HOME ਬੁੱਧ ਚਿੰਤਨ -2

ਬੁੱਧ ਚਿੰਤਨ -2

1

ਜਦੋਂ ਅਸੀਂ ਸਿਰਾਂ ਤੇ ਕੱਫ਼ਨ ਬੰਨ੍ਹ ਕੇ ਤੁਰੇ !

ਬੁੱਧ ਸਿੰਘ ਨੀਲੋਂ

   (ਸਮਾਜ ਵੀਕਲੀ)  ਕਾਫ਼ਲਾ ਸ਼ਬਦ-ਸੰਗੀਤ ਤੇ ਕਿਤਾਬਾਂ ਦੇ ਨਾਲ ਤੁਰਿਆ ਸੀ। ਕਾਫ਼ਲੇ ਦੀ ਸਮੁੱਚੀ ਵਿਚਾਰਧਾਰਾ ਨੂੰ ਕਮਲਜੀਤ ਨੀਲੋਂ ਨੇ ਗੀਤਾਂ ਦੇ ਰਾਹੀ ਮਣਕਿਆਂ ਦੇ ਵਿਚ ਪਰੋ ਕੇ ਬੱਚਿਆਂ ਦੀ ਮੱਦਦ ਦੇ ਨਾਲ ਇਕ ਮਾਲਾ ਵਿਚ ਪਰੋ ਦਿੱਤਾ ਸੀ। ਸੰਗੀਤ ‘ਤੇ ਸਾਥ ਦੇ ਲਈ ਕ੍ਰਿਸ਼ਨ ਲਾਲ ਬੱਗਾ, ਜੀਲਾ, ਨੀਲਾ ਤੇ ਧਰਮ ਸਿੰਘ ਸਨ। ਭਾਵੇਂ ਹਰ ਸਾਲ ਨਵੇਂ ਲੋਕ ਜੁੜਦੇ ਤੇ ਕਿਰਦੇ ਗਏ। ਪਰ ਕਾਫਲੇ ਦੀ ਟੀਮ ਪੰਜ ਸਾਲ ਸਿਰ ਸੁਟ ਕੇ ਨਾਲ ਤੁਰਦੀ ਰਹੀ। ਉਦੋਂ ਮਨਾਂ ਵਿਚ ਡਰ ਵੀ ਸੀ ਤੇ ਨਹੀਂ ਵੀ। ਪੰਜਾਬ ਤਾਂ ਦੋ ਪੁੜਾਂ ਹੇਠ ਪਿਸ ਰਿਹਾ ਅਸੀਂ ਵੀ ਪਿਸਣ ਦੇ ਲਈ ਤੁਰੇ ਸੀ ਕਿ ਮਰਨਾ ਤਾਂ ਇਕ ਹੀ ਦਿਨ ਹੈ। ਚੰਗੇ ਕਾਜ ਲਈ ਮਰਾਂਗੇ ਦੇਖੀ ਜਾਊ ਕਾਫ਼ਲਾ ਰੋਕਣਾ ਨਹੀਂ। ਦੋਵੇ ਪਾਸੇ ਪੰਜਾਬੀ ਮਰ ਰਹੇ ਸਨ। ਦੋਵੇ ਧਿਰਾਂ ਆਪਣੀ–ਆਪਣੀ ਹਿੱਕ ਥਾਪੜ ਰਹੀਆਂ ਸਨ। ਭਰਮ ਦੀ ਫ਼ਸਲ ਬੀਜੀ ਜਾ ਰਹੀ ਸੀ। ਥਾਣਿਆਂ ਤੇ ਮੜ੍ਹੀਆਂ ਵਿਚ ਲੋਕ ਬੇਵਸੀ ਦੇ ਹੰਝੂ ਵਹਾਅ ਰਹੇ ਸਨ। ਕਿਸੇ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਸੀ। ਡਰ ਦੇ ਨਾਲ ਘਰਾਂ ਦੀਆਂ ਜੁੜੀਆਂ ਕੰਧਾਂ ਵੀ ਹਉਕੇ ਭਰਦੀਆਂ ਘਰਦੇ ਜੀਆਂ ਦੀ ਖੈਰ ਮੰਗਦੀਆਂ ਸਨ। ਪਰ ਖੈਰ ‘ਚ ਹੰਝੂ ਪੈਂਦੇ ਸਨ। ਕਾਫ਼ਲੇ ਦੀ ਤਿਆਰੀ ਸਾਲ ਪਹਿਲਾਂ ਸ਼ੁਰੂ ਕਰ ਲਈ ਸੀ। ਸਕੂਲਾਂ ਵਿਚ ਸਾਹਿਤ ਦੀ ਹਰ ਵੰਨਗੀ ਦੇ ਮੁਕਾਬਲੇ ਕਰਵਾ ਲਏ ਸਨ। ਹੁਣ ਤਾਂ ਵਿਦਿਆਰਥੀਆਂ ਨੂੰ ਇਨਾਮ ਵੰਡਣੇ ਸਨ ਤੇ ਕਿਤਾਬਾਂ ਦੇ ਇਹ ਇਨਾਮ ਸਨ। ਜੇਤੂ ਵਿਦਿਆਰਥੀਆਂ ਨੂੰ ਕੂਪਨ ਦੇਣੇ ਸੀ ਉਨ੍ਹਾਂ ਨੇ ਆਪਣੀ ਮਰਜ਼ੀ ਦੀਆਂ ਕਿਤਾਬਾਂ ਲੈਣੀਆਂ ਸਨ। ਗੀਤ ਸੰਗੀਤ ਦਾ ਆਨੰਦ ਲੈਣਾ ਸੀ। ਕਾਫ਼ਲੇ ਤੇ ਸਥਾਨਕ ਲੋਕ ਤਾਂ ਪ੍ਰਬੰਧਕ ਸਨ। ਕਾਫ਼ਲੇ ਵਾਲੇ ਇਕ ਦਿਨ ਪਹਿਲਾਂ ਪ੍ਰੀਤ ਨਗਰ ਪੁੱਜ ਗਏ। ਉਥੇ ਵੀ ਧਮਕੀਆਂ ਦੇ ਖਤਾਂ ਦੀ ਮੋਟੀ ਫਾਈਲ ਬਣ ਗਈ ਸੀ। ਪਰ ਬੱਚਿਆਂ, ਅਧਿਆਪਕਾਂ, ਸਥਾਨਕ ਪ੍ਰਬੰਧਕਾਂ ਤੇ ਲੋਕਾਂ ਵਿਚ ਪੂਰਾ ਉਤਸ਼ਾਹ, ਜਜ਼ਬਾ, ਲਗਨ, ਹਿੰਮਤ,ਦਲੇਰੀ ਤੇ ਕੁਝ ਕਰਨ ਦਾ ਚਾਅ ਸੀ। ਕਿਵੇਂ ਪੰਜ ਵਰ੍ਹੇੇ ਲੰਘੇ, ਕਿਵੇਂ ਖੱਜਲ ਖੁਆਰ ਹੋਏ ਪਰ ਕਾਫ਼ਲਾ ਆਪਣੀ ਮੰਜ਼ਿਲ ਵਧਦਾ ਹੀ ਗਿਆ। ਪ੍ਰੀਤ ਨਗਰ ਵਿਚ ਹਿਰਦੇਪਾਲ ਸਿੰਘ ਦਾ ਪਰਿਵਾਰ ਕਾਫ਼ਲੇ ਨੂੰ ਨਾ ਤੋਰਨ ਦੀਆਂ ਦਲੀਲਾਂ ਦੇ ਰਿਹਾ ਸੀ, ਕਿ ਉਹ ਤਾਂ ਪਹਿਲਾਂ ਸੁਮੀਤ ਸਿੰਘ ਨੂੰ ਗੁਆ ਬੈਠੇ ਸਨ। ਸਾਡੀਆਂ ਦਲੀਲਾਂ ਨੇ ਉਨਾਂ ਨੂੰ ਹੌਸਲਾ ਦਿੱਤਾ। ਦੂਜੇ ਦਿਨ ਜਿਉ ਹੀ ਦਿਨ ਚੜ੍ਹਿਆ ਪ੍ਰੀਤ ਨਗਰ ਵਿਚ ਤਿੱਲ ਸੁਟਣ ਜੋਗੀ ਥਾਂ ਨਾ ਬਚੀ। ਚਾਰੇ ਹੀ ਪਾਸੇ ਲੋਕਾਂ ਦਾ ਹੜੂ ਆ ਗਿਆ। ਵਿਦਿਆਰਥਣ ਦੀਆਂ ਚਿੱਟੀਆਂ ਚੁੰਨੀਆਂ ਕਿਸੇ ਸੋਗ ਦਾ ਦ੍ਰਿਸ਼ ਲੱਗ ਰਹੀਆਂ ਸਨ। ਜਿਉ ਹੀ ਕਾਫ਼ਲਾ ਤੁਰਿਆ ਅਸਮਾਨ ਬੱਚਿਆਂ ਦੇ ਨਾਅਰਿਆਂ ਦੇ ਨਾਲ ਗੂੰਜਣ ਲੱਗਾ।
‘ ਪਾਪਾ ਤੁਸੀਂ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇਕ ਕਿਤਾਬ’
‘ਪੁਸਤਕ ਸੱਭਿਆਚਾਰ ਆਏਗਾ, ਹੱਸਦਾ ਪੰਜਾਬ ਮੋੜ ਲਿਆਏਗਾ’
ਸਥਾਨਕ ਸਕੂਲ ਵਿੱਚ ਸਮਾਗਮ ਹੋਣਾ ਸੀ। ਸਟੇਜ ਉਤੇ ਮਾਸਟਰ ਹਜ਼ਾਰਾ ਸਿੰਘ ਆਜੜੀ ਸੀ, ਜਿਹੜੇ ਬਹੁਤ ਹੀ ਉਤਸ਼ਾਹ ਦੇ ਨਾਲ ਨਾਅਰੇ ਲਵਾ ਰਹੇ ਸਨ। ਪੰਡਾਲ ਵਿਚ ਪੁੱਜਦਿਆਂ ਹੀ ਡਾ. ਬ. ਸ. ਰਤਨ ਤੇ ਡਾ. ਰਮਾ ਨੇ ਕਾਫ਼ਲੇ ਦੇ ਮਕਸਦ ਬਾਰੇ ਵਿਸਥਾਰ ਵਿਚ ਤਕਰੀਰ ਕੀਤੀ। ਜਿਉ ਹੀ ਕਮਲਜੀਤ ਨੀਲੋਂ ਤੇ ਬੱਚਿਆਂ ਨੇ ਸਟੇਜ ਸੰਭਾਲੀ ਤਾਂ ਗੀਤ ਦੇ ਬੋਲ ਗੂੰਜੇ-
ਆਏ ਨੇ ਕਾਫਲੇ ਵਾਲੇ ਕਿਤਾਬਾਂ ਨਾਲ ਲਿਆਏ ਨੇ ,
**
ਆਓ ਬੱਚਿਓ ਭੱਜ ਕੇ ਕਿਤਾਬਾਂ ਨੇ ਬੁਲਾਉਂਦੀਆਂ।

ਦੋ ਘੰਟੇ ਕਿਵੇਂ ਲੰਘ ਗਏ ਪਤਾ ਹੀ ਨਾ ਲੱਗਾ। ਚਾਰੇ ਪਾਸੇ ਭਾਵੇਂ ਪੁਲਸ ਦਾ ਪਹਿਰਾ ਸੀ ਪਰ ਧਮਾਕੇ ਦਾ ਡਰ ਸੀ। ਪਰ ਕੁਝ ਵੀ ਨਾ ਹੋਇਆ। ਪ੍ਰੋਗ਼੍ਰਾਮ ਖਤਮ ਹੋਣ ਵੇਲੇ ਦਾ ਗੀਤ ‘ ਚੰਗਾ ਤਾਰਿਓ ਆਪਾਂ ਫੇਰ ਵੀ ਮਿਲਾਂਗੇ ‘ਤੋਂ ਬਾਅਦ ਸਭ ਘਰਾਂ ਨੂੰ ਪਰਤ ਗਏ। ਅਸੀਂ ਜੰਗ ਜਿੱਤ ਕੇ ਜਰਨੈਲ ਵਾਂਗ ਹਿੱਕ ਤਾਣ ਕੇ ਤੁਰ ਰਹੇ ਸੀ। ਧਮਕੀਆਂ ਦੇਣ ਵਾਲੇ ਚੁੱਪ ਸਨ। ਰਾਤ ਫੇਰ ਇਥੇ ਹੀ ਰੁਕਣਾ ਸੀ, ਡਰ ਅਜੇ ਸੀ ਪਰ ਘੱਟ ਸੀ। ਰਾਤ ਦਾ ਡਰ ਸੀ। ਹਮਲਾ ਰਾਤ ਨੂੰ ਵੀ ਹੋ ਸਕਦਾ ਪਰ ਸਭ ਨੂੰ ਸੁਚੇਤ ਰਹਿਣ ਦਾ ਪਾਠ ਤਾਂ ਇੱਕ ਦਿਨ ਪਹਿਲਾਂ ਹੀ ਪੜ੍ਹਾ ਦਿੱਤਾ ਸੀ। ਮੁੱਢੀਰ ਤਾਂ ਖੌਰੂ ਪਾ ਰਹੀ ਸੀ। ਜਿੱਤ ਦਾ ਜਸ਼ਨ ਸੀ। ਜਿਸ ਥਾਂ ਅਸੀਂ ਠਹਿਰੇ ਸੀ, ਸਾਡੇ ਨਾਲ ਕਈ ਪੰਜਾਬ ਤੋਂ ਬਾਹਰ ਦੇ ਕਲਾਕਾਰ ਵੀ ਸਨ। ਮਹਾਂਭਾਰਤ ਸੀਰੀਅਲ ਵਿਚ ਹਰ ਹਰ ਮਹਾਂਦੇਵ ਦਾ ਨਾਅਰਾ ਦੇਣ ਵਾਲਾ ਕਲਾਕਾਰ ਸੀ। ਜਿਸ ਦੀ ਆਵਾਜ਼ ਵਿਚ ਹਜ਼ਾਰਾਂ ਦੀ ਆਵਾਜ਼ ਦਾ ਭੁਲੇਖਾ ਪੈਂਦਾ ਸੀ। ਪਰ ਉਸ ਦਿਨ ਏ ਨਾਅਰਾ ਤਾਂ ਨਹੀਂ ਸੀ ਲਗਾਇਆ ਪਰ ਉਸ ਨੇ ਆਪਣੀ ਆਵਾਜ਼ ਦਾ ਜਾਦੂ ਜਰੂਰ ਵਖੇਰਿਆ ਸੀ। ਜਦੋਂ ਉਹ ਸਟੇਜ ਤੇ ਹੁੰਦਾ ਤਾਂ ਇੰਜ ਲਗਦਾ ਕਈ ਹਜ਼ਾਰਾਂ ਦੀ ਆਵਾਜ਼ ਹੈ। ਰਾਤ 12 ਕੁ ਵਜੇ ਤੱਕ ਲਾਈਟ ਆਈ ਨਹੀਂ ਸੀ, ਗਰਮੀ ਨੇ ਜਾਨ ਕੱਢੀ ਪਈ ਸੀ । ਅਸੀਂ ਅੰਦਰੋਂ ਜਾਲੀ ਵਾਲਾ ਕੁੰਡਾ ਲਾ ਕੇ ਪਏ ਸੀ ਤਾਂ ਅਚਾਨਕ ਦਰਵਾਜ਼ੇ ‘ਤੇ ਜ਼ੋਰ ਦੀ ਪਈ ਲਾਈਟ ਨੇ ਸਾਰਿਆਂ ਦੇ ਸਾਹ ਸੁਕਾ ਦਿੱਤੇ, ਦਰਵਾਜ਼ੇ ਦੇ ਨਾਲ ਮੈਂ ਤੇ ਬੱਗਾ ਪਏ ਸੀ। ਬਾਹਰੋਂ ਕਾਫੀ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ।
‘ਭਾਅ ਮੈਂ ਮੁਖਾ ਆਂ, ਨੀਲੋਂ ਏਥੇ ਜੇ ? ਬਾਹਰੋਂ ਆਵਾਜ਼ ਆਈ।
‘ਨਹੀਂ’। ਬੱਗਾ ਮਸਾਂ ਹੀ ਬੋਲਿਆ ਸੀ। ਮੈਂ ਚੁੱਪ ਸੀ।
‘ਬੁੱਧ ਸਿਆਂ ਸਿਆਣਦਾ ਕਿਉਂ ਨਹੀਂ।’ ਉਸ ਨੇ ਮੇਰਾ ਲੈ ਕੇ ਉਚੀ ਦੇਣੇ ਕਿਹਾ। ਮੈਂ ਕੁਝ ਬੋਲਦਾ ਤਾਂ ਬੱਗਾ ਬੋਲਿਆ ‘ਪਹਿਲਾਂ ਆ ਲਾਈਟ ਬੰਦ ਕਰ।’
‘ਸੌਂ ਜਾ ਬੱਬੂਆ ਵਾਲਾ ਨੀਲੋਂ ਕਿਥੇ ਜੇ’?
‘ ਉਹ ਤਾਂ ਦੂਜੇ ਪਾਸੇ ਕੋਠੀ ਚ ਪਿਆ ਏ।’
‘ਦਾਰ ਜੀ ਆਦੇਂ ਏਥੇ ਆ, ਤੁਸੀਂ ਆਦੇ ਹੋ ਏਥੇ ਨਹੀਂ, ਮੇਰੇ ਨਾਲ ਪਿੰਡ ਦੀਆਂ ਔਰਤਾਂ ਨੇ ਜਿਹੜੀਆਂ ਕੱਲ੍ਹ ਦੀਆਂ ਲੰਗਰ ਬਣਾ ਰਹੀਆਂ ਨੇ ਉਨ੍ਹਾਂ ਨੇ ਨੀਲੋਂ ਨੂੰ ਸੁਨਣਾ ਜੇ’। ਬਾਹਰੋਂ ਆਵਾਜ਼ ਆਈ।
ਕਮਲਜੀਤ ਵੀ ਨੇੜੇ ਆ ਗਿਆ, ਬਸ ਫੇਰ ਕੀ ਅੱਧੀ ਰਾਤ ਨੂੰ ਨੀਲੋਂ ਨੇ ਆਪਣੀ ਡਫ਼ਲੀ ਨਾਲ ਕਈ ਗੀਤ ਸੁਣਾਏ। ਉਹ ਤਾੜੀਆਂ ਮਾਰ ਕੇ ਘਰਾਂ ਨੂੰ ਚਲੇ ਗਏ। ਪਰ ਅਸੀਂ ਇੱਕ ਦੂਜੇ ਨੂੰ ਬੋਲਦੇ ਰਹੇ। ਨੀਂਦ ਕਿੱਥੇ ਆਉਣੀ ਸੀ। ਡਰ ਵੀ ਲੱਗ ਰਿਹਾ ਸੀ। ਕਦੇ ਦੂਰੋਂ ਗੋਲੀਆਂ ਤੇ ਕੁੱਤਿਆਂ ਦੀ ਆਵਾਜ਼ ਇਸ ਡਰ ਨੂੰ ਹੋਰ ਵੀ ਸੰਘਣਾ ਕਰਦੀ ਸੀ। ਹੁੰਮਸ ਵੀ ਬਹੁਤ ਸੀ। ਨੀਂਦ ਖੰਭ ਲਾ ਕੇ ਉਡ ਗਈ ਸੀ।
—-
ਬੁੱਧ ਸਿੰਘ ਨੀਲੋਂ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੋਸ਼ੀ ਨੂੰ ਸਜ਼ਾ ਦਿਓ ਅਤੇ ਭਰਾ ਮਾਰ ਅੱਗ ਭੜਕਾਉਣ ਵਾਲਿਆਂ ਨੂੰ ਨੱਥ ਪਾਓ – ਦੇਸ਼ ਭਗਤਾਂ ਦੀ ਜ਼ੋਰਦਾਰ ਮੰਗ
Next articleਬੁੱਧ ਚਿੰਤਨ -3