ਅੰਮ੍ਰਿਤਸਰ (ਸਮਾਜ ਵੀਕਲੀ)- ਅਮਰੀਕਾ ਨਿਵਾਸੀ ਸ੍ਰ. ਗੁਰਿੰਦਰਪਾਲ ਸਿੰਘ ਜੋਸਨ ਦੁਆਰਾ ਰਚੀ ਪੁਸਤਕ “ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨੀਏ” ਸਬੰਧੀ ਵਿਚਾਰ ਵਟਾਂਦਰਾ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਗੁਰੂ ਰਵਿਦਾਸ ਰੋਡ ਅੰਮ੍ਰਿਤਸਰ ਵਿਖੇ ਕੀਤਾ ਗਿਆ। ਸ੍ਰ. ਗੁਰਿੰਦਰਪਾਲ ਸਿੰਘ ਜੋਸਨ ਅਤੇ ਉਨ੍ਹਾਂ ਨਾਲ ਆਏ ਬੀਬੀ ਕਮਲਜੀਤ ਕੌਰ ਗਿੱਲ, ਮੀਤ ਪ੍ਰਧਾਨ ਰਬਾਬੀ ਭਾਈ ਮਰਦਾਨਾ ਜੀ ਫਾਊਂਡੇਸ਼ਨ ਇੰਕ ਨੂੰ ਜੀ ਆਇਆਂ ਕਹਿਣ ਉਪਰੰਤ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਭਾਈ ਮਰਦਾਨਾ ਜੀ ਦੇ ਸੰਗੀਤਕ ਅਤੇ ਅਧਿਆਤਮਕ ਗਿਆਨ ਅਤੇ ਜੀਵਨ ਬਾਰੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ ਭਾਈ ਮਰਦਾਨਾ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ, ਅਧਿਆਤਮਕ ਅਤੇ ਗੁਰਬਾਣੀ ਸੰਗੀਤ ਦੀ ਸਾਂਝ ਨਨਕਾਣਾ ਸਾਹਿਬ ਵਿਖੇ ਹੀ ਪੀਡੀ ਹੋ ਗਈ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਤੋਂ ਜਗਤ ਜਲੰਦੇ ਨੂੰ ਸੀਤਲਤਾ ਬਖਸ਼ਣ ਅਤੇ ਕਰਮ-ਕਾਂਡਾਂ, ਵਹਿਮ ਭਰਮਾਂ, ਅੰਧ -ਵਿਸ਼ਵਾਸਾਂ ਤੇ ਪਾਖੰਡੀ ਜੀਵਨ ਤੋਂ ਨਿਜਾਤ ਦਿਵਾਉਣ ਲਈ ਅਗਿਆਨਤਾ ਦਾ ਹਨੇਰਾ ਦੂਰ ਕਰ ਪਰਮਾਰਥੀ ਗਿਆਨ ਦਾ ਨੂਰ ਹਿਰਦਿਆਂ ਵਿਚ ਵਸਾਉਣ ਲਈ ਉਦਾਸੀ ਯਾਤਰਾਵਾਂ ਆਰੰਭ ਕੀਤੀਆਂ, ਉਸ ਦਿਨ ਤੋਂ ਆਪਣੇ ਆਖਰੀ ਸਾਹ ਤੱਕ ਭਾਈ ਮਰਦਾਨਾ ਗੁਰਦੇਵ ਦੇ ਅੰਗ-ਸੰਗ ਰਹੇ। ਗੁਰੂੂ ਜੀ ਦੇ ਨੂਰੀ ਹਿਰਦੇ ਵਿਚ ਉਗਮੀ ‘ਧੁਰ ਕੀ ਬਾਣੀ` ਨੂੰ ਸੰਗੀਤਬੱਧ ਭਾਈ ਮਰਦਾਨਾ ਜੀ ਆਪਣੀ ਰਬਾਬ ‘ਤੇ ਕਰਦੇ ਸਨ। ਉਦਾਸੀ ਸਫ਼ਰ ਦੀਆਂ ਸਾਰੀਆਂ ਦੁਸ਼ਵਾਰੀਆਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਸਾਹੀਂ ਜਿਉਂਦਿਆਂ ਖਿੜੇ ਮੱਥੇ ਝੱਲੀਆਂ। ਭਾਈ ਸਾਹਿਬ ਜੀ ਨੇ ਆਖਰੀ ਸਾਹ ਗੁਰਦੇਵ ਦੀ ਗੋਦ ਵਿਚ ਲਿਆ। ਸਿੱਖ ਧਰਮ ਅਤੇ ਸੰਗਤਾਂ ਵਿੱਚ ਅਥਾਹ ਸ਼ਰਧਾ ਅਤੇ ਸਤਿਕਾਰ ਯੋਗ ਭਾਈ ਸਾਹਿਬ ਬਾਰੇ ਖੋਜ ਭਰਪੂਰ ਕਿਤਾਬ ਲਿਖਣ ਲਈ ਸ੍ਰ. ਜੋਸਨ ਨੂੰ ਸਤਿਕਾਰਤ ਮੁਬਾਰਕਬਾਦ ਦਿੱਤੀ। ਉਪਰੰਤ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਨੇ ਸ੍ਰ ਗੁਰਿੰਦਰਪਾਲ ਸਿੰਘ ਜੋਸਨ ਦੁਆਰਾ ਸਿੱਖ ਇਤਿਹਾਸ ਦੀ ਖੋਜ ਕਰਕੇ ਭਾਈ ਮਰਦਾਨਾ ਜੀ ਬਾਰੇ ਕਿਤਾਬ ਦੀ ਰਚਨਾ ਸਬੰਧੀ ਪਾਏ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ। ਡਾਕਟਰ ਗੁਮਟਾਲਾ ਨੇ ਕਿਹਾ ਕਿ ਪਹਿਲਾਂ ਮੁਗਲਾਂ ਨੇ ਅਤੇ ਫਿਰ ਫਿਰੰਗੀ ਸਾਮਰਾਜੀ ਹਕੂੂਮਤ ਨੇ ਪੁਰਾਤਨ ਸਿੱਖ ਇਤਿਹਾਸ ਅਤੇ ਸਾਹਿਤ ਦੇ ਅਣਮੁੱਲੇ ਖ਼ਜ਼ਾਨੇ ਦੇ ਕਾਫੀ ਵੱਡੇ ਹਿੱਸੇ ਨੂੰ ਸਾੜ ਕੇ ਦੁਸ਼ ਕਰਮ ਕੀਤਾ ਸੀ। ਹੁਣ ਲੋੜ ਹੈ ਕਿ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਪਾਸੋਂ ਖੋਜ ਕਾਰਜ ਕਰਵਾ ਕੇ, ਨਿਰਖ ਪਰਖ ਕਰਕੇ ਗਵਾਚੇ ਸਿੱਖ ਇਤਿਹਾਸ ਦੀ ਪੁਨਰ- ਰਚਨਾ ਜੁੰਮੇਵਾਰ ਸਿੱਖ ਸੰਸਥਾ ਦੁਆਰਾ ਕਰਵਾਈ ਜਾਵੇ।
ਆਪਣੀ ਪੁਸਤਕ ਦੀ ਰਚਨਾ ਲਈ ਕੀਤੇ ਖੋਜ ਕਾਰਜਾਂ ਅਤੇ ਦੇਸ਼ ਵਿਦੇਸ਼ ਦੇ ਸਫ਼ਰ ਬਾਰੇ ਸ੍ਰ. ਗੁਰਿੰਦਰਪਾਲ ਸਿੰਘ ਜੋਸਨ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਭਾਈ ਮਰਦਾਨਾ ਜੀ ਸਬੰਧੀ ਪੁਸਤਕ ਦੀ ਰਚਨਾ ਕਰਨ ਤੋਂ ਪਹਿਲਾਂ ਸ੍ਰ. ਜੋਸਨ ਨੇ ਸਾਰਾਗੜ੍ਹੀ ਦੇ ਯੋਧਿਆਂ ਬਾਰੇ ਵੀ ਵਿਲੱਖਣ ਖੋਜ ਕੀਤੀ ਹੈ, ਜਿਸ ਖੋਜ ‘ਤੇ ਅਧਾਰਿਤ ਫਿਲਮ “ਕੇਸਰੀ” ਦਾ ਨਿਰਮਾਣ ਹੋਇਆ। ਸ. ਜੋਸਨ ਰਬਾਬੀ ਭਾਈ ਮਰਦਾਨਾ ਜੀ ਫਾਊਂਡੇਸ਼ਨ ਇੰਕ. ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਵੀ ਹਨ। ਉਨ੍ਹਾਂ ਦੇ ਅਮਲ ਵਿਚ ਲਿਆਂਦੇ ਯਤਨਾਂ ਸਦਕਾ ਭਾਈ ਮਰਦਾਨਾ ਜੀ ਦੇ ਅਠਾਰਵੀਂ ਉਨੀਵੀਂ ਪੀੜ੍ਹੀ ਦੇ ਅੰਸ਼-ਵੰਸ਼ ਭਾਈ ਨਈਅਮ ਲਾਲ, ਭਾਈ ਮੁਹੰਮਦ ਹੁਸੈਨ ਅਤੇ ਭਾਈ ਸਰਫ਼ਰਾਜ਼ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਵਿਸ਼ੇਸ਼ ਕਾਰਜ ਹੋਏ ਹਨ। ਉਨ੍ਹਾਂ ਦੀ ਰਹਾਇਸ਼ ਸਬੰਧੀ ਮੁਸ਼ਕਿਲ ਦਾ ਹੱਲ ਕੀਤਾ ਗਿਆ ਹੈ। ਇਨ੍ਹਾਂ ਪਰਿਵਾਰਾਂ ਦੀ ਨਿਸ਼ਚਿਤ ਮਾਸਿਕ ਆਮਦਨ ਦਾ ਯਥਾਯੋਗ ਪੁਖਤਾ ਪ੍ਰਬੰਧ ਕਰਕੇ ਭਾਈ ਮਰਦਾਨਾ ਜੀ ਨੂੰ ਸ਼ਰਧਾ ਭੇਟ ਕੀਤੀ ਹੈ।
ਸ.ਗੁਰਿੰਦਰਪਾਲ ਸਿੰਘ ਦੇ ਖੋਜੀ ਬਿਰਤੀ ਅਤੇ ਯਤਨਾਂ ਦੀ ਪ੍ਰੋ. ਮੋਹਣ ਸਿੰਘ ਜੀ ਨੇ ਭਰਪੂੂਰ ਸ਼ਲਾਘਾ ਕੀਤੀ। ਵਰਨਣਯੋਗ ਹੈ ਕਿ ਸ. ਜੋਸਨ ਪ੍ਰੋ. ਮੋਹਣ ਸਿੰਘ ਜੀ ਦੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਵਿਦਿਆਰਥੀ ਰਹੇ ਹਨ। ਮੰਚ ਆਗੂ ਪ੍ਰਿੰਸੀਪਲ ਕੇਵਲ ਸਿੰਘ, ਮਾਈਕਲ ਰਾਹੁਲ ਇੰਜ. ਦਲਜੀਤ ਸਿੰਘ ਕੋਹਲੀ ਨੇ ਸ੍ਰ. ਜੋਸਨ ਦੇ ਉਪਰਾਲੇ ਨੂੰ ਸਲਾਹਿਆ। ਹਾਜ਼ਰੀਨ ਵਿਚ ਸੀਨੀਅਰ ਮੀਤ ਪ੍ਰਧਾਨ ਸ. ਸੁਰਿੰਦਰਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਸ. ਗਿਆਨ ਸਿੰਘ ਸੱਗ ਜਨਰਲ ਸਕੱਤਰ ਸ. ਨਿਸਾ਼ਨ ਸਿੰਘ ਵਿੱਤ ਸਕੱਤਰ ਸੇਵਕ ਸਿੰਘ, ਸ. ਬਲਬੀਰ ਸਿੰਘ ਰੰਧਾਵਾ ਇੰਜ. ਮਨਜੀਤ ਸਿੰਘ ਸੈਣੀ ਆਦਿ ਪਤਵੰਤੇ ਹਾਜਰ ਸਨ। ਪ੍ਰਧਾਨ ਸ੍ਰ. ਮਨਮੋਹਣ ਸਿੰਘ ਬਰਾੜ ਨੇ ਸ੍ਰ. ਗੁਰਿੰਦਰਪਾਲ ਸਿੰਘ ਜੋਸਨ ਦੇ ਯਾਦਗਾਰੀ ਅਤੇ ਸਿਰੜੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਹਾਜ਼ਰੀਨ ਦਾ ਧੰਨਵਾਦ ਕੀਤਾ
ਜਾਰੀ ਕਰਤਾ : ਡਾ. ਚਰਨਜੀਤ ਸਿੰਘ ਗੁਮਟਾਲਾ +91-9417533060