(ਸਮਾਜ ਵੀਕਲੀ)
ਬ੍ਰਾਹਮਣ ਹੋ ਕੇ ਬ੍ਰਹਮ ਨੂੰ ਭੁੱਲਿਆ,ਕਿਉਂ ਸੱਚ ਨਾਲ ਮੱਥਾ ਲਾਇਆ
ਚੰਦ ਮੋਹਰਾਂ ਦੇ ਲਾਲਚ ਵਿੱਚ , ਕਿਉਂ ਤੂੰ ਆਪਣਾ ਧਰਮ ਭੁਲਾਇਆ
ਫੁੱਲਾਂ ਵਰਗੇ ਲਾਲ ਬਾਲਾਂ ਨੂੰ , ਤੂੰ ਕਿਉਂ ਕਾਫ਼ਰਾਂ ਹੱਥ ਫ਼ੜਾਇਆ
ਕਿਉਂ ਤੂੰ ਕਹਿਰ ਕਮਾਇਆ ਗੰਗੂਆ, ਤੂੰ ਕਿਉਂ ਕਹਿਰ ਕਮਾਇਆ
ਠੰਡੇ ਬੁਰਜ ਤੇ ਦਾਦੀ ਤੇ ਪੋਤੇ , ਮੁਗਲਾਂ ਨੇ ਕੈਦ ਸੀ ਕੀਤੇ
ਗੁਰੂ ਸਹਾਰੇ ਰੱਬ ਆਸਰੇ , ਪਲ – ਪਲ ਓਹਨਾਂ ਦੇ ਬੀਤੇ
ਪਰ ਤੇਰੀ ਚੰਦਰੀ ਖੋਟ , ਓਹਨਾਂ ਨੂੰ , ਨੀਹਾਂ ਵਿੱਚ ਚਿਣਵਾਇਆ
ਕਿਉਂ ਤੂੰ ਕਹਿਰ ਕਮਾਇਆ ਗੰਗੂਆ, ਤੂੰ ਕਿਉਂ ਕਹਿਰ ਕਮਾਇਆ
ਓਹਨਾਂ ਵਾਰ ਦਿੱਤਾ ਪਰਵਾਰ ਹੀ ਸਾਰਾ,ਮਾਨਵਤਾ ਦੀ ਖਾਤਿਰ
ਓਹਨਾਂ ਦੁੱਖ ਝੱਲਿਆ ਭਾਰੇ ਤੋਂ ਭਾਰਾ, ਮਾਨਵਤਾ ਦੀ ਖਾਤਿਰ
ਸਤਿਗੁਰੂ ਦੇ ਸ਼ੁਭ ਕਾਰਜ ਦੇ ਨਾਲ , ਕਿਉਂ ਤੂੰ ਵੈਰ ਕਮਾਇਆ
ਕਿਉਂ ਤੂੰ ਕਹਿਰ ਕਮਾਇਆ ਗੰਗੂਆ, ਤੂੰ ਕਿਉਂ ਕਹਿਰ ਕਮਾਇਆ
ਸਬਰ ਸਿਦਕ ਸੀ ਲਾਲਾਂ ਅੰਦਰ, ਜਿਨ੍ਹਾਂ ਨੇ ਧਰਮ ਨਿਭਾਇਆ
ਸੀ ਮੌਤ ਵੀ ਚਾਹੇ ਖੜ੍ਹੀ ਸਾਹਮਣੇ , ਨਾ ਓਹਨਾਂ ਸੀਸ ਨਿਵਾਇਆ
ਕਦਰ ਪਿਤਾ ਦੀ , ਯਸ਼ ਦਾਦੀ ਦਾ, ਕਰ ਕੇ ਇਤਹਾਸ ਰਚਾਇਆ
ਕਿਉਂ ਤੂੰ ਕਹਿਰ ਕਮਾਇਆ ਗੰਗੂਆ , ਤੂੰ ਕਿਉਂ ਕਹਿਰ ਕਮਾਇਆ
ਲੂੰ ਲੂੰ ਸਾਡਾ ਕਰਜ਼ਦਾਰ ਹੈ , ਸਤਿਗੁਰੂ ਦਸ਼ਮੇਸ਼ ਤੁਹਾਡਾ
ਹਰ ਔਕੁੜ ਅੱਗੇ ਖੜ੍ਹੇ ਹੋਣ ਦਾ, ਰੂਪ ਬਣਾਇਆ ਸਾਡਾ
ਜ਼ਬਰ ਜ਼ੁਲਮ ਨਾਲ ਆੱਢੇ ਵਾਲਾ, ਢੰਗ ‘ਇੰਦਰ’ ਨੂੰ ਸਮਝਾਇਆ
ਕਿਉਂ ਤੂੰ ਕਹਿਰ ਕਮਾਇਆ ਗੰਗੂਆ , ਤੂੰ ਕਿਉਂ ਕਹਿਰ ਕਮਾਇਆ
ਇੰਦਰ ਪਾਲ ਸਿੰਘ ਪਟਿਆਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly