ਸਾਡੇ ਤਿੰਨ ਕੌਂਸਲਰ ਖ਼ਰੀਦਣ ਦਾ ਯਤਨ: ਰਾਘਵ ਚੱਢਾ

ਚੰਡੀਗੜ੍ਹ (ਸਮਾਜ ਵੀਕਲੀ):  ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਕੇ ਮੋਹਰੀ ਰਹੀ ਹੈ ਪਰ ਮੇਅਰ ਬਣਾਉਣ ਲਈ ਕਿਸੇ ਕੋਲ ਬਹੁਮਤ ਨਾ ਹੋਣ ਕਾਰਨ ਪੇਚਾ ਫਸ ਗਿਆ ਹੈ, ਜਿਸ ਲਈ ਸਾਰੀਆਂ ਸਿਆਸੀ ਪਾਰਟੀਆਂ ਜੋੜ-ਤੋੜ ਕਰ ਰਹੀਆਂ ਹਨ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਭਾਜਪਾ ’ਤੇ ‘ਆਪ’ ਦੇ ਤਿੰਨ ਕੌਂਸਲਰ ਖ਼ਰੀਦਣ ਦੇ ਦੋਸ਼ ਲਾਏ ਹਨ। ‘ਆਪ’ ਨੇ ਭਾਜਪਾ ਦੀ ਅਜਿਹੀ ਰਾਜਨੀਤੀ ਨੂੰ ਜਨਤਕ ਕਰਨ ਦੇ ਮੰਤਵ ਨਾਲ ਆਪਣੇ ਕੌਂਸਲਰਾਂ ਦੇ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਾ ਦਿੱਤੇ ਹਨ। ਇਸ ਤੋਂ ਇਲਾਵਾ ਮੋਬਾਈਲ ਰਿਕਾਰਡਿੰਗ ਮੋਡ ’ਤੇ ਲਾਉਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਮੁੜ ਅਜਿਹੀ ਕੋਸ਼ਿਸ਼ ਕਰਦੀ ਹੈ ਤਾਂ ਮੋਬਾਈਲ ਅਤੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਜਨਤਕ ਕੀਤੀ ਜਾਵੇਗੀ।

ਸ੍ਰੀ ਚੱਢਾ ਨੇ ਦੋਸ਼ ਲਾਇਆ ਕਿ ਨਿਗਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਲੀਡਰਾਂ ਨੇ ‘ਆਪ’ ਦੇ ਤਿੰਨ ਕੌਂਸਲਰਾਂ ਨਾਲ ਸੰਪਰਕ ਕਰ ਕੇ ਪੈਸੇ ਦਾ ਲਾਲਚ ਦਿੱਤਾ ਜਿਸ ਵਿੱਚੋਂ ਦੋ ਕੌਂਸਲਰਾਂ ਨੂੰ 50-50 ਲੱਖ ਰੁਪਏ ਅਤੇ ਇੱਕ ਕੌਂਸਲਰ ਨੂੰ 75 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਂਸਲਰ ਉਸ ਮਿੱਟੀ ਦੇ ਨਹੀਂ ਬਣੇ ਜੋ ਅਜਿਹੇ ਲਾਲਚ ਜਾਂ ਕਿਸੇ ਹੋਰ ਹਥਕੰਡੇ ਵਿੱਚ ਆ ਜਾਣਗੇ। ਚੰਡੀਗੜ੍ਹ ਨਗਰ ਨਿਗਮ ਵਿੱਚ ਹੁਣ ਤੱਕ ਕਾਂਗਰਸ ਨੇ 12 ਅਤੇ ਭਾਜਪਾ ਨੇ 13 ਸਾਲ ਹਕੂਮਤ ਕੀਤੀ ਹੈ। ਇਸ ਦੌਰਾਨ ਦੋਵੇਂ ਪਾਰਟੀਆਂ ਵੱਲੋਂ ਕੀਤੀ ਗਈ ਕਥਿਤ ਭ੍ਰਿਸ਼ਟਾਚਾਰ ਦੀ ਰਾਜਨੀਤੀ ਤੋਂ ਬਾਅਦ ਹੁਣ ਚੰਡੀਗੜ੍ਹ ਵਾਸੀਆਂ ਨੇ ਇੱਕ ਬਦਲ ਦੇ ਰੂਪ ਵਿੱਚ ‘ਆਪ’ ਨੂੰ ਸਮਰਥਨ ਦਿੱਤਾ ਹੈ।ਸ੍ਰੀ ਚੱਢਾ ਨੇ ਦੋਸ਼ ਲਾਇਆ ਕਿ ਭਾਜਪਾ ਨੇ ਗੋਆ, ਅਰੁਣਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਾਂਗ ਇੱਥੇ ਚੰਡੀਗੜ੍ਹ ਵਿੱਚ ਵੀ ਇਹ ‘ਅਪ੍ਰੇਸ਼ਨ ਕਮਲ’ ਚਲਾ ਕੇ ਕੌਂਸਲਰਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿ  ਭਾਜਪਾ ਦੇ ਲਾਲਚ ਵਿੱਚ ਕਾਂਗਰਸ ਵਾਲੇ ਆ ਸਕਦੇ ਹਨ ‘ਆਪ’ ਵਾਲੇ ਨਹੀਂ।

ਜੇਤੂਆਂ ਦੀ ਹੌਂਸਲਾਅਫ਼ਜ਼ਾਈ ਲਈ ਚੰਡੀਗੜ੍ਹ ਪਹੁੰਚਣਗੇ ਕੇਜਰੀਵਾਲ

ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ‘ਆਪ’ ਦੇ ਜੇਤੂ ਉਮੀਦਵਾਰਾਂ ਦੀ ਹੌਂਸਲਾਅਫ਼ਜ਼ਾਈ ਲਈ ‘ਆਪ’ ਸਰਪ੍ਰਸਤ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਕੌਂਸਲਰਾਂ ਨਾਲ ਮੀਟਿੰਗ ਕਰ ਕੇ ਅਗਲੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।

ਭਾਜਪਾ ਨੇ ਦੋਸ਼ ਨਕਾਰੇ

ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ‘ਆਪ’ ਬਿਨਾਂ ਕਿਸੇ ਸਬੂਤ ਦੇ ਦੋਸ਼ ਲਗਾਉਣ ਲੱਗੀ ਹੋਈ ਹੈ ਜਦਕਿ ਜੋੜ-ਤੋੜ ਦੀ ਰਾਜਨੀਤੀ ‘ਆਪ’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰੇਕ ਸੈਕਟਰ ਵਿੱਚ ਕੈਮਰੇ ਲੱਗੇ ਹੋਏ ਹਨ। ਭਾਜਪਾ ਵੱਲੋਂ ਜਿਹੜੇ ਕੌਂਸਲਰਾਂ ਨਾਲ ਸੰਪਰਕ ਕੀਤਾ ਗਿਆ ਹੈ, ਉਹ ਉਸ ਇਲਾਕੇ ਦੀ ਵੀਡੀਓ ਮੁਹੱਈਆ ਕਰਵਾਉਣ ’ਚ ਮਦਦ ਕਰਨਗੇ ਜਿਸ ਨਾਲ ਸਾਰਾ ਸੱਚ ਸਾਹਮਣੇ ਆ ਜਾਵੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 653 ਹੋਈ
Next articleOmicron may do good by replacing Delta from world: Experts