ਕਣਕ ਦੀਆਂ ਬੱਲੀਆਂ  { ਮਿੰਨੀ ਕਹਾਣੀ }

         (ਸਮਾਜ ਵੀਕਲੀ)
“ਪੁੱਤ ਛੇਤੀ ਆ ਜਾਈਂ, ਧੁੱਪ ਬਹੁਤ ਆ ਬਿਮਾਰ ਹੋਜੇਂਗਾ’
ਕਈ ਦਿਨਾਂ ਤੋਂ ਚੇਚਕ ਦੀ ਬਿਮਾਰੀ ਨਾਲ ਲੜ ਰਹੀ ਬੱਬੂ ਦੀ ਮਾਂ ਨੇ ਆਪਣੇ ਅੱਠ ਸਾਲਾਂ ਦੇ ਪੁੱਤਰ ਨੂੰ ਖੇਤਾਂ ਵਿੱਚੋਂ ਕਣਕ ਦੀਆਂ ਬੱਲੀਆਂ ( ਸਿੱਟੇ ) ਚੁਗਣ ਜਾਂਦੇ ਨੂੰ ਸਮਝਾਉਂਦੇ ਹੋਏ ਕਿਹਾ। ਅੱਗੋਂ ਪਲਾਸਟਿਕ ਦਾ ਗੱਟਾ ਚੁੱਕਦੇ ਹੋਏ ਬੱਬੂ ਕਹਿੰਦਾ, “ਠੀਕ ਹੈ ਮੰਮੀ ਛੇਤੀ ਆਊਂਗਾ।”
ਉੱਪਰ ਕੋਈ ਸੰਭਾਲਣ ਵਾਲਾ ਨਾ ਹੋਣ ਕਾਰਨ ਬੱਬੂ ਦੀ ਮਾਂ ਦੀ ਸਿਹਤ ਬਿਮਾਰੀ ਕਾਰਨ ਜਿਆਦਾ ਵਿਗੜ ਚੁੱਕੀ ਸੀ। ਬੱਬੂ ਦਾ ਪਿਤਾ ਇਕ ਸਾਲ ਪਹਿਲਾਂ ਗਲੇ ਦੇ ਕੈਂਸਰ ਕਾਰਨ ਅੱਲਾ ਨੂੰ ਪਿਆਰਾ ਹੋ ਗਿਆ ਸੀ।
    ਬੱਬੂ ਆਪਣੇ ਹੋਰ ਦੋ ਸਾਥੀਆਂ ਨਾਲ ਗੱਟਾ ਚੁੱਕ ਕੇ ਜਿਮੀਦਾਰਾਂ ਦੇ ਖੇਤਾਂ ਵਿੱਚ ਕਣਕ ਦੀਆਂ ਬੱਲੀਆਂ ਚੁਗਣ ਆ ਗਿਆ ਸੀ। ਤਿੰਨੋ ਸਾਥੀ ਇਕ ਦੂਜੇ ਨੂੰ ਮਜ਼ਾਕ ਕਰਦੇ ਹੋਏ ਜਿਮੀਦਾਰਾਂ ਦੇ ਖੇਤ ਵਿੱਚੋਂ ਬੱਲੀਆਂ ਚੁਗ ਰਹੇ ਸਨ ਪਰ ਬੱਬੂ ਦਾ ਖਿਆਲ ਮੱਲੋ ਮੱਲੀ ਆਪਣੀ ਬਿਮਾਰ ਮਾਂ ਵੱਲ ਚਲਾ ਜਾਂਦਾ। ਸੋਚਦਾ ਸੀ ਮੰਮੀ ਉਡੀਕਦੀ ਹੋਵੇਗੀ।
ਖੇਤ ਵਿੱਚੋਂ ਬੱਲੀਆਂ ਚੁਗਦਾ ਹੋਇਆ ਬੱਬੂ ਸੋਚ ਰਿਹਾ ਸੀ ਕਿ ਮੈਂ ਬੱਲੀਆਂ ਵਿੱਚੋਂ ਦਾਣੇ ਕੱਢ ਕੇ ਮੰਮੀ ਨੂੰ ਦਲੀਆ ਬਣਾ ਕੇ ਦੇਵਾਂਗਾ ਤੇ ਕੁਝ ਦਾਣੇ ਮੈਂ ਹੱਟੀ ਤੇ ਵੇਚ ਦੇਵਾਂਗਾ।
ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਖੇਤ ਦਾ ਮਾਲਕ ਦੂਰੋਂ ਬੱਚਿਆਂ ਨੂੰ ਕੰਬਾਈਨ ਨਾਲ ਵੱਡੀ ਕਣਕ ਵਿੱਚੋਂ ਬੱਲੀਆਂ ਚੁਗਦਿਆਂ ਵੇਖ ਕੇ ਭੱਜਾ ਭੱਜਾ ਆਉਂਦਾ ਹੈ । ਦੂਰੋਂ ਹੀ ਬੜਬੜਾਉਂਦਾ ਤੇ ਗਾਲਾਂ ਜਿਹੀਆਂ ਕੱਢਦਾ ਆਉਂਦਾ ਹੈ। ਬੱਚਿਆਂ ਨੂੰ ਪਤਾ ਨਹੀਂ ਸੀ ਕਿ ਖੇਤ ਦਾ ਮਾਲਕ ਬੜੇ ਹੀ ਅੜਬ ਤੇ ਘਟੀਆ ਕਿਸਮ ਦਾ ਬੰਦਾ ਹੈ ਬੱਚਿਆਂ ਦੇ ਕੋਲ ਆ ਕੇ ਉਹ ਕਹਿੰਦਾ, ‘ਓਏ ਕੀਹਦੇ ਓਂ ਤੁਸੀਂ ? ਕੀਹਨੇ ਆਖਿਆ ਸੋਨੂੰ ਖੇਤ ਵਿੱਚੋਂ ਬੱਲੀਆਂ ਚੁਗਣ ਨੂੰ, ਸਾਲਿਆਂ ਨੇ ਆਪਣੇ ਪਿਓ ਦਾ ਖੇਤ ਹੀ ਸਮਝ ਰੱਖਿਆ, ਸਾਲੀ ਲਗੌੜ ।”
         ਉਸਨੇ ਬੱਚੇ ਕੋਲੋਂ ਬੱਲੀਆਂ ਦੇ ਅੱਧੇ ਅੱਧੇ ਕੀਤੇ ਹੋਏ ਗੱਟੇ ਖੋ ਲਏ ਤੇ ਖੇਤ ਵਿੱਚੋਂ ਨਿਕਲ ਜਾਣ ਨੂੰ ਕਿਹਾ। ਪਰ ਬੱਬੂ ਨੇ ਛੋਟਾ ਜਿਹਾ ਮੂੰਹ ਬਣਾਉਂਦੇ ਹੋਏ ਕਿਹਾ, “ਅੰਕਲ ਮੇਰੀ ਮੰਮੀ ਨੂੰ ਮੈਂ ਦਲੀਆ ਬਣਾ ਕੇ ਦੇਣਾ ਸੀ ਉਹ ਘਰੇ ਬਿਮਾਰ ਪਈ ਹੈ।”
    “ਸਾਲਿਆ ਤੇਰੀ ਮੰਮੀ ਦਾ ਮੈਂ ਠੇਕਾ ਲਿਆ।”
ਖੇਤ ਦਾ ਅੜਬ ਮਾਲਕ ਬੋਲਿਆ।
ਜਦੋਂ ਤੱਕ ਬੱਚੇ ਖੇਤ ਵਿੱਚੋਂ ਨਿਕਲ ਨਹੀਂ ਗਏ ਉਹ ਉਥੇ ਖੜਾ ਰਾਖ਼ਸ਼ ਵਰਗੀਆਂ ਲਾਲ ਅੱਖਾਂ ਨਾਲ ਬੱਚਿਆਂ ਨੂੰ ਘੂਰ ਕੇ ਡਰਾਉਂਦਾ ਰਿਹਾ। ਜਦੋਂ ਬੱਚੇ ਖੇਤ ਵਿੱਚੋਂ ਚਲੇ ਗਏ ਉਹ ਤਿੰਨੇ ਕਣਕ ਦੀਆਂ ਬੱਲੀਆਂ ( ਸਿੱਟੇ )ਵਾਲੇ ਗੱਟੇ ਲੈ ਕੇ ਚਲਦਾ ਬਣਿਆਂ ।
         ਬੱਲੀਆਂ ਖੋਹੇ ਜਾਣ ਦਾ ਇਨਾਂ ਪਛਤਾਵਾ ਉਹਦੇ ਸਾਥੀਆਂ ਨੂੰ ਨਹੀਂ ਹੋਇਆ ਜਿੰਨਾ ਪਛਤਾਵਾ ਬੱਬੂ ਨੂੰ ਹੋਇਆ ਸੀ। ਉਹ ਨਾ ਚਾਹੁੰਦੇ ਹੋਏ ਵੀ ਆਪਣੇ ਛੋਟੇ ਛੋਟੇ ਹੰਝੂਆਂ ਨੂੰ ਅੱਖਾਂ ਵਿੱਚੋਂ ਡਿੱਗਣ ਤੋਂ ਰੋਕ ਨਾ ਸਕਿਆ। ਬੱਬੂ ਨੂੰ ਪਤਾ ਨਹੀਂ ਸੀ ਕਿ ਇਹਨਾਂ ਹੰਝੂਆਂ ਦੀ ਹਾਲੇ ਵੀ ਬਹੁਤ ਜ਼ਰੂਰਤ ਹੈ ।
       ਮਾਯੂਸ ਹੋਇਆ ਬੱਬੂ ਜਦੋਂ ਘਰੇ ਪਰਤਿਆ ਤਾਂ ਚਾਰ ਪੰਜ ਔਰਤਾਂ ਉਹਦੇ ਘਰ ਦੀ ਸਰਦਲ ਤੇ ਖੜੀਆਂ ਸਨ ਤੇ ਚਾਰ ਪੰਜ ਔਰਤਾਂ ਅਤੇ ਬੰਦੇ ਉਹਦੇ ਘਰ ਦੇ ਵਿਹੜੇ ਵਿੱਚ ਘੁਸਰ – ਮੁਸਰ  ਕਰ ਰਹੇ ਸਨ । ਬੱਬੂ ਅਚੰਭੇ ਵਿੱਚ ਪੈ ਗਿਆ। ਇਹ ਕੀ ਹੋਇਆ ? ਜਦੋਂ ਉਹ ਔਰਤਾਂ ਨੂੰ ਹਟਾਉਂਦੇ ਹੋਏ ਅੱਗੇ ਵਧਿਆ ਤਾਂ ਕੀ ਵੇਖਿਆ… ਉਸ ਦੀ ਮਾਂ ਟੁੱਟੇ ਮੰਜੇ ਉੱਤੇ ਲਾਸ਼ ਬਣੀ ਉਸਨੂੰ ਹਾਲੇ ਵੀ ਉਡੀਕ ਰਹੀ ਹੈ। ਬੱਬੂ ਦੇ ਆਉਣ ਤੋਂ 10 ਕੁ ਮਿੰਟ ਪਹਿਲਾਂ ਹੀ ਉਸਦੀ ਮਾਂ ਨੇ ਆਖ਼ਰੀ ਸ਼ਾਹ ਲਏ ਸੀ ।
“ਮੰਮੀ……”
ਰੋਂਦਾ ਹੋਇਆ ਬੱਬੂ ਆਪਣੀ ਮਰੀ ਹੋਈ ਮਾਂ ਨਾਲ ਚਿੰਬੜ ਗਿਆ ਤੇ ਮੰਮੀ ਮੰਮੀ ਕਰਦਾ ਬੇਹੋਸ਼ੀ ਵਿੱਚ ਚਲਾ ਗਿਆ।
ਜਦੋਂ ਦੁਬਾਰਾ ਬੱਬੂ ਹੋਸ਼ ਵਿੱਚ ਆਇਆ, ਉਦੋਂ ਤੱਕ ਉਸਦੇ ਰਿਸ਼ਤੇਦਾਰ ਆ ਚੁੱਕੇ ਸਨ ਤੇ ਉਸਦੀ ਮਾਂ ਦੇ ਦਾਹ ਸੰਸਕਾਰ  ਕਰਨ ਦੀ ਸਮੱਗਰੀ ਇਕੱਤਰ ਕਰ ਰਹੇ ਸਨ।
           ਦੇਵ ਮੁਹਾਫਿਜ਼
         6239139449

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੀਡਰ 
Next articleਏਹੁ ਹਮਾਰਾ ਜੀਵਣਾ ਹੈ -583