ਪਿੰਡ ਠੱਟਾ ਪੁਰਾਣਾ ਦੀ ਗ੍ਰਾਮ ਪੰਚਾਇਤ ਨੇ ਬੂਟੇ ਲਗਾਉਣ ਦੀ ਮੁਹਿੰਮ ਵਿੱਢੀ, ਬੂਟੇ ਲਗਾ ਕੇ ਉਹਨਾਂ ਨੂੰ ਬੱਚਿਆਂ ਵਾਂਗ ਪਾਲਣ ਦੀ ਲੋੜ

ਕਪੂਰਥਲਾ  (ਸਮਾਜ ਵੀਕਲੀ)  ( ਕੌੜਾ)-ਵਾਤਾਵਰਣ ਦੀ ਸ਼ੁੱਧਤਾ ਲਈ ਗ੍ਰਾਮ ਪੰਚਾਇਤ ਠੱਟਾ ਪੁਰਾਣਾ ਵੱਲੋਂ ਸੰਤ ਬਾਬਾ ਹਰਜੀਤ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੀ ਅਗਵਾਈ ਹੇਠ ਵੱਡੀ ਤਾਦਾਦ ਵਿੱਚ ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਮੁਹਿਮ ਤਹਿਤ ਪਹਿਲਾਂ 500 ਬੂਟੇ ਲਗਾਏ ਗਏ ਅਤੇ ਹੁਣ ਦੁਬਾਰਾ ਫਿਰ 500 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਸਮੇਂ ਸੰਤ ਬਾਬਾ ਹਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੁੱਖ ਸਾਡੀ ਜਿੰਦਗੀ ਵਿੱਚ ਵਿਸ਼ੇਸ਼ ਮਹੱਤਤਾ ਰੱਖਦੇ ਹਨ ਪਰ ਅਜੋਕੇ ਸਮੇਂ ਅੰਦਰ ਰੁੱਖਾਂ ਦੀ ਹੋ ਰਹੀ ਅੰਨੇ ਵਾਹ ਕਟਾਈ ਨੇ ਮਨੁੱਖੀ ਜੀਵਨ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਇਸ ਲਈ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਰੁੱਖ, ਮਨੁੱਖ ,ਪਸ਼ੂ, ਪੰਛੀਆਂ ਦੀ ਜ਼ਿੰਦਗੀ ਦਾ ਅਹਿਮ ਅੰਗ ਹਨ ਇਸ ਲਈ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਹਰ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੀ ਪੁੱਤਾਂ ਵਾਂਗ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ ਜੋ ਕਿ ਸਮੇਂ ਦੀ ਮੁੱਖ ਲੋੜ ਹੈ। ਉਨਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਪਣੇ ਖੂਹਾਂ,ਖਾਲੀ ਪਈਆਂ ਥਾਵਾਂ ਤੇ ਪੁਰਾਤਨ ਰੁੱਖ ਪਿੱਪਲ , ਬੋਹੜ ਅਤੇ ਨਿੰਮ ਦੇ ਦਰਖਤ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਜੋ ਸਾਨੂੰ ਹਰ ਵਕਤ ਆਕਸੀਜਨ ਦਿੰਦੇ ਹਨ ,ਉੱਥੇ ਵੱਡੇ ਪੰਛੀਆਂ ਦੇ ਬੈਠਣ ਲਈ ਵੀ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਿ ਵੱਡੇ ਦਰਖਤਾਂ ਦੀ ਘਾਟ ਕਾਰਨ ਹੀ ਵਾਤਾਵਰਣ ਵਿੱਚ ਵੱਡੀ ਤਬਦੀਲੀ ਆਈ ਹੈ। ਇਸ ਮੌਕੇ ਦਰੱਖਤ ਲਗਾਉਣ ਦੀ ਮੁਹਿੰਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਹੰਮਦ ਰਫੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਦਿਨੋਂ ਦਿਨ ਵਧਦੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਵੱਡੀ ਪੱਧਰ ਤੇ ਪੌਦੇ ਲਗਾਏ ਜਾ ਰਹੇ ਹਨ। ਉਹਨਾਂ ਨਗਰ ਗ੍ਰਾਮ ਪੰਚਾਇਤ ਠੱਟਾ ਪੁਰਾਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਦੇ ਆਲੇ ਦੁਆਲੇ ਨੂੰ ਸੁੰਦਰ ਅਤੇ ਸਵੱਛ ਬਣਾਉਣ ਲਈ ਪਹਿਲਾਂ ਵੀ ਸ਼ਮਸ਼ਾਨ ਘਾਟ, ਸਕੂਲ, ਫਿਰਨੀ,ਸੜਕਾਂ ਦੇ ਕਿਨਾਰੇ ਵੱਡੀ ਤਾਦਾਦ ਵਿੱਚ ਬੂਟੇ ਲਗਾ ਕੇ ਉਹਨਾਂ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਪਿੰਡ ਦੇ ਆਲੇ ਦੁਆਲੇ ਰੁੱਖ ਵੇਖਣ ਨੂੰ ਮਿਲ ਰਹੇ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਰੁੱਖ ਲਗਾਉਣ ਦੀ ਮਹਿਮ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬਰਸਾਤ ਦਾ ਮੌਸਮ ਪੌਦੇ ਲਗਾਉਣ ਲਈ ਸਭ ਤੋਂ ਵੱਧ ਲਾਭਕਾਰੀ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਲਗਾਏ ਗਏ ਪੌਦੇ ਬੜੀ ਆਸਾਨੀ ਨਾਲ ਚੱਲ ਪੈਂਦੇ ਹਨ। ਉਹਨਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਪੌਦਿਆਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਵਾ ਦੀ ਸ਼ੁੱਧਤਾ ਲਈ ਪੌਦੇ ਹੀ ਇੱਕੋ ਇੱਕ ਸਾਧਨ ਹਨ ਇਸ ਲਈ ਸਾਨੂੰ ਸਭ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਵਿਹਲੀਆਂ ਪਈਆਂ ਥਾਵਾਂ ਤੇ ਨਾਲ ਸਾਂਝੀਆਂ ਥਾਵਾਂ ਉੱਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਤੇ ਮਨਰੇਗਾ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੈਸਲਾ
Next articleਧੀਆਂ