(ਸਮਾਜ ਵੀਕਲੀ)
ਦੇ ਦੇ ਇਲਜ਼ਾਮ ਜ਼ਮਾਨੇ ਦੇ, ਮੈਂ ਤਾਂ ਢਲਦੀ ਸ਼ਾਮ ਜਿਹਾਂ
ਮੇਰੇ ਤੋਂ ਪਰਦਾ ਕਰਿਆ ਕਰ, ਸ਼ਹਿਰ ਤੇਰੇ ਬਦਨਾਮ ਜਿਹਾਂ
ਨਾ ਜੋਬਨ ਸਾਡਾ ਸੀ ਨਾ ਹੀ, ਕੋਈ ਰੁੱਤ ਬਹਾਰਾਂ ਦੀ
ਮੈਂ ਪਲ ਬਿਰਹਾ ਦੀ ਗੋਦ ਰਿਹਾ, ਕੌਡੀ ਦੇ ਦਾਮ ਜਿਹਾਂ
ਸਾਡੇ ਅੱਟਣ ਨੇ ਤਲ਼ੀਆਂ ਤੇ , ਹੱਥ ਲ਼ਕੀਰਾਂ ਕਿੱਥੇ ਨੇ ?
ਮਾਂ ਆਖ ਰਹੀ ਕਿਉਂ ਫਿਰ ਵੀ, ਮੈਂ ਰਾਧਾ ਦੇ ਸ਼ਾਮ ਜਿਹਾਂ
ਮੈਨੂੰ ਤੂੰ ਹੀ ਤੂੰ, ਦਿਸਦੈਂ ਕਿਉਂ, ਨਜ਼ਰਾਂ ਨੂੰ ਕੀ ਹੋਇਆ ਏ
ਕਿਉਂ ਜਾਪੇ ਰੂਹ ਨੂੰ ਰੱਬ ਜਿਹਾ, ਤੂੰ ਤਾਂ ਹੈ ਨਾ ਆਮ ਜਿਹਾਂ
ਤੂੰ ਸਾਹ ਹੈਂ ਦਮ, ਹੈਂ ਜਾਨ ਜਿਹਾ, ਸ਼ਾਇਰ ਹਾਂ, ਕੀ ਸਤਰ ਲਿਖਾਂ
ਤੂੰ ਮੇਰਾ ਮੁਰਸ਼ਦ ਸੱਚ ਕਹਾਂ, ਮੈਂ ਤਾਂ ਅਰਜ਼ ਸਲਾਮ ਜਿਹਾਂ
ਤੂੰ ਪੁੰਨਿਆ ਦਾ ਚੰਨ ਮੈਂ ਨੇਰਾ, ਝੁਕਦਾਂ ਤੇਰੇ ਕਦਮਾਂ ਤੇ
ਆਸ਼ਿਕ ਤੇਰੀ ਸੀਰਤ ਦਾ ਹਾਂ, ਤੇਰੀ ਕਸਮ ਗੁਲਾਮ ਜਿਹਾਂ
ਧੁਰ ਤੋਂ ਚਾਹਿਤ ਹੈਂ “ਬਾਲੀ” ਦੀ, ਗ਼ਜ਼ਲ ਜਿਹੀ, ਹੈਂ ਮਹਿਕ ਜਿਹੀ
ਆਖ ਸ਼ੁਦਾਈ ਤੂੰ ਲੱਖ ਵਾਰੀ, ਫਿਰ ਵੀ ਤੇਰੇ ਨਾਮ ਜਿਹਾਂ।
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168



