(ਸਮਾਜ ਵੀਕਲੀ) ਘਰਾਂ ਦੇ ਮਾਲਕ ਹਮੇਸ਼ਾਂ ਖ਼ੁਸ਼ ਹੁੰਦੇ ਹਨ ਜਦੋਂ ਘਰ ਮਹਿੰਗੇ ਹੋਈ ਜਾਣ ਅਤੇ ਘਰਾਂ ਦੇ ਖਰੀਦਦਾਰ ਖੁਸ਼ ਹੁੰਦੇ ਹਨ ਕਿ ਘਰ ਸਸਤੇ ਹੋ ਜਾਣ ਤਾਂ ਕਿ ਖਰੀਦੇ ਜਾ ਸਕਣ l
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ ਸਮੇਂ ਤੇ ਘਰ ਕਦੇ ਸਸਤੇ ਅਤੇ ਕਦੇ ਮਹਿੰਗੇ ਹੁੰਦੇ ਰਹਿੰਦੇ ਹਨ ਪਰ ਇਨ੍ਹਾਂ ਦੇ ਕਈ ਕਾਰਣ ਹੁੰਦੇ ਹਨ l ਲੋਕਾਂ ਵਿੱਚ ਜਿਆਦਾ ਡਰ ਜਾਣਕਾਰੀ ਦੀ ਘਾਟ ਕਾਰਣ ਪੈਦਾ ਹੁੰਦਾ ਹੈ l ਇਸ ਕਰਕੇ ਚੰਗੀ ਗੱਲ ਹੈ ਕਿ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕੀਤੀ ਜਾਵੇ l
ਮੈਨੂੰ ਕਾਫੀ ਵਿਅਕਤੀਆਂ ਦੇ ਫੋਨ ਆਏ ਜਿਨ੍ਹਾਂ ਦਾ ਘਰ ਖਰੀਦਣ ਦਾ ਸੌਦਾ ਅੱਧ ਵਿਚਾਲੇ ਸੀ l ਬਾਦ ਵਿੱਚ CV 9% ਘਟ ਗਈ ਤਾਂ ਉਹ ਪੁੱਛ ਰਹੇ ਸੀ ਕਿ ਸੌਦਾ ਕਰਨ ਵਿੱਚ ਫਾਇਦਾ ਹੈ ਜਾਂ ਛੱਡਣ ਵਿੱਚ? ਆਓ ਸਮਝੀਏ l
CV ਦਾ ਭਾਵ ਹੈ ਕੈਪੀਟਲ ਵੈਲੂਊ (Capital Value) l ਇਹ CV ਕਾਉਂਸਿਲ ਵਲੋਂ ਘਰਾਂ ਦੇ ਰੇਟ ਚਾਰਜ਼ ਕਰਨ ਲਈ ਕਰਵਾਈ ਜਾਂਦੀ ਹੈ l ਇਸ ਕਰਕੇ ਇਸ ਨੂੰ ਰੇਟਿੰਗ ਵੈਲੂਏਸ਼ਨ ਵੀ ਕਹਿ ਸਕਦੇ ਹਾਂ l
ਮੇਰਾ ਮੰਨਣਾ ਹੈ ਕਿ CV ਦਾ ਘਰਾਂ ਦੀ ਮਾਰਕੀਟ ਦੇ ਉੱਤੇ ਥੱਲੇ ਜਾਣ ਦਾ ਕੋਈ ਸਬੰਧ ਨਹੀਂ ਹੈ l ਘਰਾਂ ਦੀ ਮਾਰਕੀਟ ਦੇ ਉੱਤੇ ਥੱਲੇ ਜਾਣ ਦੇ ਹੋਰ ਕਾਰਣ ਹੋ ਸਕਦੇ ਹਨ ਪਰ CV ਦੇ ਥੱਲੇ ਜਾਂ ਉੱਤੇ ਜਾਣ ਨਾਲ ਘਰਾਂ ਦੀ ਕੀਮਤ ਨੂੰ ਕੋਈ ਫਰਕ ਨਹੀਂ ਪੈਂਦਾ l
CV ਦਾ ਫਰਕ ਸਾਡੇ ਮਾਈਂਡਸੈੱਟ ਨੂੰ ਪੈਂਦਾ ਹੈ l ਜਿਸ ਤਰਾਂ ਜੇ ਘਰਾਂ ਦੀ ਕੀਮਤ ਉੱਪਰ ਜਾਵੇਗੀ ਤਾਂ ਘਰਾਂ ਦੇ ਮਾਲਕ ਅਮੀਰ ਮਹਿਸੂਸ ਕਰਨਗੇ ਅਤੇ ਉਹ ਇਸੇ ਖੁਸ਼ੀ ਵਿੱਚ ਖਰਚਾ ਵੱਧ ਕਰਨਗੇ ਅਤੇ CV ਘਟਣ ਦੀ ਸੂਰਤ ਵਿੱਚ ਇਸ ਤੋਂ ਉਲਟ ਹੋਵੇਗਾ l ਜਦੋਂ ਲੋਕ ਖਰਚਾ ਘੱਟ ਕਰਨ ਤਾਂ ਆਰਥਿਕ ਮੰਦੀ ਆ ਜਾਂਦੀ ਹੈ l
ਆਓ ਹੁਣ ਦੇਖਦੇ ਹਾਂ ਕਿ ਮਾਰਕੀਟ ਵਿੱਚ ਘਰਾਂ ਦੇ ਪ੍ਰਾਈਸ (Price) ਜਾਂ ਆਸਕਿੰਗ ਪ੍ਰਾਈਸ (Asking Price) ਕਿਵੇਂ ਤਹਿ ਹੁੰਦੇ ਹਨ?
ਜਦੋਂ ਕੋਈ ਵਿਅਕਤੀ ਆਪਣਾ ਘਰ ਰੀਅਲ ਐਸਟੇਟ ਰਾਹੀਂ ਵੇਚਣਾ ਚਾਹਵੇ ਤਾਂ ਉਹ ਰੀਅਲ ਐਸਟੇਟ ਏਜੇਂਟ ਨੂੰ ਪੁੱਛਦਾ ਹੈ ਕਿ ਉਸ ਦਾ ਘਰ ਕਿੰਨੇ ਦਾ ਵਿਕੇਗਾ? ਰੀਅਲ ਐਸਟੇਟ ਏਜੇਂਟ ਉਸ ਇਲਾਕੇ ਦੀ ਅੱਪ-ਟੂ-ਡੇਟ ਸੇਲਸ ਰਿਪੋਰਟ ਦੇਖਦਾ ਹੈ ਕਿ ਉਸ ਇਲਾਕੇ ਵਿੱਚ ਘਰ ਪਿਛਲੇ ਕੁੱਝ ਮਹੀਨਿਆਂ ਵਿੱਚ ਕਿੰਨੇ ਕਿੰਨੇ ਦੇ ਵਿਕੇ ਹਨ? ਉਹ ਵਿਕੇ ਹੋਏ ਘਰ ਉਸ ਘਰ ਨਾਲੋਂ ਛੋਟੇ ਵੱਡੇ ਹੋ ਸਕਦੇ ਹਨ, ਉਨ੍ਹਾਂ ਘਰਾਂ ਦੀ ਜ਼ਮੀਨ ਵੱਧ ਘੱਟ ਹੋ ਸਕਦੀ ਹੈ, ਉਨ੍ਹਾਂ ਦੇ ਟਾਈਟਲ ਵੱਖ ਵੱਖ ਹੋ ਸਕਦੇ ਹਨ ਜਿਨ੍ਹਾਂ ਕਾਰਣ ਉਨ੍ਹਾਂ ਘਰਾਂ ਨੂੰ ਵਿਕਣ ਵਾਲੇ ਘਰ ਨਾਲ ਸਿੱਧਾ ਨਹੀਂ ਮਿਲਾਇਆ ਜਾ ਸਕਦਾ l
ਉਨ੍ਹਾਂ ਸੇਲਾਂ ਮੁਤਾਬਿਕ ਏਜੇਂਟ ਵਿਕਣ ਵਾਲੇ ਘਰ ਦਾ ਪ੍ਰਾਈਸ (Price) ਅਡਜਸਟ (Adjust) ਕਰਦਾ ਹੈ ਅਤੇ ਘਰ ਦੇ ਮਾਲਿਕ ਨਾਲ ਵਿਚਾਰਦਾ ਹੈ l ਜੇ ਘਰਾਂ ਦੀ ਮਾਰਕੀਟ ਤੇਜ਼ ਹੈ ਤਾਂ ਪ੍ਰਾਈਸ ਵੀਹ ਜਾਂ ਤੀਹ ਹਜ਼ਾਰ ਫਾਲਤੂ ਹੋ ਸਕਦਾ ਹੈ ਪਰ ਠੰਡੀ ਮਾਰਕੀਟ ਵਿੱਚ ਤਕਰੀਬਨ ਜਿਆਦਾ ਕੀਮਤ ਨਹੀਂ ਹੁੰਦੀ l ਕੁੱਝ ਕੀਮਤ ਘਰਾਂ ਦੀ ਨੈਗੋਸੀਏਸ਼ਨ ਵੇਲੇ ਵੀ ਘੱਟ ਹੋ ਜਾਂਦੀ ਹੈ l
ਉੱਪਰ ਵਾਲਾ ਤਰੀਕਾ ਵਰਤਣ ਵੇਲੇ ਏਜੇਂਟ ਨੇ ਕੋਈ CV ਨਹੀਂ ਦੇਖੀ l ਇਸ ਕਰਕੇ ਉਸ ਘਰ ਦਾ ਪ੍ਰਾਈਸ CV ਤੇ ਬਿਲਕੁਲ ਨਿਰਭਰ ਨਹੀਂ ਕਰੇਗਾ l
ਇਸ ਤੋਂ ਵੀ ਉੱਪਰ ਕਿ CV ਤਿੰਨ ਸਾਲਾਂ ਬਾਦ ਆਉਂਦੀ ਹੈ ਜਦਕਿ ਘਰਾਂ ਦੀ ਕੀਮਤ ਤਕਰੀਬਨ ਹਰ ਮਹੀਨੇ ਬਦਲਦੀ ਹੈ l ਇਸ ਕਰਕੇ CV ਨੂੰ ਘਰ ਦੀ ਕੀਮਤ ਨਾਲ ਮਿਲਾ ਕੇ ਦੇਖਣਾ ਹੀ ਗਲਤ ਹੈ l
ਕਦੇ ਕਦੇ ਬੈਂਕਾਂ CV ਦੇ ਅਧਾਰ ਤੇ ਪ੍ਰਾਪਰਟੀ ਦੀ ਕੀਮਤ ਨੂੰ ਸਹੀ ਮੰਨ ਲੈਂਦੀਆਂ ਹਨ l ਉਹ ਸਿਰਫ ਉਨ੍ਹਾਂ ਕੇਸਾਂ ਵਿੱਚ ਹੁੰਦਾ ਹੈ ਜਿੱਥੇ ਖਰੀਦਦਾਰ ਕੋਲ ਇਕੁਇਟੀ (Equity) ਬਹੁਤ ਜਿਆਦਾ ਹੁੰਦੀ ਹੈ l
ਕੁੱਝ ਕੇਸਾਂ ਵਿੱਚ ਈ ਵੈਲੂਏਸ਼ਨ ਨੂੰ ਬੈਂਕ ਮੰਨ ਲੈਂਦੀ ਹੈ ਜੋ 50 ਕੁ ਡਾਲਰ ਵਿੱਚ ਆਨਲਾਇਨ ਤੁਸੀਂ ਖੁਦ ਵੀ ਕਰ ਸਕਦੇ ਹੋ l ਆਮ ਤੌਰ ਤੇ ਬੈਂਕਾਂ ਮੁਫ਼ਤ ਹੀ ਕਰ ਲੈਂਦੀਆਂ ਹਨ ਜਾਂ ਆਪਣੇ ਖਰਚ ਤੇ ਕਰ ਲੈਂਦੀਆਂ ਹਨ l
ਅਸਲੀ ਵੈਲੂਏਸ਼ਨ ਮਾਰਕੀਟ ਵੈਲੂਏਸ਼ਨ (Market Valuation) ਨੂੰ ਮੰਨਿਆ ਜਾਂਦਾ ਹੈ ਜੋ ਕਿ ਪ੍ਰਾਈਵੇਟ ਵੈਲੂਏਸ਼ਨ ਕੰਪਨੀ ਕਰਦੀ ਹੈ ਜਿਸ ਨੂੰ ਰਜਿਸਟਰਡ (Registered Valuation) ਵੈਲੂਏਸ਼ਨ ਵੀ ਕਹਿੰਦੇ ਹਨ ਪਰ ਆਮ ਘਰ ਵਾਸਤੇ ਇਸ ਦੀ ਕੀਮਤ $800 ਦੇ ਕਰੀਬ ਹੁੰਦੀ ਹੈ ਪਰ ਮਹਿੰਗੇ ਘਰਾਂ ਵਿੱਚ ਇਹ ਮਹਿੰਗੀ ਹੋ ਸਕਦੀ ਹੈ l ਇਹ ਖਰਚਾ ਘਰ ਖਰੀਦਣ ਵਾਲੇ ਨੂੰ ਦੇਣਾ ਪੈਂਦਾ ਹੈ l ਇਸ ਵੈਲੂਏਸ਼ਨ ਦਾ ਆਰਡਰ ਵੀ ਅੱਜਕਲ੍ਹ ਬੈਂਕਾਂ ਆਪਣੇ ਅੰਦਰੂਨੀ (Internal) ਸਿਸਟਮ ਰਾਹੀਂ ਹੀ ਕਰਦੀਆਂ ਹਨ l
ਮੈਂ ਪਿਛਲੇ 26 ਸਾਲਾਂ ਵਿੱਚ ਸੈਂਕੜੇ ਘਰ ਖਰੀਦੇ l ਖਰੀਦਣ ਵੇਲੇ ਕਦੇ ਜਾਣ ਬੁੱਝ ਕੇ CV ਨਹੀਂ ਦੇਖੀ ਪਰ ਕਈ ਵਾਰ ਘਰਾਂ ਦੇ ਹੋਰ ਕਾਗਜ਼ ਪੜ੍ਹਦਿਆਂ CV ਦਿਸ ਪਈ ਹੋਵੇ ਤਾਂ ਵੱਖਰੀ ਗੱਲ ਹੈ l
ਹੁਣ ਵੀ CV ਘਟੀ ਹੈ ਤਾਂ ਮੈਂ ਕੋਈ ਨੋਟਿਸ ਨਹੀਂ ਲਿਆ ਸੀ ਪਰ ਮੈਨੂੰ ਕਾਫੀ ਫੋਨ ਆਉਣ ਕਰਕੇ ਉਸ ਬਾਰੇ ਲਿਖ ਰਿਹਾ ਹਾਂ l
ਘਰ ਖਰੀਦਣ ਜਾਂ ਵੇਚਣ ਵੇਲੇ ਜਾਂ ਘਰਾਂ ਵਿੱਚ ਇਨਵੈਸਟ ਕਰਨ ਵੇਲੇ ਸੈਂਕੜੇ ਇਸ ਤਰਾਂ ਦੇ ਨੁਕਤੇ ਹਨ ਜਿਨ੍ਹਾਂ ਦਾ ਸਾਨੂੰ ਆਪ ਪਤਾ ਹੋਣਾ ਚਾਹੀਦਾ ਹੈ l ਨਾ ਪਤਾ ਹੋਣ ਦੀ ਸੂਰਤ ਵਿੱਚ ਅਸੀਂ ਹਜ਼ਾਰਾਂ ਜਾਂ ਕਈ ਵਾਰ ਲੱਖਾਂ ਦਾ ਨੁਕਸਾਨ ਕਰਾ ਬੈਠਦੇ ਹਾਂ l
ਮੇਰੇ ਕੋਲ ਸਾਰਿਆਂ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ l ਇਸੇ ਕਰਕੇ ਮੈਂ ਘਰਾਂ ਦੀ ਇਨਵੈਸਟਮੈਂਟ ਬਾਰੇ ਕਿਤਾਬ “Homeless to Multi-Millionaire” ਲਿਖੀ ਹੈ ਤਾਂ ਕਿ ਸਾਰੇ ਪਾਠਕ ਘਰ ਬੈਠੇ ਹੀ ਲਾਭ ਉਠਾ ਸਕਣ l ਇਹ ਕਿਤਾਬ ਕਿਰਾਏ ਤੇ ਰਹਿਣ ਵਾਲਿਆਂ ਲਈ, ਪਹਿਲਾ ਘਰ ਖਰੀਦਣ ਵਾਲਿਆਂ ਲਈ, ਘਰਾਂ ਵਿੱਚ ਇਨਵੈਸਟਮੈਂਟ ਕਰਨ ਵਾਲਿਆਂ ਲਈ, ਨੌਕਰੀ ਤੋਂ ਛੁਟਕਾਰਾ ਕਰਵਾਉਣ ਵਾਲਿਆਂ ਲਈ ਜਾਂ ਜਲਦੀ ਫਾਈਨੈਂਸ਼ਲ ਆਜ਼ਾਦੀ ਹਾਸਿਲ ਕਰਨ ਵਾਲਿਆਂ ਲਈ ਲਾਹੇਵੰਦ ਹੈ l ਤੁਸੀਂ ਕਿਤਾਬ ਟਰੇਡ ਮੀ ਤੋਂ ਖਰੀਦ ਸਕਦੇ ਹੋ ਜਾਂ ਮੇਰੇ ਕੋਲੋਂ ਖਰੀਦ ਸਕਦੇ ਹੋ l
ਨੋਟ:- ਇਹ ਲੇਖ ਮੇਰੇ ਤਜ਼ਰਬੇ ਤੇ ਅਧਾਰਤ ਹੈ l ਇਹ ਫਾਈਨੈਂਸ਼ਲ ਅਡਵਾਈਜ਼ ਨਹੀਂ ਹੈ l ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਆਪਣੇ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



