ਬੀਐੱਸਸੀ ਨਰਸਿੰਗ ਦੀਆਂ 50 ਫੀਸਦੀ ਸੀਟਾਂ ਖਾਲੀ  ਰਹਿਣ ਦਾ ਖਦਸ਼ਾ : ਡਾ. ਮਨਜੀਤ ਸਿੰਘ ਢਿੱਲੋਂ

ਫਰੀਦਕੋਟ/ਭਲੂਰ 29 ਅਗਸਤ (ਬੇਅੰਤ ਗਿੱਲ ਭਲੂਰ) :– ਭਾਵੇਂ ਜੁਲਾਈ ਮਹੀਨੇ ਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਏ ਹੜ੍ਹਾਂ ਨੇ ਪੰਜਾਬ ਦੇ 12 ਜ਼ਿਲ੍ਹਿਆਂ ’ਚ ਤਬਾਹੀ ਮਚਾਈ ਸੀ ਤੇ ਦੂਜੀ ਵਾਰ 10 ਜਿਲ੍ਹੇ ਪ੍ਰਭਾਵਿਤ ਹੋਏ, ਜਿਸ ਕਰਕੇ ਉਹਨਾਂ ਵਿਦਿਆਰਥੀਆਂ ਦੇ ਸੁਪਨੇ ਵੀ ਹੜਾਂ ’ਚ ਰੁੜ ਗਏ, ਜਿਹੜੇ ਬੀਐੱਸਸੀ ਨਰਸਿੰਗ ’ਚ ਦਾਖਲਾ ਲੈਣ ਦੇ ਇਛੁੱਕ ਸਨ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਪੰਜਾਬ ਵੱਲੋਂ ਸੂਬਾਈ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਮੰਗ ਪੱਤਰ ਸੌਂਪਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਹੜਾਂ ਕਾਰਨ ਪੰਜਾਬ ਦੇ ਸੈਂਕੜੇ ਵਿਦਿਆਰਥੀ ਬੀਐੱਸਸੀ ਨਰਸਿੰਗ, 2023-24 ਦੇ ਦਾਖਲੇ ਟੈਸਟਾਂ ਵਿੱਚ ਭਾਗ ਨਹੀਂ ਲੈ ਸਕੇ। ਉਹਨਾਂ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੇ ਉਕਤ ਟੈਸਟ ਦੀ ਤਰੀਕ 13 ਅਗਸਤ ਨਿਸ਼ਚਿਤ ਕੀਤੀ ਸੀ, ਜਿਸ ਦੀ ਅਪਲਾਈ ਕਰਨ ਦੀ ਮਿਤੀ 6 ਅਗਸਤ ਸੀ, ਜਿਸ ਵਿੱਚ 7980 ਦੇ ਕਰੀਬ ਵਿਦਿਆਰਥੀਆਂ ਨੇ ਪੇਪਰ ਦਿੱਤਾ, 3500 ਦੇ ਕਰੀਬ ਵਿਦਿਆਰਥੀ ਬੀਐੱਸਸੀ ਨਰਸਿੰਗ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋਏ, ਜਦਕਿ ਪੰਜਾਬ ਭਰ ਵਿੱਚ ਬੀਐੱਸਸੀ ਨਰਸਿੰਗ ਕੋਰਸ ਦੀਆਂ ਕੁੱਲ ਸੀਟਾਂ ਦੀ ਗਿਣਤੀ ਲਗਭਗ 6700 ਹੈ ਅਤੇ ਪੰਜਾਬ ਵਿੱਚ ਲਗਭਗ 50 ਫੀਸਦੀ ਸੀਟਾਂ ਖਾਲੀ ਰਹਿਣ ਦਾ ਅਨੁਮਾਨ ਹੈ। ਡਾ ਢਿੱਲੋਂ ਨੇ ਮਾਨਯੋਗ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਬੀਐੱਸਸੀ ਨਰਸਿੰਗ ਦਾਖਲੇ ਦੇ ਨੋਟੀਫਿਕੇਸ਼ਨ ਦੇ ਆਧਾਰ ’ਤੇ ਦਾਖਲਿਆਂ ਨੇ ਵਿਭਾਗ ਨੂੰ ਸਿੱਧਾ ਦਾਖਲਾ ਕਰਨ ਦੇ ਨੋਟੀਫਿਕੇਸ਼ਨ ਸਬੰਧੀ ਵਿਚਾਰਿਆ ਜਾਵੇ। ਡਾ. ਢਿੱਲੋਂ ਨੇ ਵਿਸਥਾਰ ਵਿੱਚ ਦੱਸਿਆ ਕਿ ਇਸ ਨਾਲ ਇਕ ਤਾਂ ਸਾਰੇ ਨਰਸਿੰਗ ਕਾਲਜਾਂ ਵਿੱਚ ਸੀਟਾਂ ਭਰ ਜਾਣਗੀਆਂ ਅਤੇ ਨਾਲ ਹੀ ਜੋ ਵਿਦਿਆਰਥੀ ਬਾਹਰਲੇ ਸੂਬਿਆਂ ਤੋਂ ਆ ਰਹੇ ਹਨ, ਨਾਲ ਪੰਜਾਬ ਵਿੱਚ ਕਾਫੀ ਜਿਆਦਾ ਮਾਲੀਆ ਵੀ ਆਵੇਗਾ। ਡਾ. ਢਿੱਲੋਂ ਨੇ ਯਾਦ ਕਰਵਾਇਆ ਕਿ ਮੁੱਖ ਮੰਤਰੀ ਪੰਜਾਬ ਦਾ ਵੀ ਸੁਪਨਾ ਹੈ ਕਿ ਪੰਜਾਬ ਵਿੱਚ ਵਿਦੇਸ਼ਾਂ ਜਿਵੇਂ ਕਿ ਕੈਨੇਡਾ, ਅਮਰੀਕਾ ਆਦਿਕ ਤੋਂ ਵਿਦਿਆਰਥੀ ਆ ਕੇ ਪੜ੍ਹਾਈ ਕਰਨ, ਉਹ ਸਿਰਫ ਨਰਸਿੰਗ ਅਦਾਰਿਆਂ ਵਿੱਚ ਹੀ ਜਲਦੀ ਸੰਭਵ ਹੋ ਸਕਦਾ ਹੈ, ਕਿਉਂਕਿ ਦੁਨੀਆਂ ਭਰ ਵਿੱਚ ਨਰਸਾਂ ਦੀ ਬਹੁਤ ਜਿਆਦਾ ਲੋੜ ਹੈ ਅਤੇ ਦੁਨੀਆਂ ਭਰ ਲਈ ਸਿਹਤ ਕਾਮੇ ਤਿਆਰ ਕਰਨ ਵਾਸਤੇ ਪੰਜਾਬ ਦੇ ਨਰਸਿੰਗ ਕਾਲਜਾਂ ਦਾ ਬਹੁਤ ਯੋਗਦਾਨ ਹੈ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਅਮੋਲਕ ਸਿੰਘ ਵਿਧਾਇਕ ਜੈਤੋ ਅਤੇ ਹੋਰ ਬਹੁਤ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਵਿਸ਼ਵਾਸ਼ ਦਿਵਾਇਆ ਕਿ ਉਹ ਨਰਸਿੰਗ ਕਾਲਜਾਂ ਦੇ ਮਾਲਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਧ ਭਾਈ ਦੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਭਲੂਰ ਸਕੂਲ ਦੀ ਕ੍ਰਿਕਟ ਟੀਮ ਨੇ ਕੀਤਾ ਪਹਿਲੇ ਸਥਾਨ ‘ਤੇ ਕਬਜ਼ਾ 
Next articleਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਲਈ ਕੌਣ ਹੈ ਜ਼ਿੰਮੇਵਾਰ_ ਇੰਦਰਜੀਤ ਸਿੰਘ ਬਰਾੜ