ਬੁੱਧ ਵਿਵੇਕ

ਕਦਮ ਦਾ ਸਫ਼ਰ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਮਨੁੱਖੀ ਜ਼ਿੰਦਗੀ ਦਾ ਸਫ਼ਰ ਸਿਰਫ਼ ਇੱਕ ਕਦਮ ਚੁੱਕਣ ਦਾ ਹੈ। ਬਾਕੀ ਸਫ਼ਰ ਤੈਅ ਦੂਜੇ ਕਦਮਾਂ ਨਾਲ ਹੋ ਜਾਂਦਾ ਹੈ। ਅਸੀਂ ਫੈਸਲਾ ਲੈਣ ਤੋਂ ਪਹਿਲਾਂ ਸੋਚਦੇ ਹਾਂ, ਉਸ ਦੀ ਲਾਭ ਤੇ ਹਾਨੀ ਬਾਰੇ। ਮੁਲਾਜ਼ਮ ਤੇ ਗੁਲਾਮ ਵਿੱਚ ਕੋਈ ਫ਼ਰਕ ਨਹੀਂ ਹੁੰਦਾ। ਇਹ ਦੋਵੇਂ ਹੋਣ ਵਾਲੇ ਨੁਕਸਾਨ ਬਾਰੇ ਬਹੁਤ ਸੋਚਦੇ ਹਨ। ਇਸੇ ਕਰਕੇ ਉਹ ਆਪਣੀ ਜ਼ਿੰਦਗੀ ਦੇ ਕੈਦੀ ਬਣ ਕੇ ਰਹਿ ਜਾਂਦੇ ਹਨ। ਪਿੰਜਰੇ ਵਿਚ ਤੇ ਜੰਗਲ ਵਿੱਚ ਘੁੰਮਣ ਫਿਰਨ ਵਾਲੇ ਪੰਛੀਆਂ ਤੇ ਜਾਨਵਰਾਂ ਵਿੱਚ ਫ਼ਰਕ ਹੁੰਦਾ ਹੈ। ਇਹੋ ਹਾਲ ਮਨੁੱਖ ਦਾ ਜੀਵਨ ਦਾ ਹੁੰਦਾ ਹੈ। ਅਸੀਂ ਪੌਦਾ ਲਗਾ ਕੇ ਉਸ ਤੋਂ ਹੋਣ ਵਾਲੇ ਮੁਨਾਫ਼ੇ ਹਿਸਾਬ ਕਿਤਾਬ ਵਿੱਚ ਉਲਝ ਕੇ ਰਹਿ ਜਾਂਦੇ ਹਾਂ। ਜਦੋਂ ਅਸੀਂ ਹੱਥਾਂ ਦੀਆਂ ਗੱਠਾਂ ਭੰਨਣ ਲੱਗਦੇ ਹਾਂ ਅਸੀਂ ਵਪਾਰੀ ਬਣ ਜਾਂਦੇ ਹਾਂ। ਅਸੀਂ ਚੰਗੇ ਪਾਸੇ ਤੁਰਨ ਲੱਗਿਆ ਬਹੁਤ ਵਾਰ ਸੋਚਦੇ ਹਾਂ ਪਰ ਗ਼ਲਤ ਦਿਸ਼ਾ ਵੱਲ ਤੁਰਦਿਆਂ ਨਹੀਂ ਸੋਚਦੇ। ਹੁਣ ਇਹ ਵੀ ਕਹਿ ਸਕਦੇ ਕਿ ਬਿਨਾਂ ਸੋਚਿਆਂ ਕੁੱਝ ਹੁੰਦਾ ਨਹੀਂ। ਸੂਰਜ ਹਰ ਵੇਲੇ ਸਿਖਰ ਉਤੇ ਹੈ, ਧਰਤੀ ਪਾਸਾ ਬਦਲਦੀ ਹੈ। ਇਵੇਂ ਜ਼ਿੰਦਗੀ ਦੇ ਵਿੱਚ ਵਾਪਰਦਾ ਹੈ। ਪਾਸਾ ਕੌਣ ਵੱਟਦਾ ਹੈ ਤੇ ਕੌਣ ਮੁਨਾਫ਼ਾ ਖੱਟਦਾ ਹੈ ? ਇਹ ਸੋਚਣ ਦਾ ਸਵਾਲ ਹੈ। ਪਰ ਅਸੀਂ ਨਾ ਸੋਚਦੇ ਹਾਂ ਤੇ ਨਾ ਹੀ ਸਵਾਲ ਕਰਦੇ ਹਾਂ। ਤੁਰਦੇ ਅਸੀਂ ਇੱਕ ਕਦਮ ਨਹੀਂ, ਮੰਜ਼ਿਲ ਸਰ ਕਰਨ ਦੀ ਸੋਚਾਂ ਸੋਚਦੇ ਹਾਂ। ਅਸੀਂ ਸਾਹਿਤ ਦੇ ਨਾਲ ਨਹੀਂ ਜੁੜਦੇ। ਸਾਹਿਤ ਸਾਨੂੰ ਨਵੀਂ ਦੁਨੀਆਂ ਦੇ ਰਸਤੇ ਵਿਖਾਉਂਦਾ ਹੈ। ਜਿਵੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਮੰਨਦੇ ਹਾਂ, ਪਰ ਉਹਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ। ਅਸੀਂ ਅਰਦਾਸ ਕਰਦੇ ਹਾਂ ਭਲਾ ਸਰਬੱਤ ਦਾ ਮੰਗਦੇ ਹਾਂ। ਝੋਲੀਆਂ ਆਪਣੀਆਂ ਭਰਦੇ ਹਾਂ। ਸਾਡੀ ਕਹਿਣੀ ਤੇ ਕਥਨੀ ਵਿੱਚ ਫਰਕ ਹੈ। ਫ਼ਰਕ ਜਿਥੇ ਵੀ ਹੋਵੇਗਾ, ਉਥੇ ਹੀ ਵਿੱਥ ਹੋਵੇਗੀ। ਜਿਵੇਂ ਸੁਆਣੀ ਆਟਾ ਗੁੰਨ੍ਹ ਦੀ ਹੈ, ਉਸਨੂੰ ਪਾਣੀ ਲਾ ਲਾ ਕੇ ਇੱਕ ਜਾਨ ਕਰਦੀ ਹੈ। ਫੇਰ ਉਸਨੂੰ ਕੁੱਝ ਸਮੇਂ ਲਈ ਰੱਖਦੀ ਹੈ ਤਾਂ ਕਿ ਉਸ ਵਿੱਚ ਠਹਿਰਾਅ ਆ ਜਾਵੇ। ਜਿਵੇਂ ਜ਼ਿੰਦਗੀ ਦੇ ਸਬਰ ਤੇ ਬੇਸਬਰੇ ਵਿਚ ਫਰਕ ਹੁੰਦਾ ਹੈ। ਸਬਰ ਵਾਲਾ ਮਨੁੱਖ ਸ਼ਾਂਤ ਸੁਭਾਅ ਦਾ ਮਾਲਕ ਹੈ। ਜ਼ਿੰਦਗੀ ਦੇ ਸਫ਼ਰ ਵਿੱਚ ਪਹਿਲਾਂ ਕਦਮ ਹੀ ਤੁਹਾਨੂੰ ਦੱਸ ਦੇਂਦਾ ਹੈ ਕਿ ਤੁਸੀਂ ਗੁਣਵਾਨ ਓ ਜਾਂ ਵਿਖਾਵਾਕਾਰੀ। ਇਸੇ ਕਰਕੇ ਓਸੇ ਨੇ ਨਿੱਕੀਆਂ ਨਿੱਕੀਆਂ ਉਦਾਹਰਣਾਂ ਦੇ ਕੇ ਸਾਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਇਆ ਹੈ। ਜੇ ਕੋਈ ਸ਼ੱਕ ਹੈ ਤਾਂ ਆ ਕਥਾ ਪੜ੍ਹ ਲਵੋ।
ਬੁੱਧ ਸਿੰਘ ਨੀਲੋਂ
—– 9464370823

ਕਥਾ ਸ੍ਰਵਨ ਕਰੋ ਜੀ
ਇੱਕ ਘਟਨਾ ਮੈਨੂੰ ਯਾਦ ਆਉਂਦੀ ਹੈ ਇੱਕ ਪਿੰਡ ਦੇ ਕੋਲ ਇੱਕ ਸੁੰਦਰ ਪਹਾੜ ਸੀ। ਉਸ ਪਹਾੜ ਦੇ ਕੋਲ ਇੱਕ ਬਹੁਤ ਸੁੰਦਰ ਮੰਦਿਰ ਸੀ। ਉਹ ਦਸ ਮੀਲ ਦੀ ਦੂਰੀ ਤੇ ਹੀ ਸੀ ਅਤੇ ਪਿੰਡ ਤੋਂ ਇਹ ਮੰਦਿਰ ਦਿਖਾਈ ਵੀ ਦਿੰਦਾ ਸੀ। ਦੂਰ ਦੂਰ ਦੇ ਲੋਕ ਇਸ ਮੰਦਿਰ ਦੇ ਦਰਸ਼ਨ ਕਰਨ ਆਉਂਦੇ ਅਤੇ ਉਸ ਪਹਾੜ ਨੂੰ ਦੇਖਣ ਜਾਂਦੇ। ਉਸ ਪਿੰਡ ਵਿੱਚ ਇੱਕ ਨੌਜਵਾਨ ਵੀ ਸੀ। ਉਹ ਵੀ ਸੋਚਦਾ ਸੀ ਕਿ ਕਦੀ ਮੈਂ ਵੀ ਦੇਖ ਕੇ ਆਵਾਂਗਾ। ਲੇਕਿਨ ਇੱਕ ਦਿਨ ਉਸ ਨੇ ਤੈਅ ਕੀਤਾ ਕਿ ਮੈਂ ਕਦੋਂ ਤੱਕ ਰੁਕਿਆ ਰਹਾਂਗਾ।ਅੱਜ ਰਾਤ ਮੈਂ ਉੱਠ ਕੇ ਚਲਾ ਜਾਵਾਂਗਾ। ਸਵੇਰੇ ਧੁੱਪ ਵਧ ਜਾਂਦੀ ਸੀ। ਇਸ ਲਈ ਉਹ ਦੋ ਵਜੇ ਰਾਤ ਨੂੰ ਉੱਠਿਆ। ਉਸ ਨੇ ਲਾਲਟੈਨ ਜਗਾਈ ਅਤੇ ਪਿੰਡੋਂ ਬਾਹਰ ਆ ਗਿਆ। ਬਹੁਤ ਹਨੇਰੀ ਰਾਤ ਸੀ, ਉਹ ਡਰ ਗਿਆ। ਉਸ ਨੇ ਸੋਚਿਆ, ਛੋਟੀ ਜਿਹੀ ਲਾਲਟੈਣ ਹੈ, ਦੋ ਤਿੰਨ ਕਦਮ ਤੱਕ ਰੋਸ਼ਨੀ ਜਾਂਦੀ ਹੈ ਅਤੇ ਦਸ ਮੀਲ ਦਾ ਫਾਸਲਾ ਹੈ। ਦਸ ਮੀਲ ਦਾ ਹਨੇਰਾ ਇੰਨੀ ਛੋਟੀ ਜਿਹੀ ਲਾਲਟੈਣ ਨਾਲ ਕਿਵੇਂ ਕੱਟੇਗਾ। ਹਨੇਰਾ ਇੰਨਾ ਵਿਸ਼ਾਲ ਹੈ ਤੇ ਇੰਨੀ ਛੋਟੀ ਜਿਹੀ ਲਾਲਟੈਣ ਹੈ ਮੇਰੇ ਕੋਲ। ਇਸ ਦੇ ਨਾਲ ਕੀ ਹੋਵੇਗਾ? ਇਹਦੇ ਨਾਲ ਦਸ ਮੀਲ ਪਾਰ ਨਹੀਂ ਕੀਤੇ ਜਾ ਸਕਦੇ। ਸੂਰਜ ਦਾ ਰਸਤਾ ਦੇਖਣਾ ਚਾਹੀਦਾ ਹੈ ,ਫਿਰ ਠੀਕ ਰਹੇਗਾ। ਉਹ ਉੱਥੇ ਹੀ ਪਿੰਡ ਦੇ ਬਾਹਰ ਬੈਠ ਗਿਆ।
ਠੀਕ ਵੀ ਸੀ,ਉਸ ਦਾ ਹਿਸਾਬ ਬਿਲਕੁਲ ਸਹੀ ਸੀ। ਆਮ ਤੌਰ ਤੇ ਅਜਿਹਾ ਹਿਸਾਬ ਬਹੁਤੇ ਲੋਕਾਂ ਦਾ ਹੁੰਦਾ ਹੈ। ਤਿੰਨ ਫੁੱਟ ਤੱਕ ਤਾਂ ਰੋਸ਼ਨੀ ਪਹੁੰਚਦੀ ਹੈ ਅਤੇ ਦਸ ਮੀਲ ਲੰਬਾ ਰਸਤਾ ਹੈ। ਤਕਸੀਮ ਕਰੀਏ ਦਸ ਮੀਲ ਵਿੱਚ ਤਿੰਨ ਫੁੱਟ ਨੂੰ ਤਾਂ ਕੀ ਇਸ ਲਾਲਟੈਣ ਨਾਲ ਕੰਮ ਚੱਲਣ ਵਾਲਾ ਹੈ ? ਲੱਖਾਂ ਲਾਲਟੈਣਾਂ ਚਾਹੀਦੀਆਂ ਹਨ। ਫਿਰ ਕਿਤੇ ਕੁੱਝ ਹੋ ਸਕਦਾ ਹੈ। ਉਹ ਉੱਥੇ ਡਰਿਆ ਬੈਠਾ ਹੈ ਅਤੇ ਸਵੇਰ ਦੀ ਉਡੀਕ ਕਰਦਾ ਹੈ।
ਉਸੇ ਵੇਲੇ ਇੱਕ ਬੁੱਢਾ ਆਦਮੀ ਇੱਕ ਛੋਟੇ ਜਿਹੇ ਦੀਵੇ ਨੂੰ ਹੱਥ ਵਿੱਚ ਲੈ ਕੇ ਤੁਰਿਆ ਜਾ ਰਿਹਾ ਹੈ। ਉਸ ਨੇ ਬੁੱਢੇ ਨੂੰ ਪੁੱਛਿਆ, ਪਾਗਲ ਹੋ ਗਿਐਂ ? ਕੁੱਝ ਹਿਸਾਬ ਦਾ ਪਤਾ ਹੈ? ਦਸ ਮੀਲ ਦਾ ਲੰਮਾ ਰਸਤਾ ਹੈ, ਤੇਰੇ ਦੀਵੇ ਤੋਂ ਤਾਂ ਇੱਕ ਕਦਮ ਵੀ ਰੌਸ਼ਨੀ ਨਹੀਂ ਪੈਂਦੀ।
ਉਸ ਬੁੱਢੇ ਨੇ ਕਿਹਾ, ਪਾਗਲ ਇੱਕ ਕਦਮ ਤੋਂ ਵੱਧ ਕਦੇ ਕੋਈ ਚੱਲ ਸਕਿਐ ? ਇੱਕ ਕਦਮ ਤੋਂ ਵੱਧ ਮੈਂ ਵੀ ਨਹੀਂ ਚੱਲ ਸਕਦਾ, ਰੋਸ਼ਨੀ ਚਾਹੇ ਹਜ਼ਾਰ ਮੀਲ ਵੀ ਪੈਂਦੀ ਰਹੇ। ਅਤੇ ਜਦੋਂ ਤੱਕ ਮੈਂ ਇੱਕ ਕਦਮ ਚੱਲਦਾ ਹਾਂ ਉਦੋਂ ਤੱਕ ਰੋਸ਼ਨੀ ਵੀ ਇੱਕ ਕਦਮ ਅੱਗੇ ਵਧ ਜਾਂਦੀ ਹੈ। ਦਸ ਮੀਲ ਕੀ ਹੈ, ਮੈਂ ਦਸ ਹਜ਼ਾਰ ਮੀਲ ਪਾਰ ਕਰ ਲਵਾਂਗਾ। ਉੱਠ ਆ, ਤੂੰ ਕਿਉਂ ਬੈਠਾ ਹੈਂ ? ਤੇਰੇ ਕੋਲ ਤਾਂ ਚੰਗੀ ਲਾਲਟੈਣ ਹੈ। ਇੱਕ ਕਦਮ ਤੂੰ ਅੱਗੇ ਚੱਲੇਂਗਾ, ਰੌਸ਼ਨੀ ਉੱਨੀ ਅੱਗੇ ਵਧ ਜਾਵੇਗੀ।
ਜ਼ਿੰਦਗੀ ਵਿੱਚ, ਜੇਕਰ ਕੋਈ ਪੂਰਾ ਹਿਸਾਬ ਹੀ ਲਗਾ ਲਵੇ ਤਾਂ ਉਹ ਉੱਥੇ ਹੀ ਬੈਠ ਜਾਵੇਗਾ। ਉੱਥੇ ਹੀ ਡਰ ਜਾਵੇਗਾ ਅਤੇ ਖਤਮ ਹੋ ਜਾਵੇਗਾ। ਜ਼ਿੰਦਗੀ ਵਿੱਚ ਇੱਕ ਇੱਕ ਕਦਮ ਦਾ ਹਿਸਾਬ ਲਾਉਣ ਵਾਲੇ ਲੋਕ ਹਜ਼ਾਰਾਂ ਮੀਲ ਚੱਲ ਲੈਂਦੇ ਹਨ। ਅਤੇ ਹਜ਼ਾਰਾਂ ਮੀਲਾਂ ਦਾ ਹਿਸਾਬ ਲਾਉਣ ਵਾਲੇ ਲੋਕ ਇੱਕ ਕਦਮ ਵੀ ਨਹੀਂ ਚੱਲ ਸਕਦੇ , ਡਰਦੇ ਉੱਥੇ ਹੀ ਬੈਠੇ ਰਹਿ ਜਾਂਦੇ ਹਨ।
ਮੈਂ ਤੁਹਾਨੂੰ ਕਹਾਂਗਾ, ਇਸ ਦੀ ਫ਼ਿਕਰ ਨਾ ਕਰੋ.. ਬੱਸ ਤੁਰਨਾ ਸ਼ੁਰੂ ਕਰ ਦਿਓ। ਇੱਕ ਇੱਕ ਕਦਮ। ਅਤੇ ਤੁਸੀਂ ਪਹੁੰਚ ਜਾਵੋਗੇ..
ਇੱਕ ਇੱਕ ਕਦਮ …
ਓਸ਼ੋ ਪੜ੍ਹਦਿਆਂ…!
(ਧੰਨਵਾਦ ਸਹਿਤ ਬਾਬਾਣੀਆਂ ਕਹਾਣੀਆਂ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮੈਂ ਖ਼ਾਲੀ ਹੋ ਰਹੀ ਹਾਂ
Next articleਬੁੱਧ ਬਾਣ