HOME ਮਾਨਵਵਾਦੀ ਭਾਵ-ਬੋਧ ਦੀ ਕਲਾਮਈ ਸ਼ਾਇਰੀ : “ਨਦੀਏ ਤੇਰਾ ਕੀ ਸਿਰਨਾਵਾਂ”

ਮਾਨਵਵਾਦੀ ਭਾਵ-ਬੋਧ ਦੀ ਕਲਾਮਈ ਸ਼ਾਇਰੀ : “ਨਦੀਏ ਤੇਰਾ ਕੀ ਸਿਰਨਾਵਾਂ”

2
ਮਾਲਵਿੰਦਰ ਸ਼ਾਇਰ

 (ਸਮਾਜ ਵੀਕਲੀ)   ਕੇਸਰ’ ਕਰਮਜੀਤ ਪੰਜਾਬੀ ਗ਼ਜ਼ਲ ਦਾ ਇੱਕ ਅਜਿਹਾ ਪਰਵਾਸੀ ਕਲ਼ਮਕਾਰ ਹੈ ਜਿਸਦੀਆਂ ਜੜ੍ਹਾਂ ‘ਬਰਨਾਲਾ ਸਕੂਲ ਆਫ਼ ਪੋਇਟਰੀ’ ਨਾਲ਼ ਜੁੜੀਆਂ ਹੋਈਆਂ ਹਨ। ਚਾਹੇ ਉਹ ਇਸ ਵੇਲੇ ਆਸਟ੍ਰੇਲੀਆ ਦੇ ਮਸ਼ਹੂਰ ਸ਼ਹਿਰ ਸਿਡਨੀ ਵਿਖੇ ਆਪਣਾ ਗੁਜ਼ਰ-ਬਸਰ ਕਰ ਰਿਹਾ ਹੈ ਪਰ ਅਸਲ ਵਿੱਚ ਉਸਦਾ ਪਿਛੋਕੜ ਬਰਨਾਲਾ ਦੀ ਸਾਹਿਤਕ ਧਰਤੀ ਨਾਲ਼ ਹੀ ਜੁੜਿਆ ਹੋਇਆ ਹੈ। ਬਰਨਾਲਾ ਵਿਖੇ ਉਹ ਸਿਰਫ਼ ਕਰਮਜੀਤ ਹੀ ਸੀ ਜੋ ਇੱਕ ਸਕੂਲ ਵਿੱਚ  ਸਾਇੰਸ ਅਧਿਆਪਕ ਸੀ। ਇਸ ਤੋਂ ਬਾਅਦ ਉਸਨੇ ਤਰੱਕੀ ਕੀਤੀ ਤੇ ਲੈਕਚਰਾਰ ਬਣਿਆ ਅਤੇ ਫਿਰ ਆਪਣੀ ਮਿਹਨਤ ਦੇ ਬਲਬੂਤੇ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਵੀ ਬਣਿਆ। ਉਸਦੀ ਪਹਿਲੀ ਪੁਸਤਕ 2023  ‘ਦਿਨ ਢਲੇ’ ( ਗ਼ਜ਼ਲ ਸੰਗ੍ਰਹਿ ) ਆਈ ਅਤੇ ਹਥਲੇ ਗ਼ਜ਼ਲ ਸੰਗ੍ਰਹਿ  ‘ਨਦੀਏ ਤੇਰਾ ਕੀ ਸਿਰਨਾਵਾਂ’  ਨੇ 2025 ਵਿੱਚ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਦਸਤਕ ਦਿੱਤੀ। ਵੈਸੇ ਤਾਂ ਕੇਸਰ ਕਰਮਜੀਤ ਆਪਣੀ ਪਹਿਲੀ ਗ਼ਜ਼ਲ ਪੁਸਤਕ ਨਾਲ਼ ਹੀ ਸਾਹਿਤਕ ਸਫ਼ਾਂ ਵਿੱਚ ਨਵੇਕਲੀ ਸ਼ੈਲੀ ਕਾਰਨ ਆਪਣੀ ਪਹਿਚਾਣ ਬਣਾ ਚੁੱਕਾ ਸੀ ਪਰ ਹਥਲੀ ਪੁਸਤਕ ਨੇ ਉਸਨੂੰ ਅਜੋਕੇ ਚੁਣਿੰਦੇ ਪਰਵਾਸੀ ਗ਼ਜ਼ਲਗੋਆਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ। ਚਾਹੇ ਉਸਦੀ ਸ਼ਾਇਰੀ ਵਿੱਚ ਪ੍ਰੰਪਰਿਕ ਰੰਗ ਵੀ ਹੈ ਪਰ ਅਸਲ ਵਿੱਚ ਉਹ ਇੱਕ ਜ਼ਦੀਦ ਸ਼ਾਇਰ ਹੈ ਜਿਸਦੀ ਸ਼ਾਇਰੀ ਵਿੱਚ ਮਾਨਵੀ ਸਰੋਕਾਰਾਂ ਦੀ ਬਾਤ ਹੈ। ਉਹ ਬਿਖੜੇ ਪੈਂਡਿਆਂ ਦਾ ਸ਼ਾਇਰ ਹੈ ਜੋ ਆਪਣਾ ਰਸਤਾ ਆਪ ਚੁਣਨ ਦਾ ਵੱਲ ਰੱਖਦਾ ਹੈ। ਉਸਦਾ ਇੱਕ ਸਾਇੰਸ ਅਧਿਆਪਨ ਦੇ ਖੇਤਰ ਤੋਂ ਸਾਹਿਤਕ ਖੇਤਰ ਵੱਲ ਕਦਮ ਪੁੱਟਣਾ ਅਤੇ ਫਿਰ ਇਸ ਖੇਤਰ ਵਿੱਚ ਆਪਣੀ ਜਗ੍ਹਾ ਨਿਸ਼ਚਿਤ ਕਰਨਾ ਇਸ ਗੱਲ ਦੀ ਸ਼ਾਹਦੀ ਭਰਦੇ ਹਨ। ਕਰਮਜੀਤ ਦਰਵੇਸ਼ ਬਿਰਤੀ ਦੇ ਵਿਅਕਤੀਤਵ ਦਾ ਮਾਲਕ ਹੈ। ਇਸੇ ਕਾਰਨ ਹੀ ਉਸਦੀ ਸ਼ਾਇਰੀ ਵਿੱਚ ਸਹਿਜਤਾ,ਸਰਲਤਾ ਅਤੇ ਠਹਿਰਾਓ ਮੌਜੂਦ ਹੈ। ਆਸਟ੍ਰੇਲੀਆ ਵਿੱਚ ਕਰਮਜੀਤ ਤੋਂ ਇਲਾਵਾ ਹੋਰ ਵੀ ਕੁੱਝ ਮਕਬੂਲ ਗ਼ਜ਼ਲਗੋ ਹਨ ਜੋ ਆਪਣੇ ਰੁਝੇਵਿਆਂ ਭਰੇ ਵਕਤ ‘ਚੋਂ ਸਮਾਂ ਕੱਢ ਕੇ ਮਾਂ ਬੋਲੀ ਪੰਜਾਬੀ ਦੇ ਲੇਖੇ ਲਾਉਂਦੇ ਹਨ, ਉਹ ਇਨ੍ਹਾਂ ਸਭ ਦਾ ਵਡੱਪਣ ਹੀ ਹੈ, ਕਿਉਂਕਿ ਅਸਲ ਵਿੱਚ ਉੱਥੇ ਬੋਲ-ਚਾਲ ਦੀ ਭਾਸ਼ਾ ਅੰਗਰੇਜ਼ੀ ਹੈ ਪਰ ਫਿਰ ਵੀ ਇਹ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਤਰਜ਼ੀਹ ਦਿੰਦੇ ਹਨ। ਇਹ ਇੱਕ ਮਾਣ ਵਾਲੀ ਗੱਲ ਹੈ ਜਿਸ ਕਰਕੇ ਇਨ੍ਹਾਂ ਨੂੰ ਸ਼ਾਬਾਸ਼ੇ ਦੇਣਾ ਬਣਦਾ ਹੈ।

ਅਸਲ ਵਿੱਚ ਪੰਜਾਬੀ ਸਭਿਆਚਾਰ ਲੋਕ ਗੀਤਾਂ ਦਾ ਸਭਿਆਚਾਰ ਰਿਹਾ ਹੈ ਜੋ ਕਿ ਲੋਕ ਮਨਾਂ ਦੇ ਨੇੜੇ ਹੈ। ਇਸਦੇ ਨਾਲ਼ ਹੀ ਪਹਿਲਾਂ-ਪਹਿਲਾਂ ਪ੍ਰਗਤੀਵਾਦ, ਪ੍ਰਯੋਗਵਾਦ, ਜੁਝਾਰਵਾਦ ਕਾਵਿਧਾਰਾ ਅਤੇ ਆਧੁਨਿਕਤਾਵਾਦ ਆਦਿ ਸਾਹਿਤਕ ਪ੍ਰਵਿਰਤੀਆਂ/ਝੁਕਾਅ ਵੀ ਗ਼ਜ਼ਲ ਸਿਰਜਣਾ ਦੇ ਅਨੁਕੂਲ ਨਹੀਂ ਰਹੇ, ਕਿਉਂਕਿ ਇਹ ਜਨ ਸਧਾਰਨ ਦੀਆਂ ਭਾਵਨਾਵਾਂ ਨੂੰ ਜਨ ਸਧਾਰਨ ਦੀ ਬੋਲੀ ਵਿੱਚ ਸਿੱਧੇ ਤੇ ਸਪਾਟ ਢੰਗ ਨਾਲ਼ ਪੇਸ਼ ਕਰਨ ਵੱਲ ਰੁਚਿਤ ਰਹੇ। ਪਰ ਗ਼ਜ਼ਲ ਦੇ ਸ਼ਿਅਰਾਂ ਵਿਚਲੀ ਸੂਖ਼ਮਤਾ ਨੂੰ ਸਿੱਧੀ ਤੇ ਸਪਾਟ ਜੁਗਤ ਪ੍ਰਵਾਨ ਨਹੀਂ ਹੈ। ਪਰ ਸਮੇਂ ਦੇ ਬਦਲਾਅ ਨਾਲ਼ ਗ਼ਜ਼ਲ ਜਿਹੀ ਛੰਦ-ਬੱਧ ਸਿਨਫ਼ ਨੇ ਸਮੇਂ ਦੇ ਹਾਣ ਦੀ ਹੁੰਦਿਆਂ ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਆਪਣੇ ਵਿੱਚ ਸਮੇਟ ਕੇ ਜਨ ਸਧਾਰਨ  ਤੱਕ ਅਪੜਣ ਲਈ ਇੱਕ ਮਜ਼ਬੂਤ ਵਾਹਨ ਦਾ ਕੰਮ ਕੀਤਾ ਜੋ ਅੱਜ ਵੀ  ਬਾ-ਖ਼ੂਬੀ ਕਰ ਰਹੀ ਹੈ। ਕੁੱਝ ਸ਼ਾਇਰਾਂ ਨੇ ਅਰੂਜ਼ੀ ਬਹਿਰਾਂ ਦੇ ਨਾਲ਼-ਨਾਲ਼ ਭਾਰਤੀ ਛੰਦ-ਪ੍ਰਬੰਧ ਵਿਚਲੇ ਛੰਦਾਂ ਨੂੰ ਵੀ ਅਪਨਾ ਕੇ ਗ਼ਜ਼ਲ ਦੀ ਰਚਨਾ ਕੀਤੀ ਜਿਸਨੇ ਗ਼ਜ਼ਲ ਨੂੰ ਪੰਜਾਬੀ ਦੇ ਹਾਣ ਦੀ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਕੇਸਰ ਕਰਮਜੀਤ ਵੀ ਇੱਕ ਅਜਿਹਾ ਸ਼ਾਇਰ ਹੈ ਜੋ ਮਾਤਰਾਂ ਦੀ ਗਿਣਤੀ-ਮਿਣਤੀ ਨੂੰ ਆਪਣੇ ਤੋਲ-ਤੁਕਾਂਤ ਦਾ ਨਿਵੇਕਲਾ ਆਧਾਰ ਬਣਾਉਂਦਾ ਹੈ। ਉਹ ਅਰੂਜ਼ੀ ਬਹਿਰਾਂ ਦੇ ਜ਼ਿਆਦਾ ਚੱਕਰਾਂ ਵਿੱਚ ਨਹੀਂ ਪੈਂਦਾ ਸਗੋਂ ‍ਲਘੂ ( 1 ) ਅਤੇ ਗੁਰੂ ( 2) ਮੰਨਕੇ ਆਪਣੀ ਬਹਿਰ ਦੀ ਸਿਰਜਣਾ ਕਰ ਲੈਂਦਾ ਹੈ, ਚਾਹੇ ਉਹ ਛੇ ਰੁਕਨੀ ( ਮੁਸੱਦਸ) ਜਾਂ ਅੱਠ ਰੁਕਨੀ ( ਮੁਸੰਮਨ) ਹੋਵੇ ਜਾਂ ਕੋਈ ਹੋਰ ਬਹਿਰ ਦੀ ਬੰਦਿਸ਼ ਹੋਵੇ। ਉਹ ਬਹਿਰ ਦਾ ਰੁਕਨ ਵੀ 1222 ( ਮੁਫਾਈਲੁਨ) ਅਤੇ 2122 ( ਫ਼ਾਇਲਾਤੁਨ) ਆਦਿ ਅਤੇ ਇਸ ਤਰ੍ਹਾਂ ਹੋਰ ਰੁਕਨ ਵੀ ਬਣਾ ਲੈਂਦਾ ਹੈ। ਉਹ ਆਪਣੇ ਹੀ ਹਿਸਾਬ ਨਾਲ਼ ਰੁਕਨਾ ਦਾ ਪ੍ਰਥਮ ਸ਼ਿਅਰ (ਮਤਲਾਅ) ਸਿਰਜ ਕੇ ਅੱਗੋਂ ਉਸੇ ਬੰਦਿਸ਼ ਵਿੱਚ ਆਪਣੀ ਸਿਰਜਣਾ ਕਰਦਾ ਚਲਾ ਜਾਂਦਾ ਹੈ ਜੋ ਕਿ ਇੱਕ ਸਹੀ ਅਤੇ ਪ੍ਰਮਾਣਿਕ ਬਹਿਰ ਹੋ ਨਿਬੜਦੀ ਹੈ। ਉਸ ਦੀਆਂ ਗ਼ਜ਼ਲਾਂ ਦੀ ਵਸਤੂ ਸਮੱਗਰੀ ਉਸਦੇ ਸਾਊ ਅਤੇ ਬੀਬੇ ਸੁਭਾਅ  ਜਿਹੇ ਵਿਅਕਤੀਤਵ ਦੀ ਜ਼ਾਮਨ ਬਣ ਜਾਂਦੀ ਹੈ। ਕੇਸਰ ਸਹੀ ਅਰਥਾਂ ਵਿੱਚ ਇੱਕ ਰੁਮਾਂਟਿਕ, ਸੁਧਾਰਵਾਦੀ,  ਮਾਨਵਵਾਦੀ,  ਆਸ਼ਾਵਾਦੀ ਤੇ ਦਾਰਸ਼ਨਿਕ ਸ਼ਾਇਰ ਹੈ। ਉਹ ਕੋਈ ਇੱਕ ਧਿਰ ਬਣਕੇ ਨਹੀਂ ਚੱਲਦਾ। ਉਸਦੀ ਸ਼ਾਇਰੀ ਵਿੱਚ ਆਸਤਿਕਤਾ ਵੀ ਹੈ ਅਤੇ ਨਾਸਤਿਕਤਾ ਵੀ। ਉਸਦੀ ਸ਼ਾਇਰੀ ਵਿੱਚ  ਮਾਨਵਵਾਦੀ ਭਾਵ-ਬੋਧ ਦੀ ਕਲਾਮਈ ਅਭੀਵਿਅਕਤੀ ਹੈ ਜਿਸ ਵਿੱਚ ਤੇਜ਼ੀ ਨਾਲ਼ ਬਦਲ ਰਹੀਆਂ ਮਾਨਵੀ ਕਦਰਾਂ-ਕੀਮਤਾਂ ਪ੍ਰਤੀ ਚਿੰਤਨ ਵੀ ਪ੍ਰਕਾਸ਼ਮਾਨ ਹੈ। ਉਸਦੀ ਸ਼ਾਇਰੀ ਵਿੱਚ ਸਰਲਤਾ ਤੇ ਸਾਦਗੀ, ਰੋਮਾਂਸ ਵਿੱਚ ਵਲਵਲਿਆਂ ਦੀ ਸੁਹਿਰਦ ਪੇਸ਼ਕਾਰੀ, ਨਵੀਂ ਮੁਹਾਵਰੇਦਾਰ ਭਾਸ਼ਾ, ਪਰੰਪਰਾ ਤੇ ਆਧੁਨਿਕਤਾ ਸ਼ਾਇਰੀ ਦਾ ਸੁਮੇਲ ਆਦਿ ਦੇਖਣ ਨੂੰ ਮਿਲਦਾ ਹੈ। ਉਸਦੀ ਕਲ਼ਮ ਨਵੀਆਂ ਤਸ਼ਬੀਹਾਂ ਵੀ ਸਿਰਜਦੀ ਹੈ ਅਤੇ ਨਵੇਂ ਸ਼ਬਦਾਂ ਨੂੰ ਵੀ ਇਜ਼ਾਦ ਕਰਦੀ ਹੈ। ਉਸਦੀ ਸ਼ਾਇਰੀ ਦੇ ਕੁੱਝ ਰੰਗ ਦੇਖੋ :–
“ਲਫ਼ਜ਼ ਦੋ ਪਿਆਰ ਦੇ ਨਾ ਬੋਲਦਾ, ਮਜ਼ਬੂਰ ਹੈ ਇੰਨਾ।
ਖ਼ੁਦਾ ਮੈਂ ਖ਼ੁਦ ਬਣਾਇਆ ਓਸ ਨੂੰ, ਮਗ਼ਰੂਰ ਹੈ ਇੰਨਾ।” ( ਪੰਨਾ –32)
“ਕਿਸੇ ਅਗਨੀ ‘ਚ ਕੋਈ ਫ਼ਰਕ ਹੈ ਕੀ ?
ਬਿਗਾਨੀ ਅੱਗ ਨੂੰ ਕਿਉਂ ਤਾਪਦੇ ਹੋ।” ( ਪੰਨਾ — 33).
” ਜਦੋਂ ਇੱਕ ਪੈਰ ਹੈ ਥੱਕਦਾ, ਤਾਂ ਦੂਜੇ ਭਾਰ ਹੋ ਜਾਂਦੇ,
ਕਦੇ ਪੂਰਾ ਕੋਈ ਵਾਅਦਾ, ਕਿਸੇ ਸਰਕਾਰ ਵੀ ਕੀਤਾ।” (ਪੰਨਾ — 61 )
“ਦਰਦ ਜਿਹਾ ਇਕ ਮੇਰੇ ਦਿਲ ਵਿਚ ਹਰ ਰੁੱਤੇ ਮਹਿਮਾਨ ਰਿਹਾ।
ਲੈ ਦੇ ਕੇ ਬੱਸ ਇਹੋ ਤੇਰਾ ਮੇਰੇ ‘ਤੇ ਅਹਿਸਾਨ ਰਿਹਾ।” (ਪੰਨਾ — 78)
” ਸਜਾਵਾਂ ਆਪਣੀ ਮੈਂ ਨੂੰ, ਮੈਂ ਕਿੱਥੇ ?
ਖ਼ਲਾਅ ਦੇ ਹੋਰ ਵੀ ਅੱਗੇ ਖ਼ਲਾਅ ਹੈ।”
( ਪੰਨਾ — 69)
” ਨਵੇਂ ਤੂੰ ਭੇਜਿਆ, ਕਪੜੇ ਪਵਾ ਕੇ।
ਮੈਂ ਨਾਟਕ ਖੇਡਿਆ, ਮੁਖੜਾ ਲਗਾ ਕੇ।”
( ਪੰਨਾ — 45)
“ਜੇ ਪੜ੍ਹ ਪੜ੍ਹ ਧਾਰਮਿਕ ਪੁਸਤਕ ਕਦੇ ਜੀਵਨ ਬਦਲ ਜਾਂਦੇ,
ਬਥੇਰੇ ਰੋਜ਼ ਪੜ੍ਹਦੇ ਨੇ ਕਿਸੇ ‘ਤੇ ਤਾਂ ਅਸਰ ਹੁੰਦਾ ।” ( ਪੰਨਾ — 30 )
“ਕੇਸਰ ਦੀ ਸ਼ਾਇਰੀ ‘ਤੇ ਰੰਗਤ ਹੈ ਅੰਤ ਆਈ,
ਸੁਣਿਆਂ ਉਹ ਪੜ੍ਹ ਰਹੇ ਸੀ ਤਾਜ਼ਾ ਕਲ਼ਾਮ ਮੇਰਾ।” ( ਪੰਨਾ — 56)
” ਹਨੇਰਾ ਘਨੇਰਾ ਅਜੇ ਭਾਵੇਂ ‘ਕੇਸਰ’,
ਕਦੇ ਦਿਨ ਚੜ੍ਹੇਗਾ, ਕਦੇ ਪਹੁ ਫੁਟੇਗੀ।” ( ਪੰਨਾ — 25)
ਇਸ ਤਰ੍ਹਾਂ ਕੇਸਰ ਕਰਮਜੀਤ ਦੀ ਹਥਲੀ ਪੁਸਤਕ ‘ਨਦੀਏ ਤੇਰਾ ਕੀ ਸਿਰਨਾਵਾਂ’ ਵਿੱਚੋਂ ਹੋਰ ਵੀ ਸ਼ਿਅਰ ਕੋਡ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਉਸਦੀ ਸਮੁੱਚੀ ਸ਼ਾਇਰੀ ਹੀ ਦਾਦ ਦੀ ਹੱਕਦਾਰ ਹੈ। ਮੈਂ ਪੰਜਾਬੀ ਭਾਸ਼ਾ ਵਿੱਚ  ਇਸ ਹੱਥਲੀ ਪੁਸਤਕ ਦੇ ਗਿਣਾਤਮਿਕ ਤੇ ਗੁਣਾਤਮਿਕ ਵਾਧੇ ‘ਤੇ ਕਰਮਜੀਤ ਨੂੰ ਵਧਾਈ ਦਿੰਦਾ ਹੋਇਆ ਆਪਣੀ ਕਲ਼ਮ ਨੂੰ ਵਿਸ਼ਰਾਮ ਦਿੰਦਾ ਹਾਂ। ਆਮੀਨ…।
 ਮਾਲਵਿੰਦਰ ਸ਼ਾਇਰ
ਪਿੰਡ ਤੇ ਡਾਕ. — ਸ਼ੇਰ ਸਿੰਘ ਪੁਰਾ 
ਤਹਿ. ਤੇ ਜਿਲ੍ਹਾ — ਬਰਨਾਲਾ
 (ਪੰਜਾਬ)– 148100
ਸੰਪਰਕ — 947-818-5742
Yahoo Mail: Search, organise, conquer
Previous articleਬਲਜਿੰਦਰ ਪਾਹਵਾ ਕਾਂਗਰਸ ਜਿਲਾ ਜਲੰਧਰ ਦਿਹਾਤੀ ਦੇ ਮੀਤ ਪ੍ਰਧਾਨ ਨਿਯੁਕਤ
Next articleਸਿਹਤ ਵਿਭਾਗ ਵੱਲੋਂ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਦੀ ਸ਼ੁਰੂਆਤ