HOME ਬੁੱਧ ਚਿੰਤਨ -3

ਬੁੱਧ ਚਿੰਤਨ -3

1

ਜਦੋਂ ਅਸੀਂ ਸਿਰਾਂ ਤੇ ਕੱਫ਼ਨ ਬੰਨ੍ਹ ਕੇ ਤੁਰੇ!

ਬੁੱਧ ਸਿੰਘ ਨੀਲੋਂ

  (ਸਮਾਜ ਵੀਕਲੀ)  ‘ਯਾਰ ਤੇਰੇ ਬੱਬੂਏ ਨੇ ਜਰੂਰ ਮਰਾ ਦੇਣੇ ਆ’। ਬੱਗਾ ਗੁੱਸੇ ਨਾਲ ਬੋਲਿਆ। ਫੇਰ ਸਾਰਿਆਂ ਨੂੰ ਪੈ ਜਾਣ ਲਈ ਬੱਗੇ ਨੇ ਕਿਹਾ। ਕਈ ਤਾਂ ਡਰਦੇ ਬਿਸਤਰਿਆਂ ‘ਤੇ ਪਏ ਹੱਸੀ ਜਾਣ। ਪਲ ਪਲ ਸਾਲ ਵਾਂਗ ਲੰਘ ਰਿਹਾ ਸੀ।
‘ਭਾਅ ਕੀ ਟੈਮ ਹੋਇਆ’? ਕਿਸੇ ਨੇ ਪੁੱਛਿਆ ਤਾਂ ਬੱਗਾ ਖਿੱਝ ਕੇ ਬੋਲਿਆ, ‘ਨਾ ਤੈ ਬਰਾਤੇ ਜਾਣਾ?’
‘ਬਰਾਤੇ ਤਾਂ ਨੀ ਜਾਣਾ ਲੱਗਦਾ ਸਵੇਰ ਤੱਕ ਜਨਾਜਾ ਜਰੂਰ ਨਿਕਲੂਗਾ…………… ।’
ਸਾਰੇ ਜਣੇ ਹੱਸਣ ਲੱਗੇ, ਅੰਦਰੋਂ ਵੀ ਹਾਸੇ ਦੀਆਂ ਆਵਾਜ਼ਾਂ ਆਈਆਂ। ਏ ਕੌਣ ਸੀ ਪਤਾ ਨੀ ਲੱਗਾ। ਰਾਤ ਪਲ ਪਲ ਜੂੰ ਵਾਂਗ ਸਰਕ ਰਹੀ ਸੀ। ਫੇਰ ਪੈੜ ਚਾਲ ਦੀ ਆਵਾਜ਼ ਆਉਣ ਲੱਗੀ, ਸਾਰੇ ਸਾਹ ਰੋਕ ਕੇ ਪੈ ਗਏ। ਹੌਲੀ-ਹੌਲੀ ਆਵਾਜ਼ ਨੇੜੇ ਆ ਰਹੀ ਸੀ। ਥੋੜ੍ਹੀ ਦੇਰ ਬਾਅਦ ਜਮਾਂ ਹੀ ਦਰਾਂ ਮੂਹਰੇ ਦੀ ਲੰਘ ਗਈ। ਪਰ ਸਾਰਿਆਂ ਦੇ ਸਾਹ ਸੂਤੇ ਗਏ। ਅਸੀਂ ਵੀ ਦਰਾਂ ਤੋਂ ਪਰੇ ਹੋ ਗਏ ਪਰ ਕੰਨ ਬਾਹਰ ਸਨ। ਬਾਹਰ ਇੱਕ ਡੰਗਰ ਸਣੇ ਸੰਗਲ ਲੰਘ ਗਿਆ। ਸਾਰੇ ਉਚੀ ਉਚੀ ਹੱਸਣ ਲੱਗੇ। ਉਦੋਂ ਤੱਕ ਗੁਰਦੁਆਰਾ ਸਾਹਿਬ ਤੋਂ ਪਾਠੀ ਬੋਲਣ ਲੱਗ ਗਏ ਸੀ। ਸਾਡੇ ਵਿੱਚੋਂ ਕਿਸੇ ਦੀ ਸਾਰੀ ਰਾਤ ਅੱਖ ਨਾ ਲੱਗੀ। ਜਿਉਂ ਹੀ ਦਿਨ ਚੜਿਆ ਜਾਣ ਦੀ ਤਿਆਰੀ ਹੋ ਗਈ। ਫੇਰ ਸਾਰੇ ਦਿਨ ਉਸ ਰਾਤ ਦੀ ਚਰਚਾ ਹੁੰਦੀ ਰਹੀ। ਸਾਰੇ ਹੱਸ ਹੱਸ ਦੂਹਰੇ ਹੁੰਦੇ ਰਹੇ।
ਦਹਿਸ਼ਤ ਦੇ ਦਿਨਾਂ ਵਿਚ ਮੌਤ ਵੱਲ ਤੁਰਨ ਦਾ ਨਜ਼ਾਰਾ ਹੀ ਹੋਰ ਸੀ ਪਰ ਅਸੀਂ ਪਾਸ਼ ਦੀ ਕਵਿਤਾ ‘ਅਸੀਂ ਲੜਾਂਗੇ ਸਾਥੀ ‘ ਵਾਂਗ ਲੜਾਈ ਲੜੀ। ਸ਼ਬਦ-ਸੰਗੀਤ ਤੇ ਕਲਮ ਦੀ ਤਾਕਤ ਹਥਿਆਰਾਂ ‘ਤੇ ਭਾਰੂ ਪਈ। ਉਨਾ ਇਹ ਗੱਲ ਮੰਨੀ ਕਿ ਤੁਸੀਂ ਠੀਕ ਦਿਸ਼ਾ ਵੱਲ ਤੁਰ ਰਹੇ ਹੋ। ਅਸੀਂ ਪ੍ਰੀਤ ਨਗਰ ਵਿਚ ਕਾਫ਼ਲੇ ਨੂੰ ਰੋਕਣ ਦਾ ਪੂਰਾ ਪ੍ਰੁਬੰਧ ਕਰ ਲਿਆ ਸੀ ਪਰ ਹਿੰਮਤ ਨਹੀਂ ਪਈ ਕਿ ਅਸੀਂ ਗੋਲੀਆਂ ਚਲਾਈਏ, ਧਮਾਕਾ ਕਰੀਏ। ਉਨ੍ਹਾਂ ਨੇ ਵੀ ਮੰਨਿਆ ਕਿ ਤੁਸੀਂ ਤਾਂ ਗੀਤ ਸੰਗੀਤ ਦੇ ਰਾਹੀਂ ਲੋਕਾਂ ਦੀ ਮਰ ਗਈ ਚੇਤਨਾ ਤੇ ਸੰਵੇਦਨਾ ਨੂੰ ਜਗਾ ਰਹੇ ਹੋ। ਲੋਕ ਸ਼ਬਦ ਗੁਰੂ ਦੇ ਵੱਲ ਪਿੱਠ ਕਰੀ ਖੜੇ ਹਨ।
ਕਾਫ਼ਲਾ ਪੰਜ ਵਰ੍ਹੇ ਤੁਰਦਾ ਰਿਹਾ ਪਰ ਕੁੱਝ ਸਵਾਲ ਵੀ ਛੱਡ ਗਿਆ। ਪੰਜ ਵਰ੍ਹੇੇ ਸੰਗੀਨਾਂ ਦੀ ਨੋਕ ‘ਤੇ ਕਾਫ਼ਲਾ ਪੰਜਾਬ ਦੀ ਧਰਤੀ ‘ਤੇ ਚਾਨਣ ਦੇ ਬੀਜ ਵਖੇਰਦਾ ਰਿਹਾ। ਇਹ ਵੀ ਸੱਚ ਹੈ ਪੰਜਾਬ ਦੇ ਚੱਪੇ-ਚੱਪੇ ‘ਤੇ ਬਿਨਾਂ ਕਿਸੇ ਡਰ ਭੈਅ ਦੇ ਸਫ਼ਰ ਕਰਦੇ ਰਹੇ। ਕਿੰਨੇ ਮਿਲੇ ਤੇ ਕਿੰਨੇ ਵਿੱਛੜੇ ਇਸ ਦਾ ਹਿਸਾਬ ਕਦੇ ਫੇਰ ਕਰਾਂਗਾ। ਪੰਜਾਬ ਦੇ ਵਿਚ ਤੁਰੀ ਇਹ ਆਪਣੀ ਹੀ ਕਿਸਮ ਦੀ ਵੱਖਰੀ ਲਹਿਰ ਸੀ। ਜਿਸ ਇਸ ਫਿਰਕੂ ਮਾਹੌਲ ਵਿਚ ਸ਼ਾਂਤੀ ਦੇ ਬੀਜ, ਬੀਜੇ ਜਿਹੜੇ ਸਟੇਟ ਨੂੰ ਤਾਂ ਸਮਝ ਆ ਗਏ ਪਰ ਲੋਕਾਂ ਨੂੰ ਅਜੇ ਤੱਕ ਸਮਝ ਨਹੀਂ ਆਏ। ਬਾਅਦ ਵਿਚ ਸਟੇਟ ਨੇ ਇਹ ਗੱਲ ਸਵੀਕਾਰੀ ਕਿ ਗੋਲੀ ਦਾ ਜਵਾਬ ਗੋਲੀ ਨਹੀਂ ਹੁੰਦਾ। ਬਾਅਦ ਵਿੱਚ ਸਰਕਾਰ ਬਣੀ ਤੇ ਪੰਜਾਬ ਦੇ ਲੋਕਾਂ ਨੂੰ ਘਰਾਂ ਵਿਚੋਂ ਕੱਢਣ ਲਈ ਸੱਭਿਆਚਾਰਕ ਪ੍ਰੋਗ੍ਰਾਮ ਕਰਵਾਏ।
ਲੋਕ ਕਿਉਂ ਪੁਸਤਕ ਸੱਭਿਆਚਾਰ ਵੱਲ ਪਿੱਠ ਕਰ ਖੜੇ ਗਏ ਹਨ? ਸਾਧਨ ਵਾਲੇ ਆਪਣੀ ਧਰਤੀ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ ਪਰ ਸਾਧਨਹੀਨ ਲੋਕ ਪਲ-ਪਲ ਮਰ ਰਹੇ ਹਨ। ਗੰਦੀ ਸਿਆਸਤ ਨੇ ਲੋਕਾਂ ਵੋਟਾਂ ਬਣਾ ਕੇ ਰੱਖ ਦਿੱਤਾ ਹੈ। ਚੇਤਨਾ ਜਗਾਉਣ ਵਾਲੇ ਸੱਤਾ ਦੇ ਦਲਾਲ ਬਣ ਕੇ ਆਪਣੀਆਂ ਜ਼ਮੀਰਾਂ ਦੇ ਸੌਦੇ ਕਰ ਰਹੇ ਹਨ। ਕੀ ਲੋਕ ਸਾਹਿਤ ਨੂੰ ਭੁੱਲ ਗਏ ਹਨ? ਨਹੀਂ ਪਰ ਸਾਹਿਤਕਾਰ ਲੋਕ ਹਿਤੈਸ਼ੀ ਲਿਖਣਾ ਛੱਡ ਕੇ ਦੇਹ ਦਾ ਗੁਣਗਾਨ ਕਰ ਰਹੇ ਹਨ। ਇਸੇ ਕਰਕੇ ਸਾਹਿਤ ਦੀ ਚਰਚਾ ਲੋਕਾਂ ਵਿੱਚ ਨਹੀਂ, ਸਿਰਫ਼ ਸਾਹਿਤਕ ਅਦਾਰਿਆਂ ਵਿੱਚ ਹੁੰਦੀ ਹੈ। ਜਿੱਥੇ ਇੱਕ ਦੂਜੇ ਨੂੰ ਉੱਚਾ ਚੁੱਕਿਆ ਜਾਂਦਾ ਹੈ।
ਕਾਲੇ ਦਿਨਾਂ ਦੇ ਵਿਚ ਅਸੀਂ ਕਾਫ਼ਲਾ ਤੋਰਣ ਵਾਲੇ ਤਾਂ ਮੁੱਠੀ ਭਰ ਸੀ ਤੇ ਕਾਫ਼ਲੇ ਨੇ ਲੋਕਾਂ ਸਾਹਿਤ ਤੇ ਗੀਤ- ਸੰਗੀਤ ਦੇ ਨਾਲ ਜੋੜਿਆ ਸੀ ਪਰ ਕਾਫਲੇ ਦੀ ਲਹਿਰ ਨੂੰ ਬੂਰ ਨਹੀਂ ਪਿਆ। ਪੰਜਾਬ ਵਿਚ ਪੁਸਤਕ ਸੱਭਿਆਚਾਰ ਨੀ ਪੈਦਾ ਹੋ ਸਕਿਆ। ਦੂਜੇ ਪਾਸੇ ਹੁਣ ਤਾਂ ਅੱਤਵਾਦ ਦੇ ਸਿਰਜਕਾਂ ਤੇ ਪ੍ਰਬੰਧਕਾਂ ਦਾ ਪਰਦਾ ਖੁੱਲ ਗਿਆ ਹੈ। ਅਸੀਂ ਉਨਾਂ ਦਿਨਾਂ ਵਿਚ ਵੀ ਚਾਨਣ ਦਾ ਹੋਕਾ ਦਿੰਦੇ ਰਹੇ ਜਦੋਂ ਦਿਨ ਵੇਲੇ ਹੀ ਪੰਜਾਬ ਦੇ ਵਿਚ ਰਾਤ ਪੈ ਜਾਂਦੀ ਸੀ। ਉਦੋਂ ਸਿਰਾਂ ਤੇ ਕੱਫਨ ਬੰਨ੍ਹ ਕੇ ਤੁਰਨ ਦਾ ਸਾਨੂੰ ਜਨੂੰਨ ਸੀ ਜਾਂ ਸਾਡੀ ਅਜੇ ਮੌਤ ਦੂਰ ਸੀ। ਇਹ ਤਾਂ ਪਤਾ ਨਹੀਂ ਪਰ ਮੌਤ ਦੇ ਸਾਏ ਹੇਠ ਕੱਟੇ ਪਲ-ਪਲ ਯਾਦ ਹਨ। ਹੁਣ ਜਦੋਂ ਉਨਾਂ ਪਲਾਂ ਨੂੰ ਯਾਦ ਕਰਦਾ ਤਾਂ ਬਹੁਤ ਕੁਝ ਮਨ ਦੀ ਕੈਨਵਸ ਤੇ ਆ ਰਿਹਾ। ਪਰ ਹੁਣ ਇਹ ਵੀ ਲਗਦਾ ਕਿ ਅਸੀਂ ਪਾਗਲ ਸੀ। ਸਾਡਾ ਇਹ ਪਾਗ਼ਲਪਣ ਕਿਸ ਕਿਸ ਨੂੰ ਰਾਸ ਆਇਆ, ਕਿਸ ਕਿਸ ਨੇ ਰਸ ਗੁਆਇਆ, ਇਹ ਤਾਂ ਉਹ ਹੀ ਜਾਣਦੇ ਹਨ। ਇਹ ਜ਼ਿੰਦਗੀ ਦੇ ਸੁਨਹਿਰੀ ਦਿਨ ਸਨ। ਹੁਣ ਪੰਜਾਬ ਦੇ ਵਿੱਚ ਪੁਸਤਕ ਮੇਲੇ ਲੱਗਣ ਲੱਗੇ ਹਨ, ਪਰ ਬਾਲ ਪਰੀਤ ਕਾਫਲੇ ਨੇ ਇਸਦੀ ਸ਼ੁਰੂਆਤ ਤਿੰਨ ਦਹਾਕੇ ਪਹਿਲਾਂ ਕਰ ਦਿੱਤੀ ਸੀ. ਸਭ ਭੁੱਲ ਗਏ ਹਨ, ਸਾਹਿਤ ਦੇ ਮੰਚ ਉਤੇ ਵਪਾਰੀ ਵਰਗ ਭਾਰੂ ਹੋ ਗਿਆ ਹੈ, ਧਰਤੀ ਦੇ ਨਾਲ ਜੁੜ ਕੇ ਤੁਰਨ ਵਾਲੇ ਹਾਸ਼ੀਆਗਤ ਹੋ ਗਏ, ਯਾਦਾਂ ਦੀ ਗੱਠੜੀ ਦੇ ਵਿੱਚੋਂ ਇਹ ਕੁੱਝ ਕਿਰ ਗਿਆ ਹੈ!

ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਚਿੰਤਨ -2
Next articleਆਲ ਇੰਡੀਆ ਆਦਿ ਧਰਮ ਮਿਸ਼ਨ ਵਲੋੰ ਸੰਤ ਸਤਵਿੰਦਰ ਹੀਰਾ ਨੇ ਹੜ ਪੀੜਤਾਂ ਨੂੰ ਰਾਹਿਤ ਸਮਗਰੀ ਵੰਡੀ