ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸੰਯੁਕਤ ਕਿਸਾਨ ਮੋਰਚਾ ਅਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵਲੋਂ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲੇ ਕਿਸਾਨੀ ਘੋਲ ਦੀ ਚੌਥੀ ਵਰੇ ਗੰਢ ਉੱਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਇਆ ਗਿਆ।ਨਵਾਂਸ਼ਹਿਰ ਵਿਖੇ ਕੀਤੀ ਗਈ ਰੈਲੀ ਦੇ ਸ਼ੁਰੂਆਤ ਵਿੱਚ ਕਿਸਾਨੀ ਘੋਲ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਮਜਦੂਰਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ।ਇਸ ਰੈਲੀ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ,ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸੁਰਜੀਤ ਕੌਰ ਉਟਾਲ, ਕੌਮੀ ਕਿਸਾਨ ਯੂਨੀਅਨ ਦੇ ਆਗੂ ਨਿਰਮਲ ਸਿੰਘ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਰਣਜੀਤ ਸਿੰਘ ਰਟੈਂਡਾ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ)ਦੇ ਜਨਰਲ ਸਕੱਤਰ ਗੁਰਮੁਖ ਸਿੰਘ ਬੱਲ, ਬੀ.ਕੇ.ਯੂ (ਕਾਦੀਆਂ ਦੇ ਆਗੂ ਸੁਖਵਿੰਦਰ ਸਿੰਘ ਬੱਲੋਵਾਲ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਜੁਆਇੰਟ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈਸ ਸਕੱਤਰ ਇਫਟੂ ਜਸਬੀਰ ਦੀਪ, ਨਿਊ ਆਟੋ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਬਛੌੜੀ, ਰੇਹੜੀ ਵਰਕਰ ਯੂਨੀਅਨ ਦੇ ਆਗੂ ਹਰੀ ਲਾਲ, ਜੁਗਾੜੂ ਰੇਹੜਾ ਯੂਨੀਅਨ ਦੇ ਪ੍ਰਧਾਨ ਨਿੱਕੂ ਜੇਮਸ ਮਸੀਹ, ਬੀਰ ਬਹਾਦਰ, ਪ੍ਰਵਾਸੀ ਮਜਦੂਰ ਯੂਨੀਅਨ ਦੇ ਆਗੂ ਸ਼ਿਵ ਨੰਦਨ ਅਤੇ ਓਮ ਪਰਕਾਸ਼, ਕਿਸਾਨ ਆਗੂ ਪਰਮਜੀਤ ਸਿੰਘ ਸ਼ਹਾਬ ਪੁਰ ਨੇ ਸੰਬੋਧਨ ਕੀਤਾ।ਉਹਨਾਂ ਸਾਰੀਆਂ ਫਸਲਾਂ ਲਈ ਕਾਨੂੰਨੀ ਤੌਰ ਤੇ ਐਮ ਐਸ ਪੀ ਲਾਗੂ ਕਰਨ,ਚਾਰ ਕਿਰਤ ਕੋਡ ਰੱਦ ਕਰਨ ਆਉਟਸੋਰਸਿੰਗ ਅਤੇ ਠੇਕੇਦਾਰੀ ਸਿਸਟਮ ਖਤਮ ਕਰਨ, ਸਾਰਿਆਂ ਲਈ ਰੁਜਗਾਰ ਯਕੀਨੀ ਬਣਾਉਣ, ਕਿਸਾਨੀ ਦਾ ਸਮੁੱਚਾ ਕਰਜਾ ਮੁਆਫ ਕਰਨ, ਅੰਨ੍ਹੇਵਾਹ ਜਮੀਨ ਐਕਵਾਇਰ ਕਰਨੀ ਬੰਦ ਕਰਨ, ਮਨਰੇਗਾ ਅਧੀਨ ਸਾਲ ਵਿੱਚ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਕਰਨ,60 ਸਾਲ ਦੀ ਉਮਰ ਵਿੱਚ 10000 ਰੁਪਏ ਮਾਸਿਕ ਪੈਨਸ਼ਨ ਦੇਣ, ਕਾਰਪੋਰੇਟ ਪੱਖੀ ਅਤੇ ਫਿਰਕੂ ਨੀਤੀਆਂ ਰੱਦ ਕਰਨ, ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਖਤਮ ਕਰਨ, ਝੋਨੇ ਦੀ ਖ੍ਰੀਦ ਸਮੇਂ ਨਮੀ ਦੀ ਲਾਈ ਗਈ ਕਾਟ ਕਿਸਾਨਾਂ ਨੂੰ ਦੇਣ, ਕਾਟ ਕੱਟਣ ਵਾਲੇ ਆੜ੍ਹਤੀਆਂ ਦੇ ਲਾਇਸੈਂਸ ਰੱਦ ਕਰਨ, ਕਿਸਾਨਾਂ ਨੂੰ ਲੁੱਟਣ ਵਾਲੇ ਸ਼ੈਲਰ ਮਾਲਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਬਾਅਦ ਵਿੱਚ ਸ਼ਹਿਰ ਵਿੱਚ ਮੁਜਾਹਰਾ ਕਰਕੇ ਦੇਸ਼ ਦੀ ਰਾਸ਼ਟਰਪਤੀ ਦੇ ਨਾਂਅ ਜਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਪਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly