(ਸਮਾਜ ਵੀਕਲੀ)
(ਪੁਸਤਕ ਪੜਚੋਲ)
ਲੇਖਕ: ਤੇਜਿੰਦਰ ਸਿੰਘ ਬਾਜ਼
ਪੰਨੇ: 92 ਕੀਮਤ: 150 ਰੁਪਏ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਲੁਧਿਆਣਾ
ਚਰਚਾ ਅਧੀਨ ਪੁਸਤਕ ਪੰਜ ਵਿਗਿਆਨਕ ਨਾਟਕਾਂ ਦਾ ਇਕ ਸੰਗ੍ਰਹਿ ਹੈ।ਇਹ ਨਾਟਕ ਹਨ: ਚਾਨਣ ਵਰਗਾ ਸੱਚ,ਮਿੱਟੀ ਦੀ ਪੁਕਾਰ, ਆਓ ਕੁਝ ਸੋਚੀਏ, ਜਿੱਥੇ ਸਫਾਈ ਉੱਥੇ ਖੁਦਾਈ ਅਤੇ ਵਿਨਾਸ਼ ।ਲੇਖਕ ਨੇ ਵਿਸ਼ਵ ਵਿਆਪੀ ਮੁੱਦਿਆਂ ਨੂੰ ਨਾਟਕਾਂ ਦਾ ਵਿਸ਼ਾ ਵਸਤੂ ਬਣਾਇਆ ਹੈ।ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਕੁਪੋਸ਼ਨ ਦਾ ਸ਼ਿਕਾਰ ਬੱਚਿਆਂ ਪ੍ਰਤੀ ਸਰਕਾਰ ਅਤੇ ਸਮਾਜ ਦੇ ਫਰਜ਼ਾਂ ਨੂੰ ਰੂਪਮਾਨ ਕਰਦਾ ਹੈ,ਨਾਟਕ ਚਾਨਣ ਵਰਗਾ ਸੱਚ। ਮਨੁੱਖ ਨੇ ਕਿਸ ਤਰ੍ਹਾਂ ਨਾਲ ਧਰਤੀ ਨਾਲ ਹੁਰਮਤੀ ਕੀਤੀ,ਕੀਟਨਾਸ਼ਕਾਂ ਨੇ ਜਲਚਰਾਂ ਦਾ ਜਿਉਣਾਂ ਹਰਾਮ ਕਰ ਦਿੱਤਾਨ।ਰੁੱਖਾਂ ਤੇ ਆਰੇ ਚਲਾ ਕੇ ਮਨੁੱਖ ਨੇ ਆਪਣੇ ਹੀ ਸਾਹਾਂ ਨਾਲ ਦੰਗਾ ਕੀਤਾ।ਕੇਹਰ ਸਿੰਘ ਢਿੱਗਾਂ ਡਿੱਗਣ ਕਰਕੇ ਪੰਜ ਬੰਦੇ ਖੂਹੀ ਵਿੱਚ ਦੱਬ ਜਾਣ ਨਾਲ ਡਰ ਗਿਆ ਸੀ।ਉਹ ਧਰਤੀ ਤੇ ਨਵੇਂ ਰੁੱਖ ਲਗਾਉਣ ਦੀ ਸਹੁੰ ਖਾਂਦਾ ਹੈ, ਨਾਟਕ ਮਿੱਟੀ ਦੀ ਪੁਕਾਰ ਵਿੱਚ।
ਜੈਵ ਵਿਭਿੰਨਤਾ ਨੂੰ ਲੱਗ ਰਹੇ ਖੋਰੇ ਦਾ ਹੇਰਵਾ ਜਤਾਉਂਦਾ ਹੈ ਨਾਟਕ ਆਓ ਕੁਝ ਸੋਚੀਏ।ਆਈ. ਯੂ. ਸੀ. ਐਨ ਦੀ ਲਾਲ ਸੂਚੀ ਭਾਵੇਂ ਚਿੜੀਆਂ ਤੇ ਬਹੁਤਾ ਫਿਕਰ ਨਹੀਂ ਜਤਾਉਂਦੀ, ਫਿਰ ਵੀ ਜੀਵਾਂ ਅਤੇ ਵਨਸਪਤੀਆਂ ਦੀਆਂ ਵੱਡੀ ਗਿਣਤੀ ਵਿੱਚ ਪ੍ਰਜਾਤੀਆਂ ਗੁੰਮ ਜਾਣ ਦੇ ਕੰਢੇ ਤੇ ਹਨ।ਥੱਚੇ ਜਿਉਂ ਜਿਉਂ ਪੜ੍ਹੀ ਜਾਂਦੇ ਹਨ, ਵੱਡੇ ਹੋਈ ਜਾਂਦੇ ਹਨ,ਸਿਆਣਿਆਂ ਨੂੰ ਮੱਤਾਂ ਦੇਣ ਲੱਗਦੇ ਹਨ। ਬੱਚਿਆਂ ਦੀ ਚੰਗੀ ਤੇ ਤਰਕ ਵਾਲੀ ਸਲਾਹ ਮੰਨ ਲੈਣ ਵਿੱਚ ਹਰਜ ਵੀ ਕੀ ਹੈ? ਪਰ ਪਾਤਰ ਕਿਸ਼ਨ ਸਿੰਘ ਇਸ ਨੂੰ ਇਜ਼ਤ ਦਾ ਸਵਾਲ ਬਣਾ ਲੈਂਦਾ ਅਤੇ ਬੱਚਿਆ ਤੇ ਗ਼ੁੱਸਾ ਕਰਦਾ ਹੈ।ਸਫਾਈ ਦੀ ਅਣਹੋਂਦ ਵਿੱਚ ਮੱਛਰ ਪਨਪਣ ਕਾਰਨ ਜਦ ਉਸ ਨੂੰ ਡੇਗੂ ਘੇਰ ਲੈਂਦਾ ਹੈ ਤਾਂ ਉਸ ਨੂੰ ਬੱਚਿਆਂ ਦੀਆਂ ਕਹੀਆਂ ਗੱਲਾਂ ਚੇਤੇ ਆਉਂਦੀਆਂ ਹਨ ਕਿ ਸਫਾਈ ਹੀ ਤੰਦਰੁਸਤੀ ਦਾ ਵੱਡਾ ਰਾਜ਼ ਹੈ।
ਦਿਵਾਲੀ ਦੀ ਰਾਤ ਅਸੀਂ ਧਮਾਕੇ ਵਾਲੇ ਬਾਰੂਦ ਭਰੇ ਪਟਾਕੇ ਚਲਾ ਕੇ ਹਵਾ ਨੂੰ ਪਲੀਤ ਕਰਦੇ ਹਾਂ।ਪਾਤਰ ਜੰਗ ਸਿੰਘ ਦੇ ਘਰ ਜਦੋਂ ਹਵਾ ਵਿੱਚ ਜ਼ਹਿਰ ਕਾਰਨ ਬਜ਼ੁਰਗਾਂ ਨੂੰ ਸਾਹ ਦੀ ਸ਼ਿਕਾਇਤ ਹੋ ਗਈ ਤਾਂ ਉਸ ਨੂੰ ਪਟਾਕਿਆਂ ਦੇ ਮਾਰੂ ਪੱਖ ਦਾ ਗਿਆਨ ਹੋਇਆ। ਵਿਨਾਸ਼ ਨਾਟਕ ਬੱਚਿਆਂ ਨੂੰ ਪਟਾਖੇ ਚਲਾਣ ਤੋਂ ਪ੍ਰਹੇਜ ਕਰਨ ਅਤੇ ਇਸ ਦੀ ਥਾਂ ਨਵੇਂ ਪੌਦੇ ਲਗਾਉਣ ਦਾ ਸੁਨੇਹਾ ਦਿੰਦਾ ਹੈ।
ਕੁੱਲ ਮਿਲਾ ਕੇ ਲੇਖਕ ਨੇ ਸਕੂਲ ਪੱਧਰ ਤੇ ਖੇਡੇ ਜਾ ਸਕਣ ਵਾਲੇ ਨਾਟਕਾਂ ਤੇ ਕਲਮ ਅਜ਼ਮਾਈ ਕਰਕੇ ਹਿੰਮਤ ਵਾਲਾ ਅਤੇ ਸਾਰਥਕ ਕੰਮ ਕੀਤਾ ਹੈ।ਵਿਗਿਆਨਕ ਨਾਟਕਾਂ ਜਰੀਏ ਤਰਕ ਭਰੀ ਸੋਚ ਪੈਦਾ ਕਰਨਾ,ਅੱਜ ਸਮੇਂ ਦੀ ਲੋੜ ਹੈ।ਮੈ ਪੰਜਾਬੀ ਸਾਹਿਤ ਵਿੱਚ ਆਗਮਨ ਤੇ ਇਸ ਪੁਸਤਕ ਦਾ ਸਵਾਗਤ ਕਰਦਾ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਤੇਜਿੰਦਰ ਸਿੰਘ ਬਾਜ ਵਿਗਿਆਨਕ ਵਿਸ਼ਿਆਂ ਤੇ ਹੋਰ ਵੀ ਸਸ਼ਕਤ ਵਿਗਿਆਨ ਸਾਹਿਤ ਦੀ ਸਿਰਜਣਾ ਕਰੇਗਾ।
ਰਿਵੀਊਕਾਰ: ਪ੍ਰਿੰ. ਹਰੀ ਕ੍ਰਿਸ਼ਨ ਮਾਇਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly