ਵਾਸ਼ਿੰਗਟਨ (ਸਮਾਜ ਵੀਕਲੀ):ਅਮਰੀਕਾ ਤੇ ਆਸਟਰੇਲੀਆ ‘ਕੁਆਡ’ ਗੱਠਜੋੜ ਰਾਹੀਂ ਵੱਧ ਤੋਂ ਵੱਧ ਸਹਿਯੋਗ ਕਰਨ ਦੇ ਚਾਹਵਾਨ ਹਨ ਤੇ ਦੋਵਾਂ ਮੁਲਕਾਂ ਨੇ ਆਪਣੀ ਗੱਲਬਾਤ ਵਿਚ ਚੀਨ ਬਾਰੇ ਵਿਸ਼ੇਸ਼ ਤੌਰ ’ਤੇ ਵਿਚਾਰ-ਚਰਚਾ ਕੀਤੀ ਹੈ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਮੈਰਿਸ ਪੇਨ ਅਮਰੀਕਾ ਦੇ ਦੌਰੇ ਉਤੇ ਹਨ ਤੇ ਉਨ੍ਹਾਂ ਆਪਣੇ ਹਮਰੁਤਬਾ ਟੌਨੀ ਬਲਿੰਕਨ ਨਾਲ ਵੀ ਮੁਲਾਕਾਤ ਕੀਤੀ।
ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਮੁਲਕ ਭਾਰਤ ਤੇ ਜਾਪਾਨ ਨਾਲ ਮਿਲ ਕੇ ਖੁੱਲ੍ਹਾ ਤੇ ਆਜ਼ਾਦ ਭਾਰਤੀ-ਪ੍ਰਸ਼ਾਂਤ ਖੇਤਰ ਉਸਾਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ‘ਅਸੀਂ ਵੱਡੀਆਂ ਤੇ ਗੁੰਝਲਦਾਰ ਚੁਣੌਤੀਆਂ ਜਿਨ੍ਹਾਂ ਵਿਚ ਪੂਰਬੀ ਤੇ ਦੱਖਣੀ ਚੀਨ ਸਾਗਰਾਂ ਵਿਚ ਕੌਮਾਂਤਰੀ ਕਾਨੂੰਨਾਂ ਦਾ ਮਾਣ ਰੱਖਣਾ ਸ਼ਾਮਲ ਹੈ, ਲਈ ਮਿਲ ਕੇ ਕੰਮ ਕਰ ਰਹੇ ਹਾਂ, ਇਸ ਤੋਂ ਇਲਾਵਾ ਸੁਰੱਖਿਅਤ, ਪ੍ਰਭਾਵੀ ਕੋਵਿਡ ਵੈਕਸੀਨ ਪੂਰੀ ਦੁਨੀਆ ਨੂੰ ਮੁਹੱਈਆ ਕਰਵਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’
ਪੇਨ ਨੇ ਕਿਹਾ ਕਿ ਅਮਰੀਕਾ ਨਾਲ ਹੋਈ ਵਿਚਾਰ-ਚਰਚਾ ਵਿਚ ਚੀਨ ਨਾਲ ਆਸਟਰੇਲੀਆ ਦੇ ਰਿਸ਼ਤਿਆਂ ਉਤੇ ਵੀ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਚੀਨ ਨਾਲ ਉਸਾਰੂ ਰਿਸ਼ਤੇ ਤੇ ਸੰਵਾਦ ਚਾਹੁੰਦਾ ਹੈ। ਇਸ ਲਈ ਉਹ ਹਰ ਵੇਲੇ ਤਿਆਰ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੀ ਚੀਨ ਨਾਲ ਵਾਪਰਕ ਤੇ ਹੋਰ ਪੱਖਾਂ ਤੋਂ ਤਕਰਾਰ ਜਾਰੀ ਹੈ ਤੇ ਅਮਰੀਕਾ ਨੇ ਕਿਹਾ ਹੈ ਕਿ ਉਹ ਆਸਟਰੇਲੀਆ ਨਾਲ ਹਰ ਹਾਲ ਖੜ੍ਹੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly