(ਸਮਾਜ ਵੀਕਲੀ)
ਖਲਕਤ ਦੇ ਵਿੱਚ ਇਸ਼ਕ ਸਮਾਇਆ।
ਹਰ ਇੱਕ ਸ਼ੈ ਵਿੱਚ ਇਸ ਦੀ ਮਾਇਆ।
ਇਸ਼ਕ ਨੇ ਮੋਹਿਆ ਕੁਦਰਤ ਕਾਦਰ ।
ਹਰ ਜਰੇ ਵਿੱਚ ਇਸ਼ਕ ਛੁਪਾਇਆ।
ਪਰਬਤ ਨੂੰ ਤਾਂਘ ਅੰਬਰ ਦੀ ਹੋਈ ।
ਲਹਿਰਾਂ ਸਾਗਰ ਦੀ ਚੁੰਮਣ ਕਾਇਆ ।
ਚਕੋਰ ਛੁਪਕੇ ਚੰਦ ਨੂੰ ਤੱਕਦਾ
ਪਪੀਹਾ ਬੂੰਦ ਨੂੰ ਤਰਸਣ ਲਾਇਆ।
ਜੋਗਣ ਹਰੀ ਦੀ ਮੀਰਾ ਹੋਈ।
ਰਾਜ ਭੋਗ ਸਭ ਛਿਕੇ ਪਾਇਆ।
ਧੰਨਾ ,ਸਧਨਾ, ਪੀਪਾ ਹੱਥ ਜੋੜੇ ,
ਇਸ਼ਕ ਦੇ ਰੰਗ ਵਿੱਚ ਰੰਗੀ ਕਾਇਆ।
ਮਾਫ ਕਰਨਾ ਜੇ ਸੱਚ ਮੈਂ ਆਖਾਂ
ਅੱਜ ਇਸ਼ਕੇ ਅੰਦਰ ਕਾਮ ਸਮਾਇਆ।
ਸ਼ਰਤ ਇਸ਼ਕੇ ਦੀ ਆਬਰੂ ਸੋਦਾ ,
ਗੈਰਤ ਤੋਂ ਬੰਦਾ ਇੰਜ ਗਿਰਾਇਆ।
ਇਸ਼ਕ ਪਵਿੱਤਰ, ਪਾਕ, ਪਾਕੀਜਾ
ਕਾਹ ਤੋਂ ਇਸ਼ਕ ਨੂੰ ਕਾਮ ਬਣਾਇਆ?
ਇਸ਼ਕ ਮਜਾਜੀ ਇਸ ਹੱਦ ਤੱਕ ਅਪੜੇ
ਫਿਰ ਹਰ ਵਿੱਚ ਹੀਰ ਦਾ ਦਿਸਦਾ ਸਾਇਆ।
ਰਾਂਝਾ ਹੀਰ ਤੇ ਹੀਰ ਥੀਵੀ ਰਾਂਝਾ।
ਫਿਰ ਯਾਰੜੇ ਦੇ ਵਿੱਚ ਅੱਲਾ ਪਾਇਆ।
ਫਿਰ ਇਸ਼ਕੇ ਦੇ ਵਿੱਚ ਅੱਲਾ ਪਾਇਆ।
ਨੀਤੂ ਬਾਲਾ ਕਵਿੱਤਰੀ



