ਕੌਣ ਕਹਿੰਦਾ ਰੂਪੀ ਕਮਲਾ ਏ

(ਸਮਾਜ ਵੀਕਲੀ)

ਅੱਜ ਸਵੇਰੇ ਦੁਕਾਨ ‘ਤੇ ਆਇਆ ਤਾਂ ਸਭ ਕੁਝ ਰੋਜ਼ਾਨਾ ਵਾਂਗ ਭੱਜਦਾ ਦੌੜਦਾ ਨਜ਼ਰ ਆਇਆ ਉਹੀ ਦੁਕਾਨਾਂ, ਉਹੀ ਦੁਕਾਨਾ ਵਾਲੇ, ਉਹੀ ਗੱਡੀਆਂ ਮੋਟਰਾਂ ਦੇ ਹਾਰਨਾਂ ਦੀ ਟੀਂ-ਟੀਂ, ਪਾਂ-ਪਾਂ। ਹਰੇਕ ਬੰਦਾ ਆਪਣੇ ਕੰਮ ਵਿੱਚ ਰੁੱਝਿਆ ਲੱਗਿਆ ਹਰ ਕੋਈ ਆਪਣੀ ਜਿੰਦਗੀ ਦੇ ਸਫਰ ਨੂੰ ਮਕਾਉਣ ਵਿੱਚ ਲੱਗਿਆ ਹੋਇਆ ਸੀ ਕੋਈ ਪੈਦਲ ਤੁਰਿਆ ਜਾਦਾਂ ਕੋਈ ਗੱਡੀਆਂ ਮੋਟਰਾਂ ਤੇ । ਇਸ ਆਮ ਵਰਤਾਰੇ ਵਿੱਚੋਂ ਮੈਨੂੰ ਕੋਈ ਸੈਅ ਤਾਂ ਗੁੰਮ ਜਿਹੀ ਹੋਈ ਮਹਿਸੂਸ ਹੋਈ ਸੋਚਾਂ ਤਾ ਭਲਾਂ ਕਿਹੜੀ ਚੀਜ਼ ਹੈ ਜੀਹਦੀ ਘਾਟ ਜਿਹੀ ਰੜਕਦੀ ਏ। ਫੇਰ ਡਮਾਕ ਤੇ ਕੁਝ ਬੋਝ ਪਾਇਆ ਤਾਂ ਪਤਾ ਲੱਗਾ ਕਿ ਰੂਪੀ ਦਰਵੇਸ਼ ਅੱਜ ਕਿਧਰੇ ਨਜ਼ਰੀ ਨੀ ਆਉਂਦਾ , ਨਹੀਂ ਤਾਂ ਏਸ ਵੇਲੇ ਨੂੰ ਲੱਕ ਦੁਆਲੇ ਪਰਨਾ ਬੰਨ ਸਿਰ ਤੇ ਮੋਟੀ ਜਿਹੀ ਚਾਦਰ ਲਵੇਟ ਬੱਸਾਂ ਗੱਡੀਆਂ ਵਾਲਿਆਂ ਨੂੰ ਇਸਾਰੇ ਕਰਕੇ ਤੁਰਨ ਦਾ ਹੁਕਮ ਦਿੰਦਾ ਰਹਿੰਦਾ ਨਾਂ ਧੁੱਪ ਦੇਖਦਾ ਨਾ ਛਾਂ , ਜੇ ਕਿਸੇ ਨੇ ਕੁਝ ਦੇ ਦਿੱਤਾ ਤਾਂ ਖਾ ਲਿਆਂ ਨਹੀਂ ਰਾਮ ਰਾਮ ।ਸਾਰੇ ਉਹਨੂੰ ਰੂਪੀ ਕਮਲਾ ਕਹਿ ਦਿੰਦੇ ।

ਮੈਂ ਦੁਕਾਨ ਖੋਲ੍ਹ ਕੇ ਸਫਾਈ ਕੀਤੀ ਘੰਟੇ ਕੁ ਬਾਦ ਫੇਰ ਅੱਡੇ ਵੱਲ ਨਜ਼ਰ ਮਾਰੀ ਤਾਂ ਉਹ ਫੇਰ ਵੀ ਨਜ਼ਰ ਨਾ ਆਇਆ ਫੇਰ ਇੱਕ ਦੋ ਰੇਹੜੀਆਂ ਵਾਲਿਆਂ ਨੂੰ ਵੀ ਪੁੱਛਿਆ ਯਰ ਰੂਪੀ ਅੱਜ ਦਿਸਦਾ ਨੀ ਕਿਧਰੇ । ਸਭ ਦਾ ਇਹੀ ਜਵਾਬ ਸੀ ਕਿ ਪਤਾ ਨੀ ਅੱਜ ਸਵੇਰ ਦਾ ਆਇਆ ਨੀ ਅੱਡੇ ‘ਚ। ਮੈਂ ਮਨ ਵਿੱਚ ਸੋਚਾ ਕਿਧਰੇ ਕੋਈ ਗੱਡੀ ਭੇਡਾ ਹੀ ਨਾ ਉੱਤੇ ਚੜ੍ਹਾ ਗਿਆ ਹੋਵੇ ਜਾਂ ਊਂ ਹੀ ਕੋਈ ਕਿਧਰੇ ਚੜ੍ਹਾ ਕੇ ਹੀ ਨਾ ਲੈ ਗਿਆ ਹੋਵੇ। ਫਿਰ ਖਿਆਲ ਆਇਆ ਇਉਂ ਤਾਂ ਕਹਿੰਦੇ ਉਹ ਬੀਕਾਨੇਰ ਵੱਲੀਉਂ ਕਈ ਸਾਲਾਂ ਬਾਦ ਮੁੜ ਆਇਆ ਸੀ। ਪਰ ਮਨ ਹਾਲੇ ਵੀ ਨਹੀਂ ਖੜਿਆ ਕਿ ਇਨਸਾਨੀਅਤ ਦੇ ਨਾਤੇ ਦੇਖਣਾ ਤਾਂ ਚਾਹੀਦਾ ਏ ਕਿ ਬੰਦਾ ਇਉਂ ਰਾਤੇ ਰਾਤੇ ਕਿਧਰ ਚਲਾ ਗਿਆ , ਮੈਂ ਦੁਕਾਨ ਦੇ ਕੈਬਨ ਨੂੰ ਬਾਹਰੋਂ ਬੰਦ ਕੀਤਾ ਤੇ ਮੋਟਰ ਸਾਇਕਲ ਦੀ ਕਿੱਕ ਮਾਰ ਤੁਰ ਪਿਆ ਓਧਰਲੇ ਰਾਹਾਂ ਤੇ ਜਿੱਧਰ ਉਹ ਜਾਂਦਾ ਕਰਦਾ ਸੀ , ਪਿੰਡ ਦੇ ਨਹਿਰ ਦੇ ਪੁਲ ਕੋਲ , ਧਰਮਸ਼ਾਲਾ ਕੋਲ , ਸਿਵਿਆਂ ਵਾਲੀ ਬਾਹਰਲੀ ਫਿਰਨੀ , ਇੰਦਰ ਕੀ ਚੱਕੀ ਕੋਲ ਪਰ ਕਿਧਰੇ ਵੀ ਉਹ ਨਾ ਮਿਲਆ ।

ਹੁਣ ਸੱਚੀ ਇਉਂ ਲੱਗਦਾ ਸੀ ਵੀ ਬੰਦਾ ਤਾਂ ਸੱਚੀ ਪਿੰਡ ‘ਚ ਹੈਨੀ । ਇਹ ਸੋਚਦਾ ਪੈਟਰੋਲ ਪੰਪ ਵੱਲ ਨੂੰ ਜਾ ਰਿਹਾ ਸਾਂ ਗੁਰੂਸਰ ਵਾਲੇ ਗੇਟ ਦੇ ਕੋਲ ਨਿੱਕੇ ਨਿੱਕੇ ਕਤੂਰਿਆਂ ਦੇ ਰੌਣ ਦੀ ਆਵਾਜ਼ ਸੁਣੀ , ਅਵਾਜ਼ ਸੁਣਦਿਆਂ ਹੀ ਮੋਟਰ ਸਾਇਕਲ ਓਧਰ ਨੂੰ ਮੋੜ ਲਿਆ । ਕੋਲ ਗਿਆ ਤਾਂ ਦੇਖ ਕੇ ਮੇਰੀ ਧਾਹ ਨਿੱਕਲ ਗਈ , ਇਉਂ ਲੱਗਾ ਜਿਵੇਂ ਕਿਸੇ ਨਾ ਮੇਰਿਆਂ ਆਂਦਰਾਂ ਦਾ ਰੁੱਗ ਭਰ ਲਿਆ ਹੋਵੇ । ਸੜਕ ਦੇ ਕਿਨਾਰੇ ਕੰਧ ਦੇ ਨਾਲ ਇੱਕ ਕੁੱਤੀ ਮਰੀ ਪਈ ਸੀ ਜੀਹਦੇ ਛੋਟੇ ਛੋਟੇ ਚਾਰ ਪੰਜ ਕਤੂਰੇ ਸੀ ਜਿੰਨ੍ਹਾਂ ਵਿੱਚੋਂ ਦੋ ਮਰੀ ਪਈ ਕੁੱਤੀ ਦੇ ਧਣਾ ਨੂੰ ਮੂੰਹ ਮਾਰੀ ਜਾਂਦੇ ਸੀ ਤੇ ਦੋ ਤਿੰਨ ਕਤੂਰਿਆਂ ਨੂੰ ਬੁੱਕਲ ਵਿੱਚ ਲਈ ਬੈਠਾ ਰੂਪੀ ਰੋਂਦਾ ਰੋਂਦਾ ਲਿਫਾਫੇ ਵਿੱਚੋਂ ਕੱਠੀਆਂ ਕੀਤੀਆਂ ਰੋਟੀ ਦੀਆਂ ਬੁਰਕੀਆਂ ਤੋੜ ਤੋੜ ਉਨ੍ਹਾਂ ਦੇ ਮੂੰਹ ‘ਚ ਪਾਈ ਜਾਂਦਾ ਸੀ।

ਜਿਹੜੀਆਂ ਸ਼ਾਇਦ ਉਹ ਕੁੱਤੀ ਨੂੰ ਪਾਉਣ ਲਈ ਲਿਆਉ਼ਦਾ ਹੋਵੇ ਤੇ ਪਰ ਅੱਜ ਕੁੱਤੀ ਤਾਂ ਰਹੀ ਨੀ ਸੀ ਇਸ ਕਰਕੇ ਉਹ ਬੁਰਕੀਆਂ ਕਤੂਰਿਆਂ ਮੂੰਹ ਵਿੱਚ ਪਾਉਂਦਾ ਖਬਰੈ ਉਨ੍ਹਾਂ ਦੀ ਮਾਂ ਦਾ ਫਰਜ਼ ਨਿਭਾ ਰਿਹਾ ਹੋਵੇ , ਰੂਪੀ ਨੂੰ ਦੇਖ ਕੇ ਮੇਰਾ ਰੌਣ ਨਿਕਲ ਗਿਆ ਮੇਰਾ ਦਿਲ ਕਰੇ ਕਿ ਅੱਜ ਸਾਰੇ ਪਿੰਡ ਨੂੰ ਕੱਠਾ ਕਰਕੇ ਦਿਖਾਵਾ ਕੌਣ ਕਹਿੰਦਾ ਏ ਰੂਪੀ ਕਮਲਾ ਏ, ਰੂਪੀ ਤਾਂ ਦੁਨੀਆਂ ਦਾ ਸਭ ਤੋਂ ਸਿਆਣਾ ਤੇ ਅਮੀਰ ਬੰਦਾ ਏ ਜਿਹਦੇ ਵਿੱਚ ਇਨਸਾਨੀਅਤ ਦਾ ਦਿਲ ਧੜਕਦਾ ਏ। ਕਮਲੇ ਤੇ ਭਿਖਾਰੀ ਤਾਂ ਅਸੀਂ ਲੋਕ ਹਾਂ ਜਿਹੜੇ ਚੁੱਪ-ਚਾਪ ਅੱਖਾਂ ‘ਤੇ ਪੱਟੀ ਬੰਨ੍ਹ ਮਰੀ ਕੁੱਤੀ ਤੇ ਕਤੂਰਿਆਂ ਕੋਲੋਂ ਦੀ ਲੰਘ ਰਹੇ ਸਾਂ। ਉਹਨੇ ਮੈਨੂੰ ਸੜਕ ਦੇ ਪਰਲੇ ਪਾਸੇ ਖੜ੍ਹੇ ਨੂੰ ਦੇਖਦਿਆਂ ਕੋਲ ਪਿਆ ਡੰਡਾ ਮੇਰੇ ਵੱਲ ਵਗਾ ਕੇ ਮਾਰਿਆ ਤੇ ਰੋਂਦੇ ਹੋਏ ਨੇ ਉੱਚੀ ਸਾਰੀ ਧਾਹ ਮਾਰੀ , ਜਿਵੇਂ ਉਹ ਕਹਿ ਰਿਹਾ ਹੋਵੇ ਆਹ ਦੇਖੋ ਤੁਸੀਂ ਇਨ੍ਹਾਂ ਬੱਚਿਆਂ ਦੀ ਮਾਂ ਮਾਰ ਦਿੱਤੀ ਤੇ ਮੈਂ ਰੋਂਦੇ ਹੋਏ ਨੇ ਕਿਹਾ ਇਕ ਹੋਰ ਮਾਰ ਸ਼ਾਇਦ ਮੇਰੇ ਅੰਦਰਲਾ ਇਨਸਾਨ ਜਾਗ ਪਵੇ।

ਸਤਨਾਮ ਸ਼ਦੀਦ ਸਮਾਲਸਰ
99142-98580

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਾਈ ਧਰਤੀ ਪਰਾਏ ਲੋਕ
Next articleਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲ ਖੁੱਲਣ ਤੋਂ ਪਹਿਲਾਂ ਸਾਫ਼ ਸਫ਼ਾਈ ਤੇ ਹੋਰ ਤਿਆਰੀਆਂ ਲਈ ਹਦਾਇਤਾਂ ਜਾਰੀ