮੰਗਣ ਲਈ ਆਖਿਆ ਹੈ। ਇਸ ਤਸਵੀਰ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਊਪ ਰਾਸ਼ਟਰਪਤੀ ਅਹੁਦੇ ਦੀ ਊਮੀਦਵਾਰ ਨੂੰ ਮਾਂ ਦੁਰਗਾ ਦੇ ਰੂੁਪ ਵਿੱਚ ਦਿਖਾਇਆ ਗਿਆ ਹੈ।

ਭਾਵੇਂ ਵਕੀਲ ਮੀਨਾ ਹੈਰਿਸ (35) ਵਲੋਂ ਇਹ ਟਵੀਟ ਮਿਟਾ ਦਿੱਤਾ ਗਿਆ ਹੈ ਪ੍ਰੰਤੂ ਫਿਰ ਵੀ ਹਿੰਦੂ ਜਥੇਬੰਦੀਆਂ ਨੇ ਊਸ ਨੂੰ ਮੁਆਫ਼ੀ ਮੰਗਣ ਲਈ ਆਖਿਆ ਹੈ। ਹਿੰਦੂ ਅਮਰੀਕਨ ਕਮਿਊਨਿਟੀ ਦੇ ਸੁਹਾਗ ਕੇ. ਸ਼ੁਕਲਾ ਨੇ ਟਵੀਟ ਕੀਤਾ, ‘‘ਤੁਹਾਡੇ ਵਲੋਂ ਦੇਵੀ ਮਾਂ ਦੁਰਗਾ ਦੀ ਸਾਂਝੀ ਕੀਤੀ ਤਸਵੀਰ, ਜਿਸ ਵਿੱਚ ਚਿਹਰਾ ਕਿਸੇ ਹੋਰ ਦਾ ਲਗਾਇਆ ਗਿਆ ਸੀ, ਕਾਰਨ ਵਿਸ਼ਵ ਭਰ ਦੇ ਹਿੰਦੂਆਂ ਵਿੱਚ ਰੋਸ ਹੈ।’’

ਹਿੰਦੂ ਅਮਰੀਕਨ ਪੁਲੀਟੀਕਲ ਐਕਸ਼ਨ ਕਮੇਟੀ ਦੇ ਰਿਸ਼ੀ ਭੁਟਾਦਾ ਨੇ ਕਿਹਾ ਕਿ ਇਹ ਇਤਰਾਜ਼ਯੋਗ ਤਸਵੀਰ ਮੀਨਾ ਹੈਰਿਸ ਵਲੋਂ ਖ਼ੁਦ ਤਿਆਰ ਨਹੀਂ ਕੀਤੀ ਗਈ। ਊਸ ਵਲੋਂ ਟਵੀਟ ਕਰਨ ਤੋਂ ਪਹਿਲਾਂ ਹੀ ਇਹ ਤਸਵੀਰ ਵੱਟਸਐਪ ’ਤੇ ਚੱਲ ਰਹੀ ਸੀ। ਊਨ੍ਹਾਂ ਕਿਹਾ, ‘‘ਇਸ ਦੇ ਬਾਵਜੂੁਦ ਮੈਂ ਨਿੱਜੀ ਤੌਰ ’ਤੇ ਮੰਨਦਾ ਹਾਂ ਕਿ ਮੀਨਾ ਹੈਰਿਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਭਾਵੇਂ ਕਿ ਊਸ ਵਲੋਂ ਟਵੀਟ ਹਟਾ ਦਿੱਤਾ ਗਿਆ। ਸਾਡੇ ਧਾਰਮਿਕ ਸ਼ਾਸਤਰਾਂ ਨੂੰ ਅਮਰੀਕਾ ਦੀ ਸਿਆਸਤ ਦੀ ਸੇਵਾ ਲਈ ਨਹੀਂ ਵਰਤਣਾ ਚਾਹੀਦਾ।’’

ਅਮਰੀਕਨ ਹਿੰਦੂਜ਼ ਅਗੇਂਸਟ ਡੈਫਾਮੇਸ਼ਨ ਦੇ ਕਨਵੀਨਰ ਅਜੇ ਸ਼ਾਹ ਨੇ ਕਿਹਾ ਕਿ ਇਸ ਤਸਵੀਰ ਨੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

Previous articleUncle held for nephew’s murder in Gurugram
Next articleਘੱਟਗਿਣਤੀਆਂ ਦੀ ਸੁਰੱਖਿਆ ਕਰਨ ’ਚ ਨਾਕਾਮ ਰਿਹਾ ਪਾਕਿ: ਸੰਸਦੀ ਕਮੇਟੀ