ਤਿਰੰਗਾ ਹਾਊਸ

ਡਾਕਟਰ ਮਧੁਕਾਂਤ

(ਸਮਾਜ ਵੀਕਲੀ)

ਕ੍ਰਿਸ਼ਨ ਅੱਜ ਬਹੁਤ ਖੁਸ਼ ਸੀ। ਆਪਣੇ ਦਾਦਾ ਜੀ ਦੇ ਆਉਣ ਦੀ ਉਡੀਕ ਵਿਚ ਉਹ ਬੂਹੇ ਅੱਗੇ ਖੜਾ ਸੀ। ਉਸਦੇ ਦਾਦਾ ਜੀ ਨੇ ਬਾਜ਼ਾਰ ਜਾਂਦੇ ਹੋਏ ਵਾਅਦਾ ਕੀਤਾ ਸੀ ਕਿ ਉਹ ਉਸ ਲਈ ਤਿਰੰਗਾ ਪਤੰਗ ਅਤੇ ਡੋਰ ਲੈ ਕੇ ਆਉਣਗੇ। ਦਾਦਾ ਜੀ ਫ਼ੌਜੀ ਸੀ। ਉਹ ਕਦੇ ਝੂਠ ਨਹੀਂ ਬੋਲਦੇ ਸੀ, ਇਸ ਕਰਕੇ ਕ੍ਰਿਸ਼ਨ ਨੂੰ ਯਕੀਨ ਸੀ ਕਿ ਅੱਜ ਉਸਨੂੰ ਪਤੰਗ ਅਤੇ ਡੋਰ ਮਿਲ ਜਾਵੇਗੀ।

ਪਿਛਲੇ ਦੋ ਸਾਲਾਂ ਤੋਂ ਉਹ ਦਾਦਾ ਜੀ ਤੋਂ ਪਤੰਗ ਅਤੇ ਡੋਰ ਦੀ ਮੰਗ ਕਰ ਰਿਹਾ ਸੀ ਪਰ ਦਾਦਾ ਜੀ ਉਸਨੂੰ ਕੋਈ ਹੋਰ ਚੀਜ਼ ਦਿਲਾ ਦਿੰਦੇ ਅਤੇ ਪਤੰਗ ਉਡਾਉਣ ਤੋਂ ਮਨਾਂ ਕਰ ਦਿੰਦੇ। ਦੋ ਸਾਲ ਪਹਿਲਾਂ ਵੀ ਉਸਨੇ ਦਾਦਾ ਜੀ ਦੀ ਕਮਰ ਸਹਲਾਉਂਦੇ ਕਿਹਾ ਸੀ, “ਦਾਦਾ ਜੀ ਤੁਸੀਂ ਮੇਰੇ ਲਈ ਜਦੋਂ ਵੀ ਪਤੰਗ ਲਿਆਉਂਗੇ, ਤਿਰੰਗੀ ਹੀ ਲਿਆਇਓ…।”

“ਤਿਰੰਗੀ ਹੀ ਕਿਉਂ…?”

“ਕਿਉਂਕਿ ਤਿਰੰਗੀ ਪਤੰਗ ਸਭ ਤੋਂ ਉੱਚੀ ਉੱਡਦੀ ਹੈ ਅਤੇ ਕਿਸੇ ਨੂੰ ਕੱਟਦੀ ਵੀ ਨਹੀਂ…।”

ਅਚਾਣਕ ਕ੍ਰਿਸ਼ਨ ਨੂੰ ਖ਼ਿਆਲ ਆਇਆ ਕਿ ਉਹ ਤਿਰੰਗੇ ਨੂੰ ਕਿਉਂ ਪਸੰਦ ਕਰਦਾ ਹੈ… ਹੌਲੀ-ਹੌਲੀ ਉਸਨੂੰ ਯਾਦ ਆਇਆ ਕਿ ਇਸੇ ਤਿਰੰਗੇ ਵਿਚ ਉਸਦੇ ਪਿਤਾ ਜੀ ਸ਼ਹੀਦ ਹੋ ਕੇ ਆਏ ਸਨ…ਫੌਜੀਆਂ ਨੇ ਮਾਤਮੀ ਧੁਨ ਬਜਾਈ ਸੀ ਅਤੇ ਉਸਦੇ ਪਿਤਾ ਜੀ ਨੂੰ ਲੱਕੜਾਂ ਉੱਤੇ ਧਰ ਕੇ ਅੱਗ ਲਾ ਦਿੱਤੀ ਗਈ ਸੀ। ਰਾਤ ਨੂੰ ਦਾਦਾ ਜੀ ਨੇ ਉਸਨੂੰ ਸਮਝਾਇਆ ਸੀ, “ਕ੍ਰਿਸ਼ਨ ਤੇਰੇ ਪਿਤਾ ਜੀ ਤਿਰੰਗੇ ਵਿਚ ਲਿਪਟ ਕੇ ਆਕਾਸ਼ ਦੇ ਰਾਹੀਂ ਸੁਰਗਾਂ ਵਿਚ ਚਲੇ ਗਏ ਹਨ। ਉਹ ਕੁਝ ਦਿਨਾਂ ਬਾਅਦ ਪਰਤ ਆਉਣਗੇ।”

“ਕੁਝ ਦਿਨਾਂ ਬਾਅਦ ਕਿਉਂ ਦਾਦਾ ਜੀ, ਕੀ ਉਹ ਸਾਥੋਂ ਰੁੱਸ ਕੇ ਗਏ ਹਨ?”

“ਨਹੀਂ ਪੁੱਤਰ, ਤੇਰੇ ਪਿਤਾ ਜੀ ਤਾਂ ਬਹੁਤ ਅੱਛੇ ਹਨ, ਉਹ ਕਦੇ ਨਹੀਂ ਰੁੱਸਦੇ। ਉਹ ਤਾਂ ਭਾਰਤ ਮਾਤਾ ਦੇ ਕੰਮ ਗਏ ਹਨ। ਕੰਮ ਖ਼ਤਮ ਹੁੰਦੇ ਹੀ ਉਹ ਮੁੜ ਆਉਣਗੇ…। ਰਾਤ ਬਹੁਤ ਹੋ ਗਈ ਹੈ। ਤੂੰ ਅੱਖਾਂ ਬੰਦ ਕਰਕੇ ਮੂਲ ਮੰਤਰ ਦਾ ਜਾਪ ਕਰ, ਨੀਂਦ ਆ ਜਾਵੇਗੀ।”

ਦਾਦਾ ਜੀ ਨੇ ਕ੍ਰਿਸ਼ਨ ਨੂੰ ਤਾਂ ਸੁਲਾ ਦਿੱਤਾ ਪਰ ਉਹਨਾਂ ਦੀਆਂ ਆਪਦੀਆਂ ਅੱਖਾਂ ਵਿਚੋਂ ਨੀਂਦ ਉੱਡ ਚੁੱਕੀ ਸੀ। ਉਹ ਸਾਰੀ ਰਾਤ ਸੌਂ ਨਹੀਂ ਸਕੇ।

ਸ਼ਾਇਦ ਉਸੇ ਦਿਨ ਤੋਂ ਉਸਨੂੰ ਤਿਰੰਗਾ ਬਹੁਤ ਚੰਗਾ ਲੱਗਣ ਲੱਗ ਪਿਆ ਸੀ। ਗਣਤੰਤਰ ਦਿਵਸ ਦੌਰਾਨ ਹੋਏ ਇੱਕ ਮੁਕਾਬਲੇ ਵਿਚ ਉਸਦਾ ਬਣਾਇਆ ਤਿਰੰਗਾ ਪਹਿਲੇ ਨੰਬਰ ਤੇ ਆਇਆ ਸੀ। ਰਾਤ ਨੂੰ ਬਿਸਤਰ ਵਿਚ ਪਏ-ਪਏ ਉਹ ਸੋਚਦਾ ਰਿਹਾ ਕਿ ਛੋਟੀ ਜਿਹੀ ਤਿਤਲੀ ਬਣ ਕੇ ਕਿਸੇ ਤਿਰੰਗੀ ਪਤੰਗ ਨਾਲ ਚਿਪਕ ਕੇ ਉਹ ਉੱਡ ਜਾਵੇ ਅਤੇ ਜਦੋਂ ਪਤੰਗ ਉੱਪਰ ਆਕਾਸ਼ ਤੇ ਬਦਲਾਂ ਵਿਚ ਉੱਡਣ ਲਗ ਪਏ ਤਾਂ ਉਹ ਲੱਭ ਕੇ ਉਹਨਾਂ ਨੂੰ ਵਾਪਿਸ ਲੈ ਆਵੇ। ਉਹ ਜਦੋਂ ਉਹਨਾਂ ਨੂੰ ਦੱਸੇਗਾ ਕਿ ਮਾਂ ਉਹਨਾਂ ਬਿਨਾਂ ਰੋਂਦੀ ਰਹਿੰਦੀ ਹੈ, ਤਾਂ ਉਹ ਜਰੂਰ ਮੁੜ ਆਉਣਗੇ…।

ਗਲੀ ਵਿਚ ਦਾਦਾ ਜੀ ਦੇ ਹੱਥ ਵਿਚ ਪਤੰਗ ਅਤੇ ਡੋਰ ਦੇਖ ਕੇ ਉਸਦਾ ਜੋਸ਼ ਠੰਡਾ ਪੈ ਗਿਆ, ਉਸਨੇ ਕਿਹਾ, “ਦਾਦਾ ਜੀ ਮੈਂ ਕਿਹਾ ਸੀ ਕਿ ਤਿਰੰਗੀ ਪਤੰਗ ਹੀ ਲਿਆਉਣਾ ਪਰ ਤੁਸੀਂ…

“ਤੇਰੀ ਤਿਰੰਗੀ ਪਤੰਗ ਨਹੀਂ ਮਿਲੀ ਕ੍ਰਿਸ਼ਨ, ਪੂਰੇ ਬਾਜ਼ਾਰ ਵਿਚ ਘੁੰਮ ਆਇਆ ਹਾਂ। ਤੂੰ ਅੱਜ ਇਸਨੂੰ ਹੀ ਉਡਾ ਲੈ, ਕੱਲ ਤੇਰੇ ਲਈ ਤਿਰੰਗੀ ਪਤੰਗ ਵੀ ਲੈ ਕੇ ਆਵਾਂਗਾ…”ਦਾਦਾ ਜੀ ਨੇ ਪਤੰਗ ਉਸਨੂੰ ਫੜਾਉਂਦੇ ਹੋਏ ਕਿਹਾ।

ਇਨ੍ਹਾਂ ਦੋ ਸਾਲਾਂ ਵਿਚ ਕ੍ਰਿਸ਼ਨ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਉਸਦੇ ਪਿਤਾ ਜੀ ਦੇਸ਼ ਦੇ ਬੋਰਡਰ ਤੇ ਦੁਸ਼ਮਣਾਂ ਨਾਲ ਲੜਦੇ ਸ਼ਹੀਦ ਹੋ ਗਏ ਸਨ। ਉਹ ਇਹ ਵੀ ਸਮਝ ਗਿਆ ਸੀ ਕਿ ਸ਼ਹੀਦ ਹੋਣ ਤੋਂ ਬਾਅਦ ਕੋਈ ਮੁੜ ਕੇ ਨਹੀਂ ਆਉਂਦਾ। ਆਉਣਾ ਉਸਦੇ ਪਿਤਾ ਜੀ ਨੇ ਵੀ ਨਹੀਂ, ਪਰ ਉਸਦਾ ਤਿਰੰਗੇ ਪ੍ਰਤੀ ਮੋਹ ਘਟਿਆ ਨਹੀਂ ਸਗੋਂ ਉਸ ਵਲ ਹੋਰ ਵੱਧ ਗਿਆ ਜਦੋਂ ਉਸਦੇ ਹਿੰਦੀ ਅਧਿਆਪਕ ਨੇ ਕਲਾਸ ਵਿਚ ਰਾਸ਼ਟਰੀ ਝੰਡੇ ਦਾ ਪਾਠ ਪੜ੍ਹਾਉਂਦੇ ਹੋਏ ਦੱਸਿਆ ਕਿ ਰਾਸ਼ਟਰੀ ਝੰਡਾ ਤਿਰੰਗਾ ਸਾਡੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ। ਇਸਦਾ ਕੇਸਰੀ ਰੰਗ ਬਹਾਦੁਰੀ ਅਤੇ ਤਿਆਗ ਦਾ, ਚਿੱਟਾ ਰੰਗ ਸ਼ਾਂਤੀ ਅਤੇ ਸਵੱਛਤਾ ਦਾ ਅਤੇ ਹਰਾ ਰੰਗ ਹਰਿਆਲੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਇਸਦੇ ਵਿਚਕਾਰ ਅਸ਼ੋਕ ਸਤੰਭ ਤੋਂ ਲਿਆ ਗਿਆ ਅਸ਼ੋਕ ਚੱਕਰ ਹੈ, ਜਿਸ ਵਿਚ ਚੌਬੀ ਤੀਲੀਆਂ ਹਨ ਜੋ ਚੌਬੀ ਘੰਟੇ ਮੇਹਨਤ ਅਤੇ ਤਰੱਕੀ ਕਰਨ ਲਈ ਪ੍ਰੇਰਨਾ ਦਿੰਦਿਆਂ ਹਨ। ਸਾਨੂੰ ਆਪਣੇ ਇਸ ਤਿਰੰਗੇ ਦੀ ਹਰ ਵੇਲੇ ਇੱਜਤ ਕਰਨੀ ਚਾਹੀਦੀ ਹੈ।

ਇਸ ਪਾਠ ਨੂੰ ਸਮਝ ਕੇ ਤਿਰੰਗੇ ਪ੍ਰਤੀ ਉਸਦਾ ਲਗਾਅ ਹੋਰ ਵੱਧ ਗਿਆ। ਹਰ ਤਿਰੰਗੀ ਚੀਜ ਦੇਖ ਕੇ ਉਸਦੇ ਮਨ ਵਿਚ ਹਿਲੋਰ ਉੱਠਦੀ ਅਤੇ ਉਹ ਉਸਨੂੰ ਪਾਉਣ ਲਈ ਉਤਾਵਲਾ ਹੋ ਜਾਂਦਾ।

ਅਨਮਣੇ ਜੇ ਭਾਵ ਨਾਲ ਉਹ ਪਤੰਗ ਅਤੇ ਡੋਰ ਲੈ ਕੇ ਛੱਤ ਤੇ ਚੜ੍ਹ ਗਿਆ। ਟੋਨੇ ਬੰਨ੍ਹ ਕੇ ਉਹ ਪਤੰਗ ਉਡਾਉਣ ਲੱਗਾ। ਪਤੰਗ ਉਡਾਉਣ ਦਾ ਤਰੀਕਾ ਨਾ ਹੋਣ ਕਰਕੇ ਬਾਰ-ਬਾਰ ਯਤਨ ਕਰਨ ਤੋਂ ਬਾਅਦ ਵੀ ਉਹ ਪਤੰਗ ਉਡਾਉਣ ਵਿਚ ਸਫਲ ਨਹੀਂ ਹੋਇਆ।ਉਸੇ ਵੇਲੇ ਉਸਨੂੰ ਆਪਣੇ ਪਿੱਛੇ ਇੱਕ ਤਿਰੰਗੀ ਪਤੰਗ ਕਟ ਕੇ ਥੱਲੇ ਡਿਗਦੀ ਦਿਸੀ। ਉਹ ਆਪਣੀ ਪਤੰਗ ਛੱਡ ਕੇ ਉਸ ਤਿਰੰਗੀ ਪਤੰਗ ਨੂੰ ਬਚਾਉਣ ਲਈ ਭੱਜ ਪਿਆ। ਉਸਦੀ ਸਾਲਾਂ ਪੁਰਾਣੀ ਮੁਰਾਦ ਪੂਰੀ ਹੋ ਗਈ। ਉਡਦੇ ਤਿਰੰਗੇ ਦੀ ਡੋਰ ਫੜ ਕੇ ਉਹ ਨੱਚਣ ਲੱਗ ਪਿਆ। ਉਸਨੇ ਆਵਾਜ਼ ਲਗਾ ਕੇ ਦਾਦਾ ਜੀ ਨੂੰ ਵੀ ਦੱਸ ਦਿੱਤਾ। ਉਸਨੇ ਤਿਰੰਗੀ ਪਤੰਗ ਦੀ ਡੋਰ ਹੌਲੀ ਹੌਲੀ ਚਰਖੜੀ ਤੇ ਲਪੇਟ ਕੇ ਪਤੰਗ ਨੂੰ ਛੱਤ ਤੇ ਲਾਹ ਲਿਆ। ਉਸਨੇ ਜੇਬ’ ਚੋਂ ਰੁਮਾਲ ਕੱਢ ਕੇ ਛੱਤ ਨੂੰ ਸਾਫ ਕੀਤਾ ਅਤੇ ਉੱਥੇ ਤਿਰੰਗੀ ਪਤੰਗ ਰੱਖ ਕੇ ਉਸਦੇ ਤਿੰਨ ਰੰਗਾਂ ਨੂੰ ਸਹਲਾਇਆ। ਪਤੰਗ ਨੂੰ ਸਹਲਾਉਂਦੇ ਹੋਏ ਉਸਨੂੰ ਅਜੀਬ ਜਿਹੇ ਸੁੱਖ ਦਾ ਅਨੁਭਵ ਹੋ ਰਿਹਾ ਸੀ। ਇੱਕ ਪਲ ਤਾਂ ਉਸਨੂੰ ਲੱਗਿਆ ਜਿਵੇਂ ਉਸਦੇ ਪਿਤਾ ਜੀ ਉਸਨੂੰ ਅਸ਼ੀਰਵਾਦ ਦੇ ਰਹੇ ਹਨ।

ਉਸਦਾ ਮਨ ਇਹ ਤਿਰੰਗੀ ਪਤੰਗ ਉਡਾਉਣ ਦਾ ਨਹੀਂ ਕਰਿਆ… ਕਿਤੇ ਕੋਈ ਉਸਦੀ ਇਸ ਪਤੰਗ ਨੂੰ ਕੱਟ ਲਵੇ…ਸਾਲਾਂ ਬਾਅਦ ਉਸਨੂੰ ਬੇਸ਼ਕੀਮਤੀ ਖ਼ਜ਼ਾਨਾ ਮਿਲਿਆ ਹੈ, ਜਿਸਨੂੰ ਉਹ ਗਵਾਉਣਾ ਨਹੀਂ ਚਾਹੁੰਦਾ ਸੀ। ਅਚਾਨਕ ਉਸਨੂੰ ਇਕ ਖਿਆਲ ਆਇਆ ਅਤੇ ਉਸਨੇ ਟੇਪ ਨਾਲ ਮਕਾਨ ਦੀ ਅਟਾਰੀ ਤੇ ਪਤੰਗ ਨੂੰ ਮਜ਼ਬੂਤੀ ਨਾਲ ਚਿਪਕਾ ਦਿੱਤਾ। ਫੇਰ ਉਸਨੇ ਅਟਾਰੀ ਦੇ ਚਾਰ-ਚੁਫ਼ੇਰੇ ਘੁੰਮ ਕੇ ਤਿਰੰਗੇ ਨੂੰ ਦੇਖਿਆ। ਖੁਸ਼ੀ ਅਤੇ ਜੋਸ਼ ਵਿਚ ਉਹ ਦਾਦਾ, ਦਾਦੀ, ਮਾਂ ਅਤੇ ਦੋਸਤਾਂ ਨੂੰ ਤਿਰੰਗੇ ਬਾਰੇ ਦੱਸਣ ਲਈ ਥੱਲੇ ਆ ਗਿਆ।

ਬਹੁ ਨੇ ਬੈਠਕ ਵਿਚ ਆ ਕੇ ਰੋਜ਼ਾਨਾ ਵਾਂਗ ਆਪਣੇ ਸੱਸ-ਸਹੁਰੇ ਦੇ ਪੈਰੀਂ ਹੱਥ ਲਾਏ ਅਤੇ ਆਪਣੀ ਸੱਸ ਨੂੰ ਪੁੱਛਿਆ, “ਮੰਮੀ ਜੀ ਅੱਜ ਖਾਣੇ ਵਿਚ ਕਿ ਬਣਾਵਾਂ?”

ਸੂਬੇਦਾਰਣੀ ਨੇ ਕਿਹਾ, “ਬੇਟੀ ਅੱਜ ਤਾਂ ਸਾਰੇ ਘਰ ਹੀ ਹਨ, ਇਸ ਕਰਕੇ ਦਾਲ-ਚਾਵਲ ਬਣਾ ਲਈ, ਨਾਲ ਘਿਉ-ਸ਼ੱਕਰ ਵੀ ਦੇ ਦੇਵੀਂ।”

“ਸੂਬੇਦਾਰਣੀ ਇਹ ਕੀ? ਅੱਜ ਵੀ ਦਾਲ-ਚਾਵਲ, ਅੱਜ ਤਾਂ ਐਡਾ ਵੱਡਾ ਤਿਉਹਾਰ ਹੈ, ਅੱਜ ਤਾਂ ਹਲਵਾ ਪੂਰੀ…”- ਸੂਬੇਦਾਰ ਨੇ ਕਿਹਾ।

“ਅੱਜ ਕਿਹੜਾ ਤਿਉਹਾਰ ਹੈ, ਭਗਤੇ ਦੇ ਬਾਪੂ?”

“ਓਏ ਪਾਗਲ! ਇੰਨ੍ਹੇ ਸਾਲ ਹੋ ਗਏ, ਤੈਨੂੰ ਅਜੇ ਵੀ ਪਤਾ ਨਹੀਂ ਲੱਗਿਆ ਕਿ ਅੱਜ 15 ਅਗਸਤ ਦੇ ਦਿਨ ਦੇਸ਼ ਵਾਸੀਆਂ ਲਈ ਸੱਭ ਤੋਂ ਵੱਡਾ ਤਿਓਹਾਰ ਹੁੰਦਾ ਹੈ। ਅੱਜ ਦੇ ਦਿਨ ਹੀ ਤਾਂ ਸਾਡਾ ਦੇਸ਼ ਆਜ਼ਾਦ ਹੋਇਆ ਸੀ।

“ਹੋਲੀ, ਦੀਵਾਲੀ, ਈਦ ਦੇ ਤਿਉਹਾਰ ਤਾਂ ਸੁਣੇ ਸੀ, ਪਰ ਇਹ ਨਹੀਂ। ਇਸ ਤਿਉਹਾਰ ਨੂੰ ਤਾਂ ਕੋਈ ਆਪਦੇ ਘਰੇ ਨਹੀਂ ਮਨਾਉਂਦਾ…।”

“ਭਗਤੇ ਦੀ ਮਾਂ, ਇਹੀ ਤਾਂ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦਾ ਦਿਹਾੜਾ ਅਤੇ ਗਣਤੰਤਰ ਦਿਵਸ ਦੇ ਦੋ ਤਿਉਹਾਰ ਤਾਂ ਸਾਰੇ ਦੇਸ਼ ਦੇ ਸਾਂਝੇ ਤਿਉਹਾਰ ਹਨ, ਪਰ ਲੋਕ ਇਨ੍ਹਾਂ ਨੂੰ ਸਿਰਫ਼ ਸਰਕਾਰੀ ਤਿਉਹਾਰ ਹੀ ਮੰਨਦੇ ਹਨ। ਸਾਨੂੰ ਆਜ਼ਾਦ ਹੋਇਆ ਨੂੰ 71 ਸਾਲ ਹੋ ਗਏ, ਪਰ ਇਹ ਦੋਵੇਂ ਤਿਉਹਾਰ ਸਾਡੇ ਘਰ, ਸਮਾਜ ਅਤੇ ਸੰਸਕਾਰਾਂ ਦਾ ਹਿੱਸਾ ਨਹੀਂ ਬਣ ਸਕੇ।”

“ਦੇਸ਼, ਆਜ਼ਾਦੀ, ਇਮਾਨਦਾਰੀ ਦੀ ਗੱਲ ਤੁਸੀਂ ਫੌਜ਼ੀ ਲੋਕ ਹੀ ਕਰਦੇ ਹੋ… ਤੁਸੀਂ ਹੀ ਜ਼ਿੱਦ ਕਰਕੇ ਮੇਰੇ ਇਕਲੌਤੇ ਪੁੱਤ ਦਾ ਨਾਂ ਭਗਤ ਸਿੰਘ ਰੱਖਿਆ, ਫਿਰ ਉਸਨੂੰ ਫੌਜ਼ ਵਿੱਚ ਭੇਜਿਆ। ਕੀ ਮਿਲਿਆ …? ਨੂੰਹ ਵੱਲ ਦੇਖਦੀ ਹਾਂ ਤਾਂ ਕਾਲਜ਼ਾ ਮੂੰਹ ਨੂੰ ਆਉਂਦਾ ਹੈ…ਅਜੇ ਉਮਰ ਹੀ ਕੀ ਹੈ ਇਸਦੀ, ਪਤਾ ਨਹੀਂ ਕਿਵੇਂ ਕੱਟੇਗੀ ਆਪਣਾ ਰੰਡੇਪਾ…।”- ਸੂਬੇਦਾਰਣੀ ਦੀਆਂ ਅੱਖਾਂ ਵਿਚ ਹੰਝੂ ਭਰ ਆਏ ਸੀ।

“ਕਿਊਂ ਝੱਲੀ ਹੋਈ ਹੈਂ। ਆਜ਼ਾਦੀ ਦੇ ਦਿਨ ਵੀ ਕੋਈ ਅਜਿਹੀ ਗੱਲ ਕਰਦਾ ਹੈ। ਭਗਤੇ ਜਿਹਾ ਪੁੱਤ ਕਿਤੇ ਸਭ ਨੂੰ ਮਿਲਦਾ ਹੈ। ਉਸਤੇ ਮੈਨੂੰ ਬੜਾ ਮਾਣ ਹੈ। ਉਹ ਪੰਜ ਦੁਸ਼ਮਣ ਫੌਜੀਆਂ ਨੂੰ ਮਾਰ ਕੇ ਮਰਿਆ ਹੈ। ਨਾਲੇ ਦੇਖ ਹੁਣ ਤਾਂ ਆਪਣਾ ਕ੍ਰਿਸ਼ਨ ਵੀ ਸੁੱਖ ਨਾਲ ਗੱਬਰੂ ਹੁੰਦਾ ਜਾਂਦਾ ਹੈ। ਇਸ ਨੂੰ ਦੇਖ ਕੇ ਤੈਨੂੰ ਭਗਤੇ ਦੇ ਸ਼ਹੀਦ ਹੋਣ ਦਾ ਸਾਰਾ ਦੁੱਖ ਭੁੱਲ ਜਾਵੇਗਾ..।”

ਇੰਨੇ ਨੂੰ ਕ੍ਰਿਸ਼ਨ ਆਪਣੇ ਦੋਸਤਾਂ ਨਾਲ ਖੇਡ ਕੇ ਘਰ ਪਰਤ ਆਉਂਦਾ ਹੈ। ਉਹ ਆ ਕੇ ਕਹਿੰਦਾ ਹੈ, “ਦੇਖੋ ਦਾਦਾ ਜੀ, ਉੱਤੇ ਦੇਖੋ, ਮੇਰੀ ਤਿਰੰਗੀ ਪਤੰਗ..।”

ਦਾਦਾ ਜੀ, ਦਾਦੀ ਜੀ ਅਤੇ ਮਾਂ ਅਟਾਰੀ ਉੱਤੇ ਚਿਪਕੇ ਤਿਰੰਗੀ ਪਤੰਗ ਨੂੰ ਦੇਖਦੇ ਹਨ। ਦਾਦਾ ਜੀ ਨੇ ਹੈਰਾਨੀ ਨਾਲ ਪੁੱਛਿਆ, “ਮੈਂ ਤਾਂ ਇਹ ਤਿਰੰਗੀ ਪਤੰਗ ਲਿਆਇਆ ਹੀ ਨਹੀਂ ਸੀ, ਫੇਰ ਤੇਰੇ ਕੋਲ ਇਹ ਕਿਥੋਂ ਆ ਗਈ..।”

“ਦਾਦਾ ਜੀ ਇਹ ਕਿਸੇ ਦੀ ਪਤੰਗ ਸੀ ਜੋ ਕੱਟ ਕੇ ਥੱਲੇ ਡਿੱਗ ਰਹੀ ਸੀ। ਮੈਂ ਇਸਨੂੰ ਫੜ ਲਿਆ ਅਤੇ ਦੀਵਾਰ ਤੇ ਚਿਪਕਾ ਦਿਤਾ। ਹੁਣ ਸਾਡਾ ਘਰ ਤਿਰੰਗਾ ਹਾਊਸ ਬਣ ਗਿਆ। ਦੱਸੋ ਨਾ ਦਾਦਾ ਜੀ, ਕਿਹੋ ਜਿਹਾ ਲੱਗ ਰਿਹਾ ਹੈ ਸਾਡਾ ਇਹ ਤਿਰੰਗਾ ਹਾਊਸ।”

“ਬਹੁਤ ਸੋਹਣਾ ਹੈ ਪੁੱਤ”- ਦਾਦਾ ਜੀ ਨੇ ਉਸਨੂੰ ਥਾਪੀ ਦਿੰਦਿਆਂ ਕਿਹਾ।

“ਦਾਦੀ ਜੀ ਤੁਹਾਨੂੰ ਕਿਹੋ ਜਿਹਾ ਲੱਗਿਆ?”- ਕ੍ਰਿਸ਼ਨ ਨੇ ਹੁਣ ਦਾਦੀ ਵੱਲ ਦੇਖਦੇ ਹੋਏ ਪੁੱਛਿਆ।

“ਕੀ ਦੱਸਾਂ ਪੁੱਤ, ਤੇਰੇ ਪਿਤਾ ਜੀ ਵੀ ਤਿਰੰਗੇ ਦੀ ਹੀ ਰੱਟ ਲਾਈ ਰੱਖਦੇ ਸੀ। ਤੂੰ ਵੀ ਉਹੀ ਰਾਹ ਫੜ ਲਈ ਹੈ।”- ਦਾਦੀ ਦੀ ਆਵਾਜ਼ ਦਰਦ ਨਾਲ ਭਰ ਗਈ, ਉਹ ਕਹਿਣ ਲੱਗੀ, “ਭਗਤਾ ਜਦੋਂ ਤੇਰੀ ਉਮਰ ਦਾ ਸੀ ਤਾਂ ਉਦੋਂ ਤੇਰੇ ਦਾਦਾ ਜੀ ਨੂੰ ਆਜ਼ਾਦੀ ਵਾਲੇ ਦਿਨ ਕਿਸੇ ਨੇ ਤਿਰੰਗਾ ਝੰਡਾ ਭੇਂਟ ਕੀਤਾ ਸੀ। ਘਰੇ ਆਉਂਦੇ ਹੀ ਭਗਤੇ ਨੇ ਉਹ ਝੰਡਾ ਤੇਰੇ ਦਾਦਾ ਜੀ ਤੋਂ ਲੈ ਲਿਆ ਅਤੇ ਸਾਰਾ ਦਿਨ ਪਿੰਡ ਵਿੱਚ ਝੰਡਾ ਲੈ ਕੇ ਘੁੰਮਦਾ ਰਿਹਾ ਅਤੇ ਨਾਲ ਹੀ ਗਾਉਂਦਾ ਰਿਹਾ ‘ਵਿਸ਼ਵ ਵਿਜਯੀ ਤਿਰੰਗਾ ਪਿਆਰਾ, ਝੰਡਾ ਉੱਚਾ ਰਹੇ ਹਮਾਰਾ’ ।

“ਸੂਬੇਦਾਰਣੀ ਤੈਨੂੰ ਉਹ ਦਿਨ ਯਾਦ ਹੈ ਜਦੋਂ 15 ਅਗਸਤ ਨੂੰ ਆਪਣਾ ਭਗਤਾ ਬੱਚਿਆਂ ਨੂੰ ਪਰੇਡ ਕਰਵਾ ਰਿਹਾ ਸੀ, ਸਿੱਖਿਆ ਮੰਤਰੀ ਵੀ ਆਏ ਹੋਏ ਸਨ ਉਸ ਪ੍ਰੋਗਰਾਮ ਵਿਚ, ਸਿੱਖਿਆ ਮੰਤਰੀ ਨੇ ਜਦੋਂ ਝੰਡਾ ਲਹਿਰਾਉਣ ਲੱਗੇ ਤਾਂ ਪੋਲ ਤੋਂ ਝੰਡੇ ਦੀ ਗੰਢ ਖੁੱਲ੍ਹ ਜਾਣ ਕਰਕੇ ਇਹ ਥੱਲੇ ਡਿਗ ਰਿਹਾ ਸੀ, ਉਸੇ ਵੇਲੇ ਆਪਣੇ ਭਗਤੇ ਨੇ ਸਟੇਜ ਤੋੰ ਛਾਲ ਮਾਰ ਕੇ ਝੰਡੇ ਨੂੰ ਜੁੱਪ ਲਿਆ ਸੀ, ਉਸਨੇ ਝੰਡੇ ਨੂੰ ਜ਼ਮੀਨ ਤੇ ਨਹੀਂ ਡਿੱਗਣ ਦਿੱਤਾ ਸੀ। ਬੱਚਿਆਂ ਨੇ ਖੜੇ ਹੋ ਕੇ ਉਸ ਲਈ ਤਾਲੀਆਂ ਬਜਾਈਆਂ ਸੀ। ਸਿੱਖਿਆ ਮੰਤਰੀ ਨੇ ਖੁਦ ਨੂੰ ਮਿਲਿਆ ਮੋਮੈਂਟੋ ਭਗਤ ਸਿੰਘ ਨੂੰ ਦੇ ਦਿੱਤਾ ਸੀ।”- ਦਾਦਾ ਜੀ ਨੇ ਦਾਦੀ ਜੀ ਨੂੰ ਪੁੱਛਿਆ।

“ਯਾਦ ਕਿਉਂ ਨਹੀਂ, ਉਸਦੀ ਉਹ ਨਿਸ਼ਾਨੀ ਤਾਂ ਮੈਂ ਆਪਣੇ ਪੂਜਾ ਘਰ ਵਿਚ ਸੰਭਾਲ ਕੇ ਰੱਖੀ ਹੋਈ ਹੈ। ਬਹੂ ਉਸਨੂੰ ਰੋਜ਼ ਸਾਫ਼ ਕਰਕੇ ਚਮਕਾ ਦਿੰਦੀ ਹੈ।”- ਉਦਾਸ ਬੈਠੀ ਦਾਦੀ ਨੇ ਜੋਸ਼ ਨਾਲ ਕਿਹਾ।

“ਮਾਂ! ਤੁਸੀਂ ਦੱਸੋ ਨਾ ਕਿਹੋ ਜਿਹਾ ਲੱਗਿਆ ਤੁਹਾਨੂੰ ਮੇਰਾ ਤਿਰੰਗਾ ਹਾਊਸ ?”

“ਬਹੁਤ ਹੀ ਸੋਹਣਾ।”- ਮਾਂ ਨੇ ਕ੍ਰਿਸ਼ਨ ਨੂੰ ਅਸੀਸ ਦਿੰਦੇ ਹੋਏ ਉਸਦੇ ਮੱਥੇ ਨੂੰ ਚੁੰਮ ਲਿਆ। ਉਸਦਾ ਚਿਹਰਾ ਫ਼ਖ਼ਰ ਨਾਲ ਚਮਕ ਉੱਠਿਆ।

“ਮਾਂ ਜੀ ਮੈਂ ਹੁਣੇ ਜਾ ਕੇ ਸਾਰਿਆਂ ਲਈ ਖੀਰ-ਪੂਰੀ ਅਤੇ ਹਲਵਾ ਬਣਾਉਂਦੀ ਹਾਂ। ਅਸੀਂ ਅੱਜ ਸਾਰੇ ਮਿਲ ਕੇ ਆਜ਼ਾਦੀ ਦਾ ਤਿਉਹਾਰ ਮਨਾਵਾਂਗੇ।”

“ਠੀਕ ਹੈ ਧੀਏ, ਜਿਵੇਂ ਸਾਰੀਆਂ ਨੂੰ ਖੁਸ਼ੀ ਮਿਲੇ, ਉਵੇਂ ਹੀ ਕਰ। ਤੁਹਾਡੀ ਖੁਸ਼ੀ ਹੀ ਮੇਰੀ ਖੁਸ਼ੀ ਹੈ।”

ਸੂਬੇਦਾਰਣੀ ਦੇ ਚਿਹਰੇ ਤੋਂ ਉਦਾਸੀ ਹੁਣ ਕੋਹਾਂ ਦੂਰ ਨੱਸ ਗਈ ਸੀ।

ਡਾਕਟਰ ਮਧੁਕਾਂਤ

211—L ਡਬਲ ਪਾਰਕ, ਮਾਡਲ ਟਾਊਨ,

ਰੋਹਤਕ -124001(ਹਰਿਆਣਾ)

989 666 7714

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਮਮਤਾ ਦਿਵਸ’ ਮੌਕੇ ਛੋਕਰਾਂ ‘ਚ ਜਾਗਰੂਕਤਾ ਕੈਂਪ ਆਯੋਜਿਤ
Next articleਗੀਤ