HOME ਦੋਸ਼ੀ ਨੂੰ ਸਜ਼ਾ ਦਿਓ ਅਤੇ ਭਰਾ ਮਾਰ ਅੱਗ ਭੜਕਾਉਣ ਵਾਲਿਆਂ ਨੂੰ ਨੱਥ...

ਦੋਸ਼ੀ ਨੂੰ ਸਜ਼ਾ ਦਿਓ ਅਤੇ ਭਰਾ ਮਾਰ ਅੱਗ ਭੜਕਾਉਣ ਵਾਲਿਆਂ ਨੂੰ ਨੱਥ ਪਾਓ – ਦੇਸ਼ ਭਗਤਾਂ ਦੀ ਜ਼ੋਰਦਾਰ ਮੰਗ

1

ਜਲੰਧਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਹੁਸ਼ਿਆਰਪੁਰ ਵਿਖੇ ਬੱਚੇ ਨਾਲ ਵਾਪਰੀ ਅਤਿ ਨਿੰਦਣਯੋਗ ਅਤੇ ਸਖ਼ਤ ਸਜ਼ਾ ਦੇ ਭਾਗੀਦਾਰ ਮੁਜ਼ਰਿਮ ਨੂੰ ਸਜ਼ਾ ਦੇਣ ਦੀ ਮੰਗ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇੱਕ ਮੁਜ਼ਰਿਮ ਵਿਅਕਤੀ ਕਾਰਨ ਪੂਰੇ ਪਰਵਾਸੀ ਭਾਈਚਾਰੇ ਨੂੰ ਹਮਲੇ ਦਾ ਨਿਸ਼ਾਨਾ ਬਣਾਉਣਾ, ਉਜਾੜੇ ਦੇ ਹੁਕਮ ਚਾੜ੍ਹਨਾ ਅਤੇ ਇਨਸਾਫ ਦੇ ਹਕੀਕੀ ਨੁਕਤਾ ਨਿਗਾਹ ਤੋਂ ਗੱਲ ਕਰਨ ਵਾਲੀਆਂ ਖ਼ਰੀਆਂ ਸਮਾਜਕ, ਜਮਹੂਰੀ ਲੋਕ-ਸੰਸਥਾਵਾਂ ਅਤੇ ਵਿਅਕਤੀਆਂ ਨੂੰ ਪੁਲਸ ਦੀਆਂ ਗਾਰਦਾਂ ਦੀ ਹਾਜ਼ਰੀ ਵਿੱਚ ਪੰਜਾਬ ਦੇ ਸ਼ਹਿਰਾਂ, ਕਸਬਿਆਂ ਵਿੱਚ ਧਮਕੀਆਂ ਦੇਣਾ ਅਸਲ ‘ਚ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਕਾਰੋਬਾਰਾਂ ਨਾਲ ਜੁੜੇ ਅਤੇ ਵਸਦੇ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਬਲ਼ਦੀ ਦੇ ਬੁੱਥੇ ਦੇਣਾ ਦਾ ਅਪਰਾਧਜਨਕ ਮਾਹੌਲ ਸਿਰਜਣਾ ਹੈ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅੱਜ ਜਾਰੀ ਕੀਤੇ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਪੰਜਾਬ ਅਤੇ ਮੁਲਕ ਅੰਦਰ ਭਰਾ ਮਾਰ ਜੰਗ ਦਾ ਮਾਹੌਲ ਬਣਾਉਣ ਦਾ ਵਰਤਾਰਾ ਵਿਸ਼ਵ ਭਰ ‘ਚ ਅਜੇਹੇ ਬਿਰਤਾਂਤ ਸਿਰਜਣ ਦੇ ਭਿਆਨਕ ਨਤੀਜਿਆਂ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਇੰਗਲੈਂਡ, ਕਨੇਡਾ, ਆਸਟਰੇਲੀਆਂ ਆਦਿ ਥਾਵਾਂ ‘ਤੇ ‘ਪ੍ਰਵਾਸੀ ਭਜਾਓ’ ਮੁਹਿੰਮ ਦੀਆਂ ਲੜੀਆਂ ਕੜੀਆਂ ਪੰਜਾਬ ‘ਚੋਂ ‘ਪ੍ਰਵਾਸੀ ਭਜਾਓ, ਪੰਜਾਬ ਬਣਾਓ’ ਨਾਲ ਜੁੜੀਆਂ ਹੋਈਆਂ ਹਨ ਕਿਉਂਕਿ ਦੁਨੀਆਂ ਭਰ ਦਾ ਸਾਮਰਾਜੀ ਕਾਰਪੋਰੇਟ ਲਾਣਾ ਲੋਕਾਂ ਖਿਲਾਫ਼ ਜੋ ਨਿਹੱਕੀਆਂ ਜੰਗਾਂ ਤੇਜ਼ ਕਰ ਰਿਹਾ ਹੈ ਉਸ ਖਿਲਾਫ਼ ਉੱਠੇ ਰੋਹ ਦੇ ਪ੍ਰਤੀਰੋਧ ਦੇ ਨਿਸ਼ਾਨੇ ਤੋਂ ਬਚਣ ਲਈ ਉਹ ਆਨੇ-ਬਹਾਨੇ ਘੜਕੇ ਜਾਂ ਮੌਕਾ ਤਾੜਕੇ ਲੋਕਾਂ ਨੂੰ ਇੱਕ-ਦੂਜੇ ਦੇ ਦੁਸ਼ਮਣ ਬਣਾ ਧਰਨ ਦੀ ਫ਼ਿਰਕੂ ਜ਼ਹਿਰੀ ਹਨੇਰੀ ਵਗਾ ਰਿਹਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ ਪੰਜਾਬ ਜਦੋਂ ਹੜ੍ਹਾਂ ਦੀ ਮਾਰ ਦਾ ਪਿੰਜਿਆ ਪਿਆ ਹੈ ਤਾਂ ਉਸ ਵੇਲੇ ਪੂਰੇ ਮੁਲਕ ‘ਚੋਂ ਸਹਾਇਤਾ ਦਾ ਹੜ੍ਹ ਆਇਆ ਹੈ ਜੋ ਹਕੂਮਤਾਂ ਅਤੇ ਲੋਕ ਦੋਖੀ ਤਾਕਤਾਂ ਦੇ ਢਿੱਡ ਸੂਲ ਛੇੜ ਰਿਹਾ ਹੈ। ਇਸ ਲਈ ਮੁਲਕ ‘ਚ ਉਸਰ ਰਹੇ ਭਾਈਚਾਰਕ ਸਾਂਝ ਦੇ ਕਿਲ੍ਹੇ ਵਿੱਚ ਸੰਨ੍ਹ ਲਾਉਣ ਲਈ ਗਿਣੀ ਮਿਥੀ ਨੀਤੀ ਤਹਿਤ ਅੱਜ ਪੂਰੇ ਪੰਜਾਬ ਅੰਦਰ ਹਕੂਮਤੀ ਛੱਤਰੀ ਹੇਠ ਅਜੇਹੇ ਅਨਸਰਾਂ ਨੂੰ ਖੜਦੁੰਮ ਮਚਾਉਣ ਦੀਆਂ ਖੁੱਲ੍ਹਾਂ ਲਈ ਥਾਪੜਾ ਦਿੱਤਾ ਜਾ ਰਿਹਾ ਹੈ, ਜਿਹੜੇ ਕਦੇ ਵੀ, ਕਿਸੇ ਵੀ ਲੋਕ ਮਸਲੇ ਮੌਕੇ ਭਾਲ਼ੇ ਨਹੀਂ ਥਿਆਉਂਦੇ। ਕਮੇਟੀ ਨੇ ਪੰਜਾਬ, ਦੇਸ਼ ਅਤੇ ਪ੍ਰਦੇਸ਼ਾਂ ਅੰਦਰ ਰਹਿੰਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗ਼ਦਰ ਲਹਿਰ ਦੀ ਸਰਵ ਸਾਂਝੀ ਇਨਕਲਾਬੀ ਲੋਕ-ਪੱਖੀ ਵਿਰਾਸਤ ਦਾ ਝੰਡਾ ਬੁਲੰਦ ਰੱਖਦੇ ਹੋਏ ਲੋਕਾਂ ਵਿੱਚ ਭਾਈਚਾਰਕ ਸਾਂਝ ਦੀ ਗਲਵੱਕੜੀ ਮਜ਼ਬੂਤ ਕਰਨ ਅਤੇ ਹਰ ਵੰਨਗੀ ਦੀਆਂ ਫੁੱਟ-ਪਾਊ, ਕਾਤਲੀ, ਫ਼ਿਰਕੂ ਤਾਕਤਾਂ ਅਤੇ ਉਹਨਾਂ ਦੀ ਪਿੱਠ ਥਾਪੜ ਰਹੇ ਹਾਕਮਾਂ ਖਿਲਾਫ਼ ਬੇਖੌਫ਼ ਹੋ ਕੇ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਝੋਨੇ ਦੀ ਖ਼ਰੀਦ ਮੰਗਲਵਾਰ ਤੋਂ, ਜਿਲੇ ‘ਚ 30 ਪੱਕੀਆਂ ਤੇ 10 ਆਰਜੀ ਮੰਡੀਆਂ ਸਥਾਪਤ – ਡਿਪਟੀ ਕਮਿਸ਼ਨਰ
Next articleਬੁੱਧ ਚਿੰਤਨ -2