ਮਹੋਬਾ (ਉੱਤਰ ਪ੍ਰਦੇਸ਼) (ਸਮਾਜ ਵੀਕਲੀ) : ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ‘ਲੜਕੀ ਹੂੰ, ਲੜ ਸਕਤੀ ਹੂੰ’ ਦੇ ਨਾਅਰੇ ਨਾਲ ਕਿਹਾ ਕਿ ‘ਭਾਜਪਾ ਦੀ ਨਵੀਂ ਖਣਨ ਨੀਤੀ, ਕਿਸਾਨਾਂ ਦੀ ਮਾੜੀ ਹਾਲਤ, ਪਾਣੀ ਦੀ ਸਮੱਸਿਆ, ਬੇਰੁਜ਼ਗਾਰੀ ਤੇ ਮਹਿੰਗਾਈ ਕਰ ਕੇ ਬੁੰਦੇਲਖੰਡ ਦਾ ਮਾੜਾ ਹਾਲ ਹੈ।’’
ਪ੍ਰਿਯੰਕਾ ਨੇ ਦਾਅਵਾ ਕੀਤਾ, ‘‘ਅਸੀਂ ਭਾਜਪਾ ਦੀ ਲੁੱਟ ਵਾਲੀ ਨੀਤੀ ਨੂੰ ਖ਼ਤਮ ਕਰਾਂਗੇ।’’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਛਤਰਸਾਲ ਸਟੇਡੀਅਮ ਵਿਚ ‘ਪ੍ਰਤਿਗਿਆ ਰੈਲੀ’ ਵਿਚ ਵਾਅਦਾ ਕੀਤਾ, ‘‘ਉੱਤਰ ਪ੍ਰਦੇਸ਼ ਵਿਚ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਹੋਵੇਗਾ ਅਤੇ ਔਰਤਾਂ ਨੂੰ ਸਾਲ ਵਿਚ ਤਿੰਨ ਘਰੇਲੂ ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ।’’ ਉਨ੍ਹਾਂ ਕਿਹਾ, ‘‘ਕਰੋਨਾ ਕਾਲ ਵਿਚ ਆਰਥਿਕ ਤੰਗੀ ਕਰ ਕੇ ਬਿਜਲੀ ਬਿੱਲ ਨਾ ਜਮ੍ਹਾਂ ਕਰਨ ਵਾਲਿਆਂ ਦਾ ਬਿਜਲੀ ਬਿੱਲ ਵੀ ਮੁਆਫ਼ ਹੋਵੇਗਾ।’’
ਬੁੰਦੇਲਖੰਡ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਬੁੰਦੇਲਖੰਡ ਦੇ ਸਰੋਤਾਂ ’ਤੇ ਇੱਥੋਂ ਦੇ ਲੋਕਾਂ ਦਾ ਹੱਕ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਬੁੰਦੇਲਖੰਡ ਨੂੰ ਠੱਗਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਖਾਦ ਦੀ ਘਾਟ ਕਰ ਕੇ ਬੁੰਦੇਲਖੰਡ ਵਿਚ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ।
ਪ੍ਰਿਯੰਕਾ ਗਾਂਧੀ ਨੇ ਕਾਬਜ਼ ਧਿਰ ਭਾਜਪਾ ’ਤੇ ਕਿਸਾਨਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਦੋ ਸਾਲਾਂ ਵਿਚ 1500 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ। ਬੁੰਦੇਲਖੰਡ ਦੇ ਵਿਕਾਸ ਲਈ ਕੰਮ ਕਰਨ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ਚੋਣ ਬੁੰਦੇਲਖੰਡ ਵਿਕਾਸ ਬੋਰਡ ਨਹੀਂ ਬਲਕਿ ਇਸ ਵਾਸਤੇ ਸਥਾਈ ਬੁੰਦੇਲਖੰਡ ਵਿਕਾਸ ਬੋਰਡ ਬਣੇਗਾ, ਜਿਸ ਲਈ ਹਰ ਸਾਲ ਵਿਕਾਸ ਦਾ ਬਜਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹੋਬਾ ਵਿਚ ਵੀਰ ਆਲਹਾ-ਊਦਲ ਦੇ ਨਾਂ ’ਤੇ ਇਕ ਵੱਡਾ ਸਭਿਆਚਾਰਕ ਕੇਂਦਰ ਬਣਾਇਆ ਜਾਵੇਗਾ।
ਕਾਂਗਰਸੀ ਆਗੂ ਨੇ ਕਿਹਾ, ‘‘ਅਸੀਂ ਤੈਅ ਕੀਤਾ ਹੈ ਕਿ ਜਿਨ੍ਹਾਂ ਪਰਿਵਾਰਾਂ ਨੂੰ ਕਰੋਨਾ ਦੀ ਸਭ ਤੋਂ ਵੱਧ ਆਰਥਿਕ ਮਾਰ ਪਈ ਹੈ, ਜਿਨ੍ਹਾਂ ਦੇ ਛੋਟੇ-ਛੋਟੇ ਕਾਰੋਬਾਰ ਬੰਦ ਹੋਏ ਹਨ ਉਨ੍ਹਾਂ ਨੂੰ 25000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਅਸੀਂ ਇਹ ਵੀ ਤੈਅ ਕੀਤਾ ਹੈ ਕਿ 20 ਲੱਖ ਸਰਕਾਰੀ ਰੁਜ਼ਗਾਰ ਦਿੱਤੇ ਜਾਣਗੇ ਅਤੇ ਸਾਡੀ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਬਿਮਾਰੀ ਹੋਵੇ ਤਾਂ 10 ਲੱਖ ਰੁਪਏ ਤੱਕ ਦਾ ਇਲਾਜ ਸਰਕਾਰ ਕਰਵਾਏਗੀ।’’ ਰੈਲੀ ਵਿਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਕਾਂਗਰਸ ਘੱਟ ਗਿਣਤੀ ਸੈੱਲ ਦੇ ਕੌਮੀ ਪ੍ਰਧਾਨ ਇਮਰਾਨ ਪ੍ਰਤਾਪਗੜ੍ਹੀ, ਸਾਬਕਾ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਅਤੇ ਪ੍ਰਦੇਸ਼ ਪ੍ਰਧਾਨ ਅਜੈ ਕੁਮਾਰ ਲੱਲੂ ਵੀ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly