ਸਾਹਿਤ ਤੇ ਸਿੱਖਿਆ ਦੀਆਂ ਬੁਲੰਦੀਆਂ ਛੋਹ ਰਹੀ ਅੰਜੂ ਬਾਲਾ

(ਸਮਾਜ ਵੀਕਲੀ)

ਇਨਸਾਨੀ ਫਿਤਰਤ ਹੈ ਕਿ ਉਹ ਬਹੁਤ ਥੋੜ੍ਹੇ ਸਮੇਂ ਵਿੱਚ ਬੁਲੰਦੀਆਂ ਦੇ ਉਸ ਮੁਕਾਮ ਨੂੰ ਛੂਹਣਾ ਚਾਹੁੰਦਾ ਹੈ ਜਿੱਥੇ ਸਮਾਜ ਵਿੱਚ ਉਸ ਦਾ ਰੁਤਬਾ ਤੇ ਪਹਿਚਾਣ ਬਣੇ ਅਤੇ ਸਮੂਹ ਲੋਕਾਂ ਲਈ ਉਹ ਇੱਕ ਮਿਸਾਲ ਬਣ ਜਾਵੇ। ਉਹ ਹਰ ਦਿਨ ਕੁਝ ਵੱਖਰਾ ਕਰਕੇ ਦਿਖਾਵੇ ਜਿਸ ਨਾਲ ਉਸ ਦੀ ਰੂਹ ਨੂੰ ਸੰਤੁਸ਼ਟੀ ਮਿਲੇ। ਅਜਿਹੀ ਹੀ ਇਕ ਮਿਹਨਤੀ ਅਤੇ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਧਿਆਪਕਾ ਹੈ ਬੀਬਾ ਅੰਜੂ ਬਾਲਾ ਜੋ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਆਪਣੀਆਂ ਅਧਿਆਪਨ ਵਿਧੀਆਂ ਰਾਹੀਂ ਸਫ਼ਲਤਾ ਦੀਆਂ ਬੁਲੰਦੀਆਂ ਹਾਸਲ ਕਰ ਚੁੱਕੀ ਹੈ।ਜਿਸ ਦਾ ਗਵਾਹ ਹੈ ਬੀਬਾ ਜੀ ਨੂੰ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰ ਕੇ ਹਾਲ ਹੀ ਵਿੱਚ ਮਿਲਿਆ ‘ਰਾਸ਼ਟਰੀ ਸਿੱਖਿਆ ਰਤਨ ਐਵਾਰਡ’ਜੋ ਕਿ ਬੀਬਾ ਜੀ ਨੂੰ ‘ਨੈਸ਼ਨਲ ਹਿਊਮਨ ਵੈਲਫੇਅਰ ਕਾਉਂਸਿਲ ‘ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਕੇਂਦਰੀ ਸਿੱਖਿਆ ਮੰਤਰੀ ਅਰਜੁਨ ਰਾਮ ਮੇਘਵਾਲ ਜੀ ਵੱਲੋਂ ਦਿੱਤਾ ਗਿਆ ਹੈ।

ਇਸ ਐਵਾਰਡ ਲਈ ਉਨ੍ਹਾਂ ਨੂੰ ਪੂਰੇ ਪੰਜਾਬ ਵਿਚੋਂ ਚੁਣਿਆ ਗਿਆ।ਬੀਬਾ ਜੀ ਪੂਰੇ ਪੰਜਾਬ ਵਿੱਚੋਂ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਇੱਕ ਮਾਤਰ ਅਧਿਆਪਕ ਹਨ।ਜੋ ਕਿ ਬੀਬਾ ਜੀ ਦੇ ਜ਼ਿਲ੍ਹੇ ਖੇਤਰ ਅਤੇ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਭੈਣ ਅੰਜੂ ਦਾ ਜਨਮ ਜ਼ਿਲ੍ਹਾ ਰੂਪਨਗਰ ਦੇ ਪਿੰਡ ਭਨੂਪਲੀ ਵਿਚ ਪੰਦਰਾਂ ਸਤੰਬਰ ਉਨੀ ਸੌ ਅੱਸੀ ਈਸਵੀ ਨੂੰ ਪਿਤਾ ਸ੍ਰੀ ਛੱਜੂ ਰਾਮ ਸੋਨੀ ਤੇ ਮਾਤਾ ਸ੍ਰੀਮਤੀ ਸੁਮਨ ਦੇ ਘਰ ਹੋਇਆ।ਉਹ ਚਾਰ ਭੈਣ ਭਰਾ ਹਨ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਮਾਤਾ ਜੀ ਵੱਲੋਂ ਉਨ੍ਹਾਂ ਨੂੰ ਘਰ ਦੇ ਸਾਰੇ ਕੰਮ ਸਿਖਾ ਦਿੱਤੇ ਗਏ ।ਬੀਬਾ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਤਾ ਜੀ ਕਹਿੰਦੇ ਹੁੰਦੇ ਸਨ ਕਿ ਕੁੜੀਆਂ ਨੂੰ ਘਰ ਦੇ ਸਾਰੇ ਕੰਮ ਆਉਣੇ ਚਾਹੀਦੇ ਹਨ।ਇਸ ਦੇ ਲਈ ਬੀਬਾ ਜੀ ਆਪਣੇ ਮਾਤਾ ਜੀ ਦਾ ਅਹਿਸਾਨ ਮੰਨਦੇ ਹਨ ਕਿ ਉਨ੍ਹਾਂ ਨੇ ਹਰ ਕੰਮ ਵਿਚ ਉਨ੍ਹਾਂ ਨੂੰ ਨਿਪੁੰਨ ਬਣਾਇਆ ਹੈ।

ਬੀਬਾ ਜੀ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕੀਤੀ।ਬੀਬਾ ਜੀ ਨੇ ਦਸਵੀਂ ਪਿੰਡ ਦੇ ਹੀ ਹਰਚਰਨ ਦਾਸ ਨੈਸ਼ਨਲ ਪਬਲਿਕ ਸਕੂਲ ਤੋਂ ਪਾਸ ਕੀਤੀ ਤੇ ਬੀਬਾ ਜੀ ਨੇ ਸੀਨੀਅਰ ਸੈਕੰਡਰੀ ਜਮਾਤ ਨੰਗਲ ਦੇ ਡੀਏਵੀ ਪਬਲਿਕ ਸਕੂਲ ਤੋਂ ਕਾਮਰਸ ਸਬਜੈਕਟ ਵਿਚ ਪਾਸ ਕੀਤੀ।ਗੁੱਡੋ ਅੰਜੂ ਦੱਸਦੀ ਹੈ ਕਿ ਇਕਦਮ ਪੰਜਾਬੀ ਮੀਡੀਅਮ ਤੋਂ ਅੰਗਰੇਜ਼ੀ ਮਾਧਿਅਮ ਵਿਚ ਜਾ ਕੇ ਸਿੱਖਿਆ ਗ੍ਰਹਿਣ ਕਰਨ ਵਿੱਚ ਉਨ੍ਹਾਂ ਨੂੰ ਸ਼ੁਰੂ ਵਿੱਚ ਬਹੁਤ ਮੁਸ਼ਕਿਲਾਂ ਆਈਆਂ ਪਰ ਉਨ੍ਹਾਂ ਨੂੰ ਸਕੂਲ ਵਿੱਚ ਸਾਰੇ ਹੀ ਅਧਿਆਪਕਾਂ ਵੱਲੋਂ ਸਮੇਂ ਸਮੇਂ ਤੇ ਗਾਈਡ ਕੀਤਾ ਗਿਆ ਜਿਸ ਦੇ ਕਾਰਨ ਉਹ ਆਪਣੇ ਸਾਰੇ ਹੀ ਅਧਿਆਪਕਾਂ ਨੂੰ ਅੱਜ ਵੀ ਭੁੱਲੇ ਨਹੀਂ ਹਨ ਤੇ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ ਹਨ।

ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਖ਼ਾਲਸਾ ਕਾਲਜ ਆਨੰਦਪੁਰ ਸਾਹਿਬ ਵਿਚ ਬੀਕਾਮ ਸ਼ੁਰੂ ਕਰ ਦਿੱਤੀ ਤੇ ਬੀਕਾਮ ਦੇ ਨਾਲ ਹੀ ਈਟੀਟੀ ਪ੍ਰੀਖਿਆ ਪਾਸ ਕਰਕੇ ਟ੍ਰੇਨਿੰਗ ਪੂਰੀ ਕੀਤੀ ।ਬੀਬਾ ਜੀ ਦੀ ਜ਼ਿੰਦਗੀ ਦੀ ਇਹ ਖੁੁਆਇਸ਼ ਉਨ੍ਹਾਂ ਨੇ ਸਾਂਝੀ ਕੀਤੀ ਕੀ ਉਹ ਨੌਕਰੀ ਕਰਕੇ ਆਪਣੇ ਮਾਂ ਬਾਪ ਦੀ ਇਕ ਪੁੱਤਰ ਦੀ ਤਰ੍ਹਾਂ ਆਰਥਿਕ ਸਹਾਇਤਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਇਹ ਰੀਝ ਰੀਝ ਬਣ ਕੇ ਰਹਿ ਗਈ ਜਿਸ ਦਾ ਉਨ੍ਹਾਂ ਨੂੰ ਸਾਰੀ ਉਮਰ ਅਫ਼ਸੋਸ ਰਹੇਗਾ।ਕਿਉਂਕਿ ਉਨ੍ਹਾਂ ਨੂੰ ਕੋਰਸ ਕਰਨ ਤੋਂ ਬਾਅਦ ਚਾਰ ਸਾਲ ਤੱਕ ਨੌਕਰੀ ਨਹੀਂ ਮਿਲੀ ਪਰ ਉਹ ਇਸ ਸਮੇਂ ਦੌਰਾਨ ਨੰਗਲ ਦੇ ਸਰਵ ਹਿਤਕਾਰੀ ਵਿੱਦਿਆ ਮੰਦਿਰ ਵਿਚ ਪ੍ਰਾਈਵੇਟ ਨੌਕਰੀ ਕਰਨ ਲੱਗ ਪਏ।ਪ੍ਰਾਈਵੇਟ ਨੌਕਰੀ ਕਰਦੇ ਕਰਦੇ ਉਨ੍ਹਾਂ ਦਾ ਦੋ ਹਜਾਰ ਪੰਜ ਵਿੱਚ ਗੰਗੂਵਾਲ ਨਿਵਾਸੀ ਜਤਿੰਦਰ ਪੁਰੀ ਜੋ ਕਿ ਕਿੱਤੇ ਵਜੋਂ ਇੱਕ ਬਿਜ਼ਨਸਮੈਨ ਹਨ ਨਾਲ ਵਿਆਹ ਹੋ ਗਿਆ।

ਵਿਆਹ ਤੋਂ ਛੇ ਮਹੀਨੇ ਬਾਅਦ ਹੀ ਇੱਕ ਜੁੁਲਾਈ ਦੋ ਹਜਾਰ ਛੇ ਵਿਚ ਉਨ੍ਹਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਸਰਕਾਰੀ ਨੌਕਰੀ ਮਿਲ ਗਈ।ਬੱਸ ਫੇਰ ਕੀ ਸੀ ਇੱਥੋਂ ਹੀ ਉਨ੍ਹਾਂ ਦੀ ਮਿਹਨਤ ਦਾ ਸਿਲਸਿਲਾ ਸ਼ੁਰੂ ਹੋ ਗਿਆ।ਬੀਬਾ ਜੀ ਦੱਸਦੇ ਹਨ ਕਿ ਉਨ੍ਹਾਂ ਨੂੰ ਪੜ੍ਹਾਉਣ ਦਾ ਬਹੁਤ ਸ਼ੌਕ ਹੈ। ਉਨ੍ਹਾਂ ਦੇ ਪਿੰਡ ਦੇ ਲੋਕ ਬਹੁਤ ਖੁਸ਼ ਸਨ ਕਿ ਉਨ੍ਹਾਂ ਦੇ ਸਕੂਲ ਵਿਚ ਇਕ ਮਿਹਨਤੀ ਅਧਿਆਪਕ ਆਈ ਹੈ।ਉਨ੍ਹਾਂ ਦੇ ਪੜ੍ਹਾਉਣ ਦੇ ਤਰੀਕਿਆਂ ਦੀ ਪਿੰਡ ਵਾਲੇ ਅੱਜ ਵੀ ਤਾਰੀਫ਼ ਕਰਦੇ ਹਨ। ਗੁੱਡੋ ਅੰਜੂ ਦਾ ਕਹਿਣਾ ਹੈ ਕਿ ਜੇਕਰ ਪਰਮਾਤਮਾ ਨੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਤੇ ਜਿਸ ਦੀ ਬਦੌਲਤ ਉਹ ਇੱਕ ਚੰਗਾ ਸੇਵਾ ਫਲ ਸਰਕਾਰ ਤੋਂ ਪ੍ਰਾਪਤ ਕਰ ਰਹੇ ਹਨ ਤਾਂ ਉਨ੍ਹਾਂ ਦਾ ਫ਼ਰਜ਼ ਹੈ ਕੀ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਤੇ ਵਧੀਆ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰੇ।ਤਾਂ ਜੋ ਇਹ ਬੱਚੇ ਉਨ੍ਹਾਂ ਨੂੰ ਵੱਡੇ ਹੋ ਕੇ ਯਾਦ ਕਰਨ ਤੇ ਕਹਿਣ ਕਿ ਅਸੀਂ ਅੰਜੂ ਮੈਡਮ ਤੋਂ ਪੜ੍ਹੇ ਹਾਂ ਜੋ ਕਿ ਇਕ ਬਹੁਤ ਵਧੀਆ ਅਧਿਆਪਕ ਦੀ ਮਿਸਾਲ ਹਨ।

ਉਨ੍ਹਾਂ ਦੀਆਂ ਸਕੂਲ ਨਾਲ ਸਬੰਧਿਤ ਗਤੀਵਿਧੀਆਂ ਅਸੀਂ ਹਰ ਰੋਜ਼ ਹੀ ਉਨ੍ਹਾਂ ਦੇ ਫੇਸਬੁੱਕ ਪੇਜ ਤੇ ਦੇਖਦੇ ਹਾਂ ਜਿੱਥੇ ਉਹ ਬਹੁਤ ਹੀ ਵਧੀਆ ਤਰੀਕਿਆਂ ਨਾਲ ਆਪਣੇ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੇ ਨਜ਼ਰ ਆਉਂਦੇ ਹਨ।ਤਸਵੀਰਾਂ ਵਿੱਚ ਬੱਚਿਆਂ ਦੇ ਚਿਹਰਿਆਂ ਦੀ ਖ਼ੁਸ਼ੀ ਇਸ ਗੱਲ ਦੀ ਗਵਾਹੀ ਭਰਦੀ ਹੈ।ਬੱਚੇ ਉਨ੍ਹਾਂ ਨਾਲ ਦਿਲੋਂ ਘੁਲੇ ਮਿਲੇ ਨਜ਼ਰ ਆਉਂਦੇ ਹਨ ਜਿਸ ਤੋਂ ਅਸੀਂ ਇਕ ਚੰਗੇ ਅਧਿਆਪਕ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਗਾ ਸਕਦੇ ਹਾਂ।ਬੀਬਾ ਜੀ ਦੱਸਦੇ ਹਨ ਕਿ ਮਿਹਨਤ ਤਾਂ ਉਹ ਦੋ ਹਜਾਰ ਛੇ ਤੋਂ ਹੀ ਬਹੁਤ ਕਰਵਾ ਰਹੇ ਹਨ ਪਰ ਉਨ੍ਹਾਂ ਦੀ ਮਿਹਨਤ ਨੇ ਕੋਰੋਨਾ ਸਮੇਂ ਵਿਚ ਰੰਗਵਿਖਾਇਆ ਜਦੋਂ ਪਡ਼੍ਹਾਈ ਔਨਲਾਈਨ ਹੋਣ ਕਰਕੇ ਉਨ੍ਹਾਂ ਨੇ ਆਪਣੀਆਂ ਗਤੀਵਿਧੀਆਂ ਸੋਸ਼ਲ ਮੀਡੀਆ ਤੇ ਪਾਉਣੀਆਂ ਸ਼ੁਰੂ ਕੀਤੀਆਂ।ਬੀਬਾ ਜੀ ਨੇ ਬਹੁਤ ਸਾਰੀਆਂ ਐਜੂਕੇਸ਼ਨਲ ਵੀਡੀਓਜ਼ ਬਣਾਈਆਂ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਆਪਣਾ ਹੱਥ ਸਾਹਿਤ ਵਿੱਚ ਵੀ ਅਜ਼ਮਾਇਆ।

ਬੀਬਾ ਜੀ ਨੇ ਸਾਹਿਤ ਦੇ ਖੇਤਰ ਵਿਚ ਕਵਿਤਾਵਾਂ ਲੇਖ ਲਿਖੇ ਜਿਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ।ਇੱਥੋਂ ਹੀ ਉਨ੍ਹਾਂ ਦਾ ਸਾਹਿਤ ਦਾ ਸਫ਼ਰ ਸ਼ੁਰੂ ਹੋਇਆ ।ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਸਮੇਂ ਸਮੇਂ ਤੇ ਉਨ੍ਹਾਂ ਦਾ ਮਹਾਨ ਸ਼ਖ਼ਸੀਅਤਾਂ ਨਾਲ ਮੇਲ ਹੋਇਆ ਜਿਨ੍ਹਾਂ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ।ਉਹ ਹੌਸਲਾ ਰੱਖ ਕੇ ਮਿਹਨਤ ਕਰਦੇ ਗਏ ਤੇ ਪ੍ਰਮਾਤਮਾ ਉਨ੍ਹਾਂ ਲਈ ਨਵੇਂ ਨਵੇਂ ਰਾਹ ਖੋਲ੍ਹਦਾ ਗਿਆ। ਬੀਬਾ ਜੀ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੀਆਂ ਸਿੱਖਿਅਕ ਗਤੀਵਿਧੀਆਂ ਦੇ ਕਾਰਨ ਵਿਭਾਗ ਵੱਲੋਂ ਤੇ ਤੇ ਬਹੁਤ ਸਾਰੀਆਂ ਵੈੱਲਫੇਅਰ ਸੋਸਾਇਟੀ ਵੱਲੋਂ ਜਿਵੇਂ ਕਿ ਪਰਵਾਸੀ ਕਲੱਬ ਨੰਗਲ , ਪਰਿਆਸ ਕਲਾ ਮੰਚ ਆਨੰਦਪੁਰ ਸਾਹਿਬ,ਵੈੱਲਫੇਅਰ ਸੁਸਾਇਟੀ ਪੰਜਾਬ ,ਇਸ ਦੇ ਨਾਲ ਹੀ ਨੈਸ਼ਨਲ ਲੈਵਲ ਦੀਆਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਬਹੁਤ ਸਾਰੇ ਸਨਮਾਨ ਪੱਤਰ ਮਿਲੇ।ਆਪਣੀ ਇਸ ਸਫ਼ਲਤਾ ਵਿੱਚ ਉਹ ਆਪਣੇ ਪਤੀ ਸ੍ਰੀ ਜਤਿੰਦਰ ਪੁਰੀ ਤੇ ਆਪਣੀ ਪੁੱਤਰੀ ਸਹਿਜਪੁਰੀ ਦੀ ਸਪੋਰਟ ਨੂੰ ਅਹਿਮੀਅਤ ਦਿੰਦੇ ਹਨ ਜਿਨ੍ਹਾਂ ਨੇ ਸਮੇਂ ਸਮੇਂ ਤੇ ਹਰ ਵੇਲੇ ਬੀਬਾ ਜੀ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ।

ਬੀਬਾ ਜੀ ਮੁੁਤਾਬਿਕ ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਕਿ ਉਨ੍ਹਾਂ ਨੇ ਵੀ ਕੀਤਾ।ਉਸ ਸਮੇਂ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਮਿਹਨਤ ਦਾ ਪੱਲਾ ਨਾ ਛੱਡੇ ਤੇ ਪ੍ਰਮਾਤਮਾ ਤੇ ਵਿਸਵਾਸ ਰੱਖੇ ਇਹ ਸੋਚ ਕੇ ਕਿ ਜੋ ਵੀ ਪ੍ਰਮਾਤਮਾ ਕਰ ਰਿਹਾ ਹੈ ਉਨ੍ਹਾਂ ਦੇ ਭਲੇ ਲਈ ਹੀ ਕਰ ਰਿਹਾ ਹੈ। ਇਹ ਮੁਸ਼ਕਿਲਾਂ ਭਰਿਆ ਸਮਾਂ ਵੀ ਇਨਸਾਨ ਨੂੰ ਕੁਝ ਨਾ ਕੁਝ ਸਿਖਾ ਕੇ ਜ਼ਰੂਰ ਜਾਂਦਾ ਹੈ।ਇਸ ਲਈ ਇਨਸਾਨ ਨੂੰ ਆਪਣੇ ਮੁਸ਼ਕਿਲ ਸਮੇਂ ਵਿਚ ਹੌਸਲਾ ਨਹੀਂ ਛੱਡਣਾ ਚਾਹੀਦਾ ਤੇ ਸਭ ਕੁਝ ਪ੍ਰਮਾਤਮਾ ਤੇ ਛੱਡ ਦੇਣਾ ਚਾਹੀਦਾ ਹੈ।ਬੀਬਾ ਜੀ ਦੀ ਇਹ ਸੋਚ ਉਨ੍ਹਾਂ ਦੀ ਸ਼ਖ਼ਸੀਅਤ ਦੇ ਪੋਜ਼ੀਟਿਵ ਪੱਖ ਨੂੰ ਦਰਸਾਉਂਦੀ ਹੈ । ਨੈਸ਼ਨਲ ਹਿਊਮਨ ਵੈੱਲਫੇਅਰ ਸੋਸਾਇਟੀ ਵੱਲੋਂ ਮਿਲੇ ਰਾਸ਼ਟਰੀ ਸਿੱਖਿਆ ਰਤਨ ਐਵਾਰਡ ਨੂੰ ਉਹ ਆਪਣੇ ਮਾਤਾ ਪਿਤਾ,ਆਪਣੇ ਪਰਿਵਾਰਕ ਮੈਂਬਰ ,ਆਪਣੇ ਵਿਭਾਗ ,ਸਕੂਲ ਦੇ ਬੱਚਿਆਂ ਧੀ ਉਨ੍ਹਾਂ ਸਾਰੀਆਂ ਹੀ ਮਹਾਨ ਸ਼ਖ਼ਸੀਅਤਾਂ ਨੂੰ ਸਮਰਪਣ ਕਰਦੇ ਹਨ ਜਿਨ੍ਹਾਂ ਨੇ ਸਮੇਂ ਸਮੇਂ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ ਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ।ਜਿਸ ਦੇ ਕਾਰਨ ਬੀਬਾ ਜੀ ਅੱਜ ਨੈਸ਼ਨਲ ਅਚੀਵਰ ਬਣੇ ਹਨ। ਬੀਬਾ ਜੀ ਦੱਸਦੇ ਹਨ ਕਿ ਉਹ ਅੱਗੇ ਵੀ ਭਵਿੱਖ ਵਿਚ ਕੁਝ ਅਜਿਹਾ ਨਵਾਂ ਕਰਨਾ ਚਾਹੁੰਦੇ ਹਨ ਜਿਸ ਨਾਲ ਉਹ ਸਮਾਜ ਲਈ ਇਕ ਮਿਸਾਲ ਬਣ ਸਕੇ ਤੇ ਲੋਕ ਉਨ੍ਹਾਂ ਨੂੰ ਇੱਕ ਚੰਗੇ ਅਧਿਆਪਕ ਦੇ ਤੌਰ ਤੇ ਯਾਦ ਕਰਨ।

ਰਮੇਸ਼ਵਰ ਸਿੰਘ ਪਟਿਆਲਾ

 

ਸੰਪਰਕ -9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUK in talks with Taliban over further evacuations
Next articleਚਾਨਣ ਵਰਗਾ ਸੱਚ