HOME ਨੇੜੇ ਆਉਂਦੀ ਬਰਸਾਤ ਨੂੰ ਲੈ ਕੇ ਗੋਲੂ ਮਾਜਰਾ ਦੇ ਐਸਸੀ ਮੁਹੱਲੇ...

ਨੇੜੇ ਆਉਂਦੀ ਬਰਸਾਤ ਨੂੰ ਲੈ ਕੇ ਗੋਲੂ ਮਾਜਰਾ ਦੇ ਐਸਸੀ ਮੁਹੱਲੇ ਨੂੰ ਢਾਹੇ ਦੇ ਧਸਣ ਦੀ ਫਿਰ ਸਤਾਉਣ ਲੱਗੀ ਚਿੰਤਾ

15
ਕੈਪਸ਼ਨ -ਗੋਲੂ ਮਾਜਰਾ ਵਿੱਚ ਐਸਸੀ ਮੁਹੱਲੇ ਦੇ ਮਕਾਨਾਂ ਦੇ ਨਾਲ ਲੱਗਦੇ ਢਾਹੇ ਦੀਆਂ ਤਸਵੀਰਾਂ।

ਕਿਸੇ ਵੀ ਸਰਕਾਰ ਜਾਂ ਵਿਭਾਗ ਨੇ ਸਮੱਸਿਆ ਦਾ ਨਹੀਂ ਕੀਤਾ ਕੋਈ ਹੱਲ

ਨਵਾਂਸ਼ਹਿਰ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਖੇਤਰ ਦੇ ਪਿੰਡ ਗੋਲੂ ਮਾਜਰਾ ਵਿੱਚ ਐਸਸੀ ਮੁਹੱਲੇ ਦੇ ਘਰਾਂ ਦੇ ਨਾਲ ਲੱਗਦਾ ਢਾਹਾ ਜੋ ਪਿਛਲੀਆਂ ਬਰਸਾਤਾਂ ਦੌਰਾਨ ਕਾਫੀ ਧਸ ਚੁੱਕਿਆ ਹੈ, ਹੁਣ ਫਿਰ ਨੇੜੇ ਆ ਰਹੀ ਬਰਸਾਤ ਕਾਰਨ ਮੁਹੱਲਾ ਨਿਵਾਸੀਆਂ ਨੂੰ ਢਾਹੇ ਦੇ ਧਸਣ ਦੀ ਚਿੰਤਾ ਫਿਰ ਤੋਂ ਸਤਾਉਣ ਲੱਗ ਪਈ ਹੈ ਕਿਉਂਕਿ ਜੇਕਰ ਭਾਰੀ ਬਰਸਾਤ ਹੋਈ ਤਾਂ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਗੌਰਤਲਬ  ਹੈ ਕਿ ਗੋਲੂ ਮਾਜਰਾ ਦੇ ਐਸਸੀ ਮੁਹੱਲੇ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਨੇ ਕੁੱਝ ਸਾਲ ਪਹਿਲਾਂ ਕਰਾਹੀ ਕਰਕੇ 20-22 ਫੁੱਟ ਦੇ ਕਰੀਬ ਖੇਤ ਨੀਵੇਂ ਕਰ ਲਏ ਸਨ ਜਿਸ ਨਾਲ ਮੁਹੱਲੇ ਦੇ ਘਰਾਂ ਨਾਲ ਵੱਡਾ ਢਾਹਾ ਬਣ ਗਿਆ ਸੀ ਅਤੇ ਹਰ ਬਰਸਾਤ ਦੌਰਾਨ ਮਿੱਟੀ ਖੁਰਨ ਨਾਲ ਢਾਹੇ ਦੀ ਹੱਦ ਲੋਕਾਂ ਦੇ ਮਕਾਨਾਂ ਅਤੇ ਧਰਮਸ਼ਾਲਾ ਵੱਲ ਨੂੰ ਵਧਦੀ ਗਈ। ਮੁਹੱਲਾ ਨਿਵਾਸੀਆਂ ਨੇ ਮਕਾਨਾਂ ਦੀ ਸੁਰੱਖਿਆ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਗੁਹਾਰ ਵੀ ਲਗਾਈ ਪਰ ਢਾਹੇ ਦੇ ਬਚਾਅ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸਾਲ 2023 ਦੀ ਭਾਰੀ ਬਰਸਾਤ ਵਿੱਚ ਜਿੱਥੇ ਵੱਖ-ਵੱਖ ਥਾਈ ਨੁਕਸਾਨ ਹੋਇਆ ਉਥੇ ਹੀ ਉਕਤ ਮੁਹੱਲੇ ਦਾ ਢਾਹਾ ਵੀ ਬੁਰੀ ਤਰ੍ਹਾਂ ਧਸ ਗਿਆ ਤੇ ਉਸ ਦੀ ਹੱਦ ਮਕਾਨਾਂ ਦੀਆਂ ਕੰਧਾਂ ਦੇ ਨਾਲ ਆ ਲੱਗੀ ਜਿਸ ਨਾਲ ਨਿਵਾਸੀਆਂ ਨੂੰ ਆਪਣੇ ਜਾਨ ਮਾਲ ਦਾ ਖਤਰਾ ਹੋਰ ਵੱਧ ਗਿਆ। ਹਲਕਾ ਵਿਧਾਇਕ ਵੱਲੋਂ ਬਰਸਾਤ ਨਾਲ ਹੋਏ ਨੁਕਸਾਨ ਦਾ ਜਿੱਥੇ ਬਾਕੀ ਪਿੰਡਾਂ ਵਿੱਚ ਮੌਕਾ ਦੇਖਿਆ ਗਿਆ ਉੱਥੇ ਹੀ ਉਕਤ ਐਸ.ਸੀ ਮਹੱਲੇ ਦਾ ਵੀ ਮੌਕਾ ਦੇਖਿਆ ਗਿਆ ਅਤੇ ਇਸ ਸਮੱਸਿਆ ਦੇ ਹੱਲ ਦਾ ਵਾਅਦ ਵੀ ਕੀਤਾ ਸੀ।  ਬਾਅਦ ਵਿੱਚ ਮੁਹੱਲਾ ਨਿਵਾਸੀਆਂ ਨੇ ਢਾਹੇ ਦੀ ਰੋਕਥਾਮ ਲਈ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਬੇਨਤੀਆਂ ਵੀ ਕੀਤੀਆਂ ਪਰੰਤੂ ਕੋਈ ਵੀ ਹੱਲ ਨਾ ਹੋਇਆ। ਮਿਹਨਤ ਮਜ਼ਦੂਰੀ ਕਰਕੇ ਬਣਾਏ ਮਕਾਨਾਂ ਨੂੰ ਡਿੱਗਣ ਤੋਂ ਬਚਾਉਣ ਲਈ ਲੋਕ ਮਹਿੰਗੇ ਭਾਅ ਦੇ ਪਲਾਸਟਿਕ ਦੀਆਂ ਤਰਪਾਲਾਂ ਆਦਿ ਖਰੀਦ ਕੇ ਮੀਂਹ ਦੌਰਾਨ ਢਾਹੇ ਉੱਤੇ ਦਿੰਦੇ ਹਨ ਤਾਂ ਜੋ ਕੁੱਝ ਬਚਾਅ ਰਹੇ। ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਵੀ ਵਿਭਾਗ ਜਾਂ ਸਰਕਾਰ ਨੇ ਮੁਹੱਲਾ ਨਿਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਕੋਈ ਹੱਲ ਨਹੀਂ ਕੀਤਾ। ਪ੍ਰਸ਼ਾਸਨ ਅਤੇ ਸਰਕਾਰ ਤੋਂ ਮਿਲੀ ਨਮੋਸ਼ੀ ਤੋਂ ਬਾਅਦ  ਫਿਰ ਮੁਹੱਲਾ ਨਿਵਾਸੀ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇ ਪਰ ਉਹਨਾਂ ਕਿਹਾ ਕਿ ਇਹ ਕੰਮ ਸਾਡਾ ਮਹਿਕਮਾ ਨਹੀਂ ਕਰਵਾ ਸਕਦਾ ਅਤੇ ਤੁਸੀਂ ਡਰੇਨੇਜ਼ ਵਿਭਾਗ ਜਾਂ ਪੰਚਾਇਤ ਵਿਭਾਗ ਨੂੰ ਮਿਲੋ ਪ੍ਰੰਤੂ ਅਫਸੋਸ ਕਿ ਪੰਚਾਇਤ ਵਿਭਾਗ ਗੱਲ ਨੂੰ ਭੂਮੀ ਰੱਖਿਆ ਵਿਭਾਗ ਦੇ ਜਿੰਮੇ ਲਾ ਰਿਹਾ ਹੈ ਜਦਕਿ ਡਰੇਨੇਜ਼ ਵਿਭਾਗ ਦਾ ਇੱਕ ਕਰਮਚਾਰੀ ਮੌਕਾ ਜਰੂਰ ਦੇਖਣ ਆਇਆ ਸੀ ਪਰ ਉਸ ਤੋਂ ਬਾਅਦ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਨਹੀਂ ਆਇਆ। ਜਦੋਂ ਬਰਸਾਤ ਵਿੱਚ ਨੁਕਸਾਨ ਹੁੰਦਾ ਹੈ ਤਾਂ ਪ੍ਰਸ਼ਾਸਨ ਤੇ ਸਰਕਾਰ ਲੋਕਾਂ ਦੀ ਹਿਫਾਜ਼ਤ ਲਈ ਬੜੇ ਵਾਅਦੇ ਕਰਦੇ ਹਨ ਅਤੇ ਤੁਰੰਤ ਮੌਕੇ ਦਾ ਜਾਇਜਾ ਲੈਣ ਪਹੁੰਚ ਜਾਂਦੇ ਹਨ ਲੇਕਿਨ ਜੇ ਲੋਕ ਸਮਾਂ ਰਹਿੰਦੇ  ਸਮੱਸਿਆ ਬਾਰੇ ਦੱਸਣ ਤਾਂ ਉਹਨਾਂ ਦੀ ਕੋਈ ਨਹੀਂ ਸੁਣਦਾ।  ਖੇਤਾਂ ਨੂੰ ਬਚਾਉਣ ਲਈ ਲੱਖਾਂ ਖਰਚ ਕੇ ਲਗਾਏ ਜਾ ਰਹੇ ਹਨ ਡੰਗੇ , ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਬਰਸਾਤੀ ਖੱਡ ਦੇ ਨਾਲ ਲੱਗਦੇ ਖੇਤਾਂ ਨੂੰ ਬਰਸਾਤੀ ਪਾਣੀ ਖੋਰਾ ਲਗਾ ਦਿੰਦਾ ਹੈ ਜੋ ਕਰੀਬ ਹਰ ਸਾਲ ਲੱਗਦਾ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਖੇਤਾਂ ਨੂੰ ਬਚਾਉਣ ਲਈ ਸਰਕਾਰ ਅਤੇ ਵਿਭਾਗ ਵੱਲੋਂ ਡੰਗੇ ਲਗਾਉਣ ਉਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਜਾਂਦੇ ਹਨ ਪਰੰਤੂ ਜਿਨਾਂ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਦਾ ਖਤਰਾ ਸਿਰ ਉੱਤੇ ਮੰਡਰਾ ਰਿਹਾ ਹੈ ਉਧਰ ਕਿਸੇ ਵੀ  ਵਿਭਾਗ ਜਾਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ। ਮੁਹੱਲਾ ਨਿਵਾਸੀਆਂ ਰਾਮਦਾਸ, ਗੁਰਮੇਲ ਚੰਦ, ਰਾਮਜੀ ਦਾਸ, ਹਰਦਿਆਲ ਚੰਦ, ਮਨਦੀਪ ਕੁਮਾਰ, ਹੈਪੀ, ਵਿਸ਼ਾਲ, ਜੋਗਿੰਦਰ ਪਾਲ, ਵਿਨੋਦ ਕੁਮਾਰ, ਓਮ ਪ੍ਰਕਾਸ਼, ਰਾਜ ਕੁਮਾਰ, ਰਾਕੇਸ਼ ਲੱਕੀ, ਰਜਿੰਦਰ ਕੁਮਾਰ ਤੇ ਔਰਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆ ਰਹੀ ਬਰਸਾਤ ਨੂੰ ਮੁੱਖ ਰੱਖਦੇ ਹੋਏ ਮੁਹੱਲੇ ਦੇ ਨਾਲ ਲੱਗਦੇ ਢਾਹੇ ਨੂੰ ਧਸਣ ਤੋਂ ਬਚਾਉਣ ਲਈ ਕੋਈ ਪੱਕਾ ਬੰਦੋਬਸਤ ਜਰੂਰ ਕੀਤਾ ਜਾਵੇ ਤਾਂ ਜੋ  ਉਹਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦੁਆਬਾ ਸਾਹਿਤਕ ਮੰਚ ਲਧਾਣਾ ਝਿੱਕਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ
Next articleਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਪਿੰਡ ਨਿੱਘੀ ਵਿਖੇ 5 ਲੱਖ ਦੀ ਲਾਗਤ ਨਾਲ ਬਣੀ ਗਲੀ ਦਾ ਉਦਘਾਟਨ