ਫਰੀਦਕੋਟ/ਭਲੂਰ 29 ਅਗਸਤ (ਬੇਅੰਤ ਗਿੱਲ)-ਪਿੰਡ ਖਾਰਾ ਦੇ ਪ੍ਰਾਇਮਰੀ ਸਕੂਲ ਵਿਖੇ ਈ ਟੀ ਟੀ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਸਰਦਾਰ ਇੰਦਰਜੀਤ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਵੈਸੇ ਤਾਂ ਜੀਵਨ ਦੇ ਹਰ ਪੱਧਰ ਤੇ ਹੀ ਮਨੁੱਖ ਸਿਖਦਾ ਰਹਿੰਦਾ ਹੈ ਪ੍ਰੰਤੂ ਮਨੋਵਿਗਿਆਨੀਆਂ ਅਨੁਸਾਰ ਬਚਪਨ ਵਿਚ ਮਨੁੱਖ ਦੀ ਸਿੱਖਣ ਦੀ ਬਿਰਤੀ ਤੀਬਰ ਹੁੰਦੀ ਹੈ। ਸਭ ਤੋਂ ਪਹਿਲਾਂ ਬੱਚਾ ਆਪਣੇ ਘਰ-ਪਰਿਵਾਰ ਤੋਂ ਸਿੱਖਣਾ ਸ਼ੁਰੂ ਕਰਦਾ ਹੈ, ਫਿਰ ਆਲ਼ੇ-ਦੁਆਲ਼ੇ ‘ਤੋਂ ਅਤੇ ਉਸ ਤੋਂ ਅਗਲਾ ਪੜਾਅ ਸਕੂਲ ਦਾ ਆਉਂਦਾ ਹੈ। ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਸਾਡੇ ਬੱਚੇ ਮਹਿੰਗੀ ਵਿੱਦਿਆ ਪ੍ਰਾਪਤ ਕਰਨ ਦੇ ਬਾਵਜੂਦ ਵੀ ਨੈਤਿਕ ਸਿੱਖਿਆ ਤੋਂ ਸੱਖਣੇ ਹਨ। ਅਜੋਕੇ ਸਮੇਂ ਵਿਚ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਸਬੰਧੀ ਬਹੁਤ ਵੱਡੀ ਘਾਟ ਦੇਖਣ ਨੂੰ ਮਿਲ ਰਹੀ ਹੈ। ਕੀ ਅਸੀਂ ਸੋਚਿਆ ਹੈ ਅਜਿਹਾ ਕਿਉਂ ? ਇਸ ਦੇ ਲਈ ਪਰਿਵਾਰ, ਸਿੱਖਿਆ ਸੰਸਥਾਵਾਂ ਅਤੇ ਸਮਾਜ ਦਾ ਉਹ ਹਰੇਕ ਮਨੁੱਖ ਜ਼ਿੰਮੇਵਾਰ ਹੈ ਜੋ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਪ੍ਰਾਪਤ ਸਦਾਚਾਰਕਤਾ ਦਾ ਬੱਚਿਆਂ ਵਿੱਚ ਪ੍ਰਚਾਰ ਨਹੀਂ ਕਰਦਾ, ਕਿਉਂਕਿ ਬੱਚਾ ਆਪਣੇ ਪਰਿਵਾਰ, ਆਲ਼ੇ-ਦੁਆਲ਼ੇ ਅਤੇ ਸਮਾਜ ਤੋਂ ਬਹੁਤ ਕੁਝ ਸਿੱਖਦਾ ਹੈ। ਉਨ੍ਹਾਂ ਕਿਹਾ ਕਿ ਨੈਤਿਕ ਕਦਰਾਂ-ਕੀਮਤਾਂ ਨੂੰ ਅੰਗਰੇਜ਼ੀ ਵਿੱਚ ਐਥੀਕਲ ਜਾਂ ਮੌਰਲ ਵੈਲਿਊਜ਼ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ਚੰਗਾ ਆਚਰਣ। ਬਚਪਨ ਤੋਂ ਘਰ-ਪਰਿਵਾਰ ਦਾ ਬੱਚੇ ਦੇ ਮਨ ਤੇ ਕੋਮਲ ਅਤੇ ਗਹਿਰਾ ਪ੍ਰਭਾਵ ਪੈਂਦਾ ਹੈ। ਇਤਿਹਾਸ ਗਵਾਹ ਹੈ ਕਿ ਮਿਹਨਤੀ, ਉੱਦਮੀ ਅਤੇ ਦੇਸ਼-ਭਗਤ ਪ੍ਰੀਵਾਰਾਂ ਦੇ ਬੱਚੇ ਚੰਗੇ ਗੁਣਾਂ ਦੇ ਧਾਰਨੀ ਹੁੰਦੇ ਹਨ। ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਇਹ ਗੱਲ ਆਮ ਸੁਣਨ ਨੂੰ ਮਿਲਦੀ ਹੈ ਕਿ ਬੱਚਿਆਂ ਵਿੱਚ ਨੈਤਿਕਤਾ ਨਹੀਂ ਜਾਪਦੀ। ਇਸ ਲਈ ਸਿਰਫ ਨਵੀਂ ਪੀੜ੍ਹੀ ਨੂੰ ਦੋਸ਼ ਦੇਣਾ ਉਚਿਤ ਨਹੀਂ। ਇਸ ਦੇ ਬਹੁਤ ਹੱਦ ਤੱਕ ਜ਼ਿੰਮੇਵਾਰ ਮਾਪੇ ਵੀ ਹਨ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦਿੰਦੇ। ਪੁਰਾਣੇ ਸਮਿਆਂ ਵਿੱਚ ਬੱਚੇ ਆਪਣੇ ਬਜ਼ੁਰਗਾਂ ਕੋਲ ਬੈਠ ਕੇ ਉਹਨਾਂ ਤੋਂ ਕਹਾਣੀਆਂ, ਬਾਤਾਂ, ਗਾਥਾਵਾਂ ਆਦਿ ਸੁਣ ਕੇ ਸਮਾਂ ਬਤੀਤ ਕਰਦੇ ਸਨ ਪਰੰਤੂ ਅੱਜ-ਕੱਲ੍ਹ ਦੇ ਬੱਚੇ ਮੋਬਾਈਲ ਫੋਨਾਂ ਉੱਤੇ ਗੇਮਾਂ, ਸਨੈਪਚੈਟ, ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਆਦਿ ਨੂੰ ਪਹਿਲ ਦਿੰਦੇ ਹਨ। ਇਸ ਪਾੜੇ ਕਾਰਨ ਨਵੀਂ-ਪੀੜ੍ਹੀ, ਪੁਰਾਣੀ-ਪੀੜ੍ਹੀ ਤੋਂ ਤਜ਼ਰਬਾ ਪ੍ਰਾਪਤ ਗਿਆਨ ਅਤੇ ਚੰਗੇ ਸੰਸਕਾਰ ਹਾਸਲ ਨਹੀਂ ਕਰ ਪਾਉਂਦੀ। ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਚੰਗੇ ਇਨਸਾਨ ਬਣਨ ਤਾਂ ਉਹ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇ ਕੇ ਚੰਗੇ ਇਨਸਾਨ ਬਣਾਉਣ। ਜਦੋਂ ਬੱਚਾ ਘਰ ਦੇ ਮਾਹੌਲ ਤੋਂ ਬਾਹਰ ਨਿਕਲ ਕੇ ਸਕੂਲ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਕਈ ਤਰ੍ਹਾਂ ਦੀਆਂ ਚਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਨਵੇਂ ਮਾਹੌਲ ਵਿੱਚ ਪ੍ਰਵੇਸ਼ ਕਰਦਾ ਹੈ। ਬੱਚਾ ਨਵੇਂ-ਨਵੇਂ ਦੋਸਤ ਬਣਾਉਣ ਦੇ ਨਾਲ-ਨਾਲ ਆਪਣੇ ਅਧਿਆਪਕਾਂ ਨੂੰ ਵੀ ਦੇਖਦਾ ਹੈ। ਜਮਾਤ ਵਿੱਚ ਬਾਕੀ ਬੱਚਿਆਂ ਦਾ ਵਿਵਹਾਰ ਦੇਖਦਾ ਹੈ। ਅਕਸਰ ਜਮਾਤ ਵਿੱਚ ਕੁੱਝ ਬੱਚੇ ਹੁਸ਼ਿਆਰ, ਲਾਇਕ ਅਤੇ ਕੁੱਝ ਸਮੱਸਿਆਵਾਂ ਸਿਰਜਣ ਵਾਲੇ ਹੁੰਦੇ ਹਨ। ਅਜਿਹੇ ਵਿਚ ਅਧਿਆਪਕ ਨੂੰ ਬੱਚਿਆਂ ਦੇ ਮਾਪਿਆਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਪਿਆਰ, ਹਮਦਰਦੀ ਅਤੇ ਆਪਣੇਪਨ ਦਾ ਅਹਿਸਾਸ ਕਰਵਾ ਕੇ ਨੈਤਿਕ ਕਦਰਾਂ-ਕੀਮਤਾਂ ਵੱਲ ਮੋੜਨਾ ਚਾਹੀਦਾ ਹੈ। ਨੈਤਿਕ ਸਿੱਖਿਆ ਦੁਆਰਾ ਬੱਚੇ ਸਹਿਯੋਗ, ਸਫ਼ਾਈ, ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ, ਮਿਲਵਰਤਨ, ਪਰਿਵਾਰ ਅਤੇ ਦੇਸ਼ ਭਗਤੀ ਆਦਿ ਗੁਣ ਸਿੱਖਦੇ ਹਨ। ਇਸ ਦੀ ਪੂਰਤੀ ਲਈ ਸਕੂਲ਼ਾਂ ਅਤੇ ਕਾਲਜਾਂ ਵਿੱਚ ਘੱਟ ਸਮੇਂ ਦੀਆਂ ਪ੍ਰੀਖਿਆਵਾਂ, ਸੈਮੀਨਾਰ, ਲੈਕਚਰ ਆਦਿ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਮਕਸਦ ਲਈ ਅਧਿਆਪਕ ਖ਼ੁਦ ਰੋਲ਼ ਮਾਡਲ ਵਜੋਂ ਆਪਣੇ ਆਪ ਨੂੰ ਪੇਸ਼ ਕਰ ਸਕਦਾ ਹੈ। ਇਸ ਮਕਸਦ ਲਈ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਵਿਸ਼ਾ ਸਵਾਗਤ ਜ਼ਿੰਦਗੀ ਸ਼ੁਰੂ ਕੀਤਾ ਹੈ ਜੋ ਕੇ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਕੇ ਚੰਗੇ ਇਨਸਾਨ ਬਣਾਉਣ ਦੇ ਨਾਲ-ਨਾਲ ਜ਼ਿੰਦਗੀ ਦੀਆਂ ਮੁਸ਼ਕਿਲਾ ਦਾ ਦਲੇਰੀ ਨਾਲ ਸਾਹਮਣਾ ਕਰਨ ਵਿਚ ਵੀ ਸਹਾਈ ਸਿੱਧ ਹੋ ਰਿਹਾ ਹੈ। ਅਧਿਆਪਕ ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੰਗੇ ਡਾਕਟਰ, ਇੰਜਨੀਅਰ, ਵਕੀਲ, ਵਿਗਿਆਨੀ ਆਦਿ ਬਣਾਉਣ ਨਾਲੋਂ ਵੱਧ ਮਹੱਤਵਪੂਰਨ ਲੋੜ ਚੰਗੇ ਇਨਸਾਨ ਬਣਾਉਣ ਦੀ ਹੈ। ਨੈਤਿਕ ਸਿੱਖਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਰਲ਼ ਕੇ ਠੋਸ ਯਤਨ ਕਰਨ ਦੀ ਲੋੜ ਹੈ। ਅਜਿਹਾ ਕਰਕੇ ਅਸੀਂ ਬੱਚੇ ਰੂਪ ਕੋਮਲ-ਕਲੀਆਂ ਨੂੰ ਚੰਗੇ ਗੁਣ ਅਪਣਾ ਕੇ ਛਾਂਦਾਰ ਰੁੱਖ ਬਣਾ ਸਕਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly