HOME ਤਿੰਨ ਸਕੀਆਂ ਭੈਣਾਂ ਵੱਲੋਂ ਨੈੱਟ ਦੀ ਪ੍ਰੀਖਿਆ ਪਾਸ ਕਰਨ ਤੇ ਐਸ.ਸੀ.ਬੀ ਸੀ....

ਤਿੰਨ ਸਕੀਆਂ ਭੈਣਾਂ ਵੱਲੋਂ ਨੈੱਟ ਦੀ ਪ੍ਰੀਖਿਆ ਪਾਸ ਕਰਨ ਤੇ ਐਸ.ਸੀ.ਬੀ ਸੀ. ਅਧਿਆਪਕ ਯੂਨੀਅਨ ਵੱਲੋਂ ਕੀਤਾ ਗਿਆ ਸਨਮਾਨਿਤ

  (ਸਮਾਜ ਵੀਕਲੀ)   ਜ਼ਿਲਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੀਆਂ ਵਸਨੀਕ ਬਿੱਕਰ ਸਿੰਘ ਖ਼ਾਲਸਾ ਦੀਆਂ ਤਿੰਨ ਲੜਕੀਆਂ ਰਿੰਪੀ ਕੌਰ, ਬੇਅੰਤ ਕੌਰ ਅਤੇ ਹਰਦੀਪ ਕੌਰ ਨੇ ਜੋ ਜੋ ਜੂ. ਜੀ. ਸੀ.  ਦੀ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਤਿੰਨ ਲੜਕੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਐਸਸੀ.ਬੀਸੀ. ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਸ਼੍ਰੀ ਵਿਜੇ ਕੁਮਾਰ, ਸਰਪ੍ਰਸਤ ਸ੍ਰੀ ਬਲਜੀਤ ਸਿੰਘ ਅਤੇ ਮੇਜਰ ਸਿੰਘ ਸਾਬਕਾ ਪੰਚ ਦੀ ਅਗਵਾਈ ਵਿੱਚ 10 ਹਜਾਰ ਰੁਪਏ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲਾ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਇਸ ਤਰ੍ਹਾਂ ਦੇ ਨੇਕ ਕਾਰਜ ਪਹਿਲਾਂ ਵੀ ਕੀਤੇ ਜਾ ਗਏ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਇਹਨਾਂ ਲੜਕੀਆਂ ਨੂੰ ਕਿਸੇ ਪ੍ਰਕਾਰ ਦੀ ਆਰਥਿਕ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ। ਜਿਕਰ ਯੋਗ ਹੈ ਕਿ ਇਹਨਾਂ ਲੜਕੀਆਂ ਨੇ ਇੱਕ ਬਲਬ ਦੀ ਰੌਸ਼ਨੀ ਵਿੱਚ ਅਤੇ ਤਕਰੀਬਨ ਤਿੰਨ ਫੁੱਟ ਨੀਵੇਂ ਕਮਰੇ ਵਿੱਚ ਰਹਿਕੇ ਸਾਰੀ ਪੜ੍ਹਾਈ ਬਿਨਾਂ ਕਿਸੇ ਟਿਊਸ਼ਨ ਦੇ ਪੂਰੀ ਕੀਤੀ ਹੈ। ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਗਰੰਥੀ ਦੇ ਕਿੱਤੇ ਨੂੰ ਪੂਰੀ ਇਮਾਨਦਾਰੀ ਨਾਲ ਕਰਦਾ ਹਾਂ, ਇਸੇ ਲਈ ਪਰਮਾਤਮਾ ਨੇ ਮਿਹਨਤੀ ਔਲਾਦ ਬਖਸ਼ੀ ਹੈ ਅਤੇ ਮੈਂ ਆਪਣੀਆਂ ਲੜਕੀਆਂ ਨੂੰ ਕਦੇ ਮੁੰਡਿਆਂ ਤੋਂ ਘੱਟ ਨਹੀਂ ਸਮਝਿਆ ਇਸ ਮੌਕੇ ਜਗਰਾਜ ਸਿੰਘ ਸੀ.ਐਚ.ਟੀ., ਮਾਸਟਰ ਜਨਕ ਸਿੰਘ ,ਰਜਿੰਦਰ ਕੁਮਾਰ, ਮਾਸਟਰ ਰਾਜਪਾਲ ਸਿੰਘ, ਮਹਿੰਦਰ ਸਿੰਘ ਗੁਰਨੇ ਖੁਰਦ, ਮੱਖਣ ਸਿੰਘ ਐਚ.ਟੀ. ,ਅੰਮ੍ਰਿਤਪਾਲ ਸਿੰਘ ਗੁਰਨੇ,ਕੇਵਲ ਸਿੰਘ, ਬਲਵਿੰਦਰ ਸਿੰਘ ,ਚਮਕੌਰ ਸਿੰਘ,ਗੁਰਪ੍ਰੀਤ ਸਿੰਘ,ਕੁਲਵਿੰਦਰ ਸਿੰਘਐਸ ,ਸਿੰਕੰਦਰ ਸਿੰਘ,ਅਤੇ ਹੋਰ ਅਧਿਆਪਕ ਸਾਥੀ ਹਾਜ਼ਰ ਸਨ।
**********

‘ਪੜ੍ਹੀਆਂ ਮਾਂ ਨਾਲ ਕਰ ਦਿਹਾੜੀਆਂ’

ਗਰੀਬ ਪਾਠੀ ਬਿੱਕਰ ਸਿੰਘ ਖਾਲਸੇ ਦੀਆਂ,
ਬੁਢਲਾਡੇ ਤਿੰਨ ਧੀਆਂ ਨੇ ਮੱਲਾਂ ਮਾਰੀਆਂ ਜੀ।
‘ਯੂਜੀਸੀ ਨੈੱਟ’ ਦੀ ਪ੍ਰਿਖਿਆ ਪਾਸ ਕਰਕੇ,
ਬਿਨਾਂ ਟਿਉਸ਼ਨ ਭਰੀਆਂ ਉਡਾਰੀਆਂ ਜੀ।
ਕਾਫ਼ੀ ਨੀਵਾਂ ਸੀ ਕਮਰਾ ਪੜ੍ਹਨ ਵਾਲਾ,
ਜਿਥੇ ਕਰਦੀਆਂ ਬੈਠ ਤਿਆਰੀਆਂ ਜੀ।
ਗਰੀਬੀ ਨੂੰ ਰੁਕਾਵਟ ਨਾ ਬਨਣ ਦਿੱਤਾ,
ਪੜ੍ਹੀਆਂ ਮਾਂ ਨਾਲ ਕਰ ਦਿਹਾੜੀਆਂ ਜੀ।
ਰਿੰਪੀ,ਬੇਅੰਤ,ਹਰਦੀਪ ਦੀ ਹੋ ਰਹੀ ਚਰਚਾ,
ਕਰ ਰਹੇ ਨੇ ਸਾਰੇ ਸਨਮਾਨ ਲੋਕੋ!
‘ਮੇਜਰ’ ਅੱਜ ਖ਼ੁਸ਼ੀਆਂ ਵਿੱਚ ਪਰਿਵਾਰ ਸਾਰਾ,
ਧੀਆਂ ਨੂੰ ਮਿਲ ਰਿਹਾ ਹੈ ਵੱਡਾ ਮਾਣ ਲੋਕੋ!
*****
ਜੇ ਬੰਦੇ ਰਹਿਣ ਬੰਦੇ ਦੇ ਪੁੱਤ ਬਣਕੇ,
ਕਾਇਮ ਰੱਖਣ ਦੂਜਿਆਂ ਦੀ ‘ਪੱਤ’ ਲੋਕੋ!
ਪੁੱਤਾਂ ਵਾਂਗ ਧੀਆਂ ਨੂੰ ਲੈਣ ਸੁੱਖਕੇ ,
ਲੋਕ ਰੱਖਣ ਇਹਨਾਂ ਲਈ ‘ਵਰਤ’ ਲੋਕੋ!
‘ਧੀਆਂ’ ਵੱਡੀਆਂ ਮੱਲਾਂ ਮਾਰ ਰਹੀਆਂ,
ਨਹੀਂ ਮੁੰਡਿਆਂ ਤੋਂ ਇਹ ਘੱਟ ਲੋਕੋ!
ਹੋਵੇ ਸਵਾਗਤ ਜੱਗ ਤੇ ਆਉਣ ਉੱਤੇ,
ਵੇਖ ਕੋਈ ਨਾ ਪਾਵੇ ਮੱਥੇ ਵਟ ਲੋਕੋ!

ਮੇਜਰ ਸਿੰਘ ਬੁਢਲਾਡਾ
94176 42327

Previous articleਅੱਪਰਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Next articleਸਾਉਣ ਦਾ ਮਹੀਨਾ ਆ ਗਿਆ