ਏਹੁ ਹਮਾਰਾ ਜੀਵਣਾ ਹੈ -205

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸੁਰਜੀਤ ਤੇ ਮਨਜੀਤ ਦੋਵੇਂ ਇੱਕ ਮਾਂ ਦੀ ਕੁੱਖੋਂ ਜਾਏ ਸਕੇ ਭਰਾ ਜ਼ਰੂਰ ਸਨ ਪਰ ਸੁਭਾਅ ਅਤੇ ਕਿਸਮਤ ਪੱਖੋਂ ਦੋਹਾਂ ਦਾ ਜ਼ਮੀਨ ਤੇ ਅਸਮਾਨ ਜਿੰਨਾਂ ਫ਼ਰਕ ਸੀ । ਸੁਰਜੀਤ ਸੁਭਾਅ ਦਾ ਜਿੰਨਾਂ ਨਰਮ ਸੀ ਓਨੀ ਹੀ ਉਸ ਦੀ ਕਿਸਮਤ ਵੀ ਢਿੱਲੀ ਸੀ। ਉਹ ਜਿਹੜੇ ਕੰਮ ਵਿੱਚ ਹੱਥ ਪਾਉਂਦਾ ਸੀ, ਉਸ ਵਿੱਚ ਹੀ ਉਸ ਨੂੰ ਨਾਮੋਸ਼ੀ ਝੱਲਣੀ ਪੈਂਦੀ। ਉਂਝ ਤਾਂ ਬੀ.ਏ. ਕੀਤੀ ਹੋਈ ਸੀ, ਕਦੇ ਪ੍ਰਾਈਵੇਟ ਨੌਕਰੀ ਕਰਦਾ ਤਾਂ ਕਦੇ ਨੌਕਰੀ ਤੋਂ ਮਾਲਕਾਂ ਵੱਲੋਂ ਜਵਾਬ ਮਿਲ ਜਾਂਦਾ ਤੇ ਕਦੇ ਆਪ ਜਵਾਬ ਦੇ ਦਿੰਦਾ। ਕਈ ਵਾਰ ਆਪਣਾ ਕੰਮ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਨਾ ਕੋਈ ਅੜਿੱਕਾ ਪੈ ਕੇ ਨਾਕਾਮ ਰਹਿ ਜਾਂਦਾ।

ਇਸ ਤਰ੍ਹਾਂ ਹੀ ਉਹ ਜ਼ਿੰਦਗੀ ਦੇ ਉਸ ਪੜਾਅ ਉੱਤੇ ਪਹੁੰਚ ਗਿਆ ਸੀ ਜਦੋਂ ਕਬੀਲਦਾਰੀ ਮੋਢੇ ਮੋਢੇ ਆ ਜਾਂਦੀ ਹੈ। ਕੋਠੇ ਜਿੱਡੀਆਂ ਸੋਲਾਂ ਤੇ ਅਠਾਰਾਂ ਵਰ੍ਹਿਆਂ ਦੀਆਂ ਦੋ ਧੀਆਂ ਦੀ ਚਿੰਤਾ ਵੀ ਵਧ ਰਹੀ ਸੀ । ਚਾਹੇ ਉਹ ਹਜੇ ਪੜ੍ਹਦੀਆਂ ਹੀ ਸਨ , ਉਹਨਾਂ ਦੀ ਪੜ੍ਹਾਈ ਦੇ ਖ਼ਰਚ ਦੇ ਨਾਲ ਨਾਲ ਉਹਨਾਂ ਦੇ ਵਿਆਹ ਦੀ ਚਿੰਤਾ ਵੀ ਸਤਾ ਰਹੀ ਸੀ। ਕੁੜੀਆਂ ਤੋਂ ਛੋਟਾ ਮੁੰਡਾ ਹਜੇ ਦਸਵੀਂ ਜਮਾਤ ਵਿੱਚ ਈ ਪੜ੍ਹਦਾ ਸੀ। ਸੁਰਜੀਤ ਦਾ ਸਥਾਈ ਕਾਰੋਬਾਰ ਨਾ ਹੋਣ ਕਰਕੇ ਵੀ ਘਰ ਦੀ ਰੋਟੀ ਪਾਣੀ ਅਤੇ ਜਵਾਕਾਂ ਦੀ ਪੜ੍ਹਾਈ ਦਾ ਖਰਚਾ ਪਿੰਡ ਦੀ ਜ਼ਮੀਨ ਦੇ ਠੇਕੇ ਨਾਲ਼ ਤੁਰੀ ਜਾਂਦਾ ਸੀ।

ਓਧਰ ਸੁਰਜੀਤ ਤੋਂ ਦੋ ਸਾਲ ਛੋਟਾ ਭਰਾ ਮਨਜੀਤ ਚਾਹੇ ਦਸ ਜਮਾਤਾਂ ਹੀ ਪਾਸ ਸੀ ਪਰ ਹੈ ਉਹ ਬਹੁਤ ਚੁਸਤ ਚਲਾਕ ਸੀ। ਉਹ ਜਦ ਦਸਵੀਂ ਕਰਕੇ ਹਟਿਆ ਸੀ ਤਾਂ ਪਿੰਡ ਦੇ ਨੇੜੇ ਪੈਂਦੇ ਇੱਕ ਕਸਬੇ ਵਿੱਚ ਹੀ ਟਰੈਕਟਰਾਂ ਦੀ ਵਰਕਸ਼ਾਪ ਤੇ ਕੰਮ ਸਿੱਖਣ ਲੱਗ ਪਿਆ ਸੀ । ਉੱਥੇ ਹੀ ਉਹ ਨੌਕਰੀ ਕਰਨ ਲੱਗ ਪਿਆ ਸੀ। ਉਸ ਦੇ ਮਾਲਕਾਂ ਨੇ ਉਸ ਨੂੰ ਕਦੇ ਕਦਾਈਂ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੈ ਜਾਣਾ ਜਾਂ ਹੋਰ ਕੰਮ ਕਾਰ ਕਰਨ ਨੂੰ ਆਖ ਦੇਣਾ ਤਾਂ ਉਹਨਾਂ ਦੀ ਇਕਲੌਤੀ ਕੁੜੀ ਨਾਲ਼ ਪਿਆਰ ਹੋ ਗਿਆ। ਇਕਲੌਤੀ ਕੁੜੀ ਦੀ ਜ਼ਿੱਦ ਅੱਗੇ ਮਾਪਿਆਂ ਨੂੰ ਝੁਕਣਾ ਪਿਆ। ਵੈਸੇ ਵੀ ਇੱਕ ਤਾਂ ਮਨਜੀਤ ਬਹੁਤ ਸੁਨੱਖਾ ਤੇ ਮਿਹਨਤੀ ਹੋਣ ਕਰਕੇ ਤੇ ਦੂਜਾ ਕੁੜੀ ਦੇ ਮਾਪਿਆਂ ਨੂੰ ਪਤਾ ਸੀ ਕਿ ਘਰ ਜਵਾਈ ਹੀ ਰੱਖਣਾ ਸੀ ,ਇਸ ਲਈ ਉਹ ਛੇਤੀ ਹੀ ਮੰਨ ਗਏ ਸਨ।

ਵਿਆਹ ਤੋਂ ਬਾਅਦ ਉਹ ਘਰ ਜਵਾਈ ਬਣ ਕੇ ਸ਼ਹਿਰ ਰਹਿਣ ਲੱਗਾ ਤੇ ਉਸ ਦੇ ਘਰ ਦੋ ਜੁੜਵਾਂ ਪੁੱਤਰ ਹੋ ਗਏ ਸਨ। ਵਰਕਸ਼ਾਪ ਦਾ ਮਾਲਕ ਬਣ ਕੇ ਅੱਗੋਂ ਕਈ ਕੰਮ ਕਰਨ ਵਾਲੇ ਲਾ ਕੇ ਉਸ ਨੇ ਕੰਮ ਬਹੁਤ ਵਧਾ ਲਿਆ ਸੀ। ਸ਼ਹਿਰ ਵਿੱਚ ਤਿੰਨ ਚਾਰ ਹੋਰ ਵਰਕਸ਼ਾਪਾਂ ਖੋਲ੍ਹ ਕੇ ਸ਼ਹਿਰ ਦੇ ਧਨਵਾਨ ਲੋਕਾਂ ਵਿੱਚ ਗਿਣਿਆ ਜਾਣ ਲੱਗਿਆ। ਹੁਣ ਤਾਂ ਉਸ ਦੇ ਪੁੱਤਰ ਵੀ ਸੋਲਾਂ ਸਾਲ ਦੇ ਹੋ ਗਏ ਸਨ। ਉਹਨਾਂ ਨੂੰ ਪੜ੍ਹਨ ਲਈ ਵਿਦੇਸ਼ ਭੇਜ ਦਿੱਤਾ ਸੀ। ਜਦੋਂ ਤੋਂ ਉਸ ਨੇ ਵਿਆਹ ਕਰਵਾ ਕੇ ਸ਼ਹਿਰ ਵੱਲ ਨੂੰ ਮੂੰਹ ਕੀਤਾ ਸੀ, ਪਿੰਡ ਤਾਂ ਕਦੇ ਹੀ ਚੱਕਰ ਮਾਰਦਾ ਸੀ।

ਇੱਕ ਦਿਨ ਸੁਰਜੀਤ ਦਾ ਕੰਮ ਤੇ ਜਾਂਦੇ ਜਾਂਦੇ ਦੇ ਸਕੂਟਰ ਦਾ ਕਿਸੇ ਗੱਡੀ ਨਾਲ ਐਕਸੀਡੈਂਟ ਹੋ ਗਿਆ,ਉਸ ਦੀ ਇੱਕ ਲੱਤ ਬਿਲਕੁਲ ਨਕਾਰਾ ਹੋ ਗਈ,ਉਹ ਅਪਾਹਜ ਬਣ ਕੇ ਘਰ ਬਹਿ ਗਿਆ। ਕੋਠੇ ਜਿੱਡੀ ਕਬੀਲਦਾਰੀ, ਜ਼ਮੀਨ ਦੇ ਥੋੜ੍ਹੇ ਜਿਹੇ ਠੇਕੇ ਨਾਲ਼ ਉਸ ਦੀ ਘਰਵਾਲ਼ੀ ਆਪਣੀ ਸਿਆਣਪ ਨਾਲ ਕਿਵੇਂ ਘਰ ਚਲਾ ਰਹੀ ਸੀ,ਇਹ ਤਾਂ ਉਹ ਤੇ ਉਸ ਦਾ ਰੱਬ ਹੀ ਜਾਣਦਾ ਸੀ। ਵੱਡੀ ਕੁੜੀ ਨੇ ਗ੍ਰੈਜੂਏਸ਼ਨ ਕਰ ਲਈ ਸੀ,ਛੋਟੀ ਕੁੜੀ ਦਾ ਵੀ ਬੀ ਏ ਦਾ ਆਖ਼ਰੀ ਸਾਲ ਸੀ ਕਿ ਉਹਨਾਂ ਦੀ ਗੁਆਂਢਣ ਆਪਣੇ ਭਤੀਜੇ ਲਈ ਵੱਡੀ ਕੁੜੀ ਦਾ ਰਿਸ਼ਤਾ ਮੰਗਣ ਆਈ। ਸੁਰਜੀਤ ਨੇ ਸੋਚਿਆ ਭਰਾ ਨਾਲ ਗੱਲ ਕਰਕੇ ਨਾਲ਼ੇ ਤਾਂ ਦੱਸ ਦਿੰਦਾ ਹਾਂ ਤੇ ਨਾਲ਼ ਹੀ ਥੋੜ੍ਹੀ ਬਹੁਤੀ ਮਦਦ ਵੀ ਮੰਗ ਲਵਾਂਗਾ। ਉਸ ਨੇ ਮਨਜੀਤ ਨੂੰ ਫ਼ੋਨ ਲਾਇਆ ਤੇ ਸਾਰੀ ਗੱਲ ਦੱਸੀ ।

ਮਨਜੀਤ ਨੇ ਤਾਂ ਸ਼ੁਰੂ ਤੋਂ ਹੀ ਕਦੇ ਆਪਣੇ ਭਰਾ ਦੀ ਮਜ਼ਬੂਰੀ ਨੂੰ ਨਹੀਂ ਸੀ ਸਮਝਿਆ ਹੁਣ ਉਸ ਨੇ ਕੀ ਸਮਝਣਾ ਸੀ।ਜੇ ਚਾਹੁੰਦਾ ਤਾਂ ਉਹ ਆਪਣੀ ਕਿਸੇ ਇੱਕ ਵਰਕਸ਼ਾਪ ਦਾ ਮੈਨੇਜਰ ਬਣਾ ਕੇ ਭਾਵੇਂ ਭਰਾ ਨੂੰ ਕੁਰਸੀ ਤੇ ਬੈਠਾ ਦਿੰਦਾ। ਲੋਕਾਂ ਨੂੰ ਵੀ ਤਾਂ ਨੌਕਰੀ ਤੇ ਰੱਖ ਕੇ ਮੋਟੀਆਂ ਤਨਖਾਹਾਂ ਦਿੰਦਾ ਹੀ ਸੀ। ਪਰ ਉਸ ਨੂੰ ਤਾਂ ਆਪਣੀ ਚੰਗੀ ਕਿਸਮਤ ਅਤੇ ਅਮੀਰੀ ਦਾ ਬਹੁਤ ਘੁਮੰਡ ਸੀ। ਉਸ ਨੇ ਸੁਰਜੀਤ ਨੂੰ ਸਾਫ਼ ਸਾਫ਼ ਕਹਿ ਦਿੱਤਾ,” ਬਾਈ , ਮੈਂ ਤੇਰੀ ਮਜ਼ਬੂਰੀ ਨੂੰ ਤਾਂ ਸਮਝਦਾਂ….ਪਰ…. ਤੈਨੂੰ ਪਤਾ… ਜਿੰਨੇ ਵੱਡੇ ਮੂੰਹ ਓਨੀਆਂ ਵੱਡੀਆਂ ਮੁਲਾਹਜ਼ੇਦਾਰੀਆਂ …. ਮੈਂ ਹਜੇ ਹੁਣੇ ਗਰੀਬ ਕੁੜੀਆਂ ਦੇ ਵਿਆਹ ਦੀ ਮਦਦ ਲਈ ਇੱਕ ਸੰਸਥਾ ਦੇ ਨਾਂ ਦੋ ਲੱਖ ਦਾ ਚੈੱਕ ਕੱਟ ਕੇ ਦਿੱਤਾ…. ਓਹ ਸੰਸਥਾ ….ਮੇਰੀ ਸਲਾਹ ਬਿਨਾਂ ਕੋਈ ਕੰਮ ਨੀ ਕਰਦੀ ….. ਦਸ ਦਿਨਾਂ ਤੱਕ ਸਾਡੇ ਸ਼ਹਿਰ ਵਿੱਚ ਬਹੁਤ ਵੱਡੀ ਸ਼ੋਭਾ ਯਾਤਰਾ ਨਿਕਲਣੀ ਆ…. ਪ੍ਰਧਾਨ ਹੋਣ ਦੇ ਨਾਤੇ ਲੰਗਰ ਦਾ ਪ੍ਰਬੰਧ ਮੇਰੇ ਵੱਲੋਂ ਕੀਤਾ ਜਾਣਾ….. ਦੋ ਤਿੰਨ ਲੱਖ ਦਾ ਖਰਚਾ ਉਹ ਹੋ ਜਾਣਾ…… ਬੱਸ ਇਹੋ ਜਿਹੇ ਹੋਰ ਨਿੱਕੇ ਮੋਟੇ ਖ਼ਰਚੇ ਹੋਈ ਜਾਂਦੇ ਆ ….. ਨਹੀਂ ਤਾਂ ਮੈਂ ਤੇਰੀ ਮਦਦ ਜ਼ਰੂਰ ਕਰਦਾ……।”

ਸੁਰਜੀਤ ਦੀ ਵੱਡੀ ਕੁੜੀ ਆਪਣੇ ਚਾਚੇ ਦੇ ਮੂੰਹੋਂ ਕੋਰਾ ਕਰਾਰਾ ਜਵਾਬ ਸੁਣ ਆਪਣੇ ਪਿਓ ਨੂੰ ਆਖਣ ਲੱਗੀ,” ਪਾਪਾ… ਮੈਂ ਨਹੀਂ ਹਜੇ ਵਿਆਹ ਕਰਵਾਉਣਾ… ਮੈਂ ਕਮਾਉਣ ਜੋਗੀ ਹੋ ਗਈ ਹਾਂ… ਤੇ ਹਜੇ ਮੈਂ ਕੁਝ ਬਣਨ ਲਈ ਹੋਰ ਵੀ ਪੜ੍ਹਨਾ ਹੈ….!”

“ਪਰ …… ਪਰਸੋਂ ਨੂੰ ਮੁੰਡੇ ਵਾਲੇ ਤੈਨੂੰ ਦੇਖਣ ਆ ਰਹੇ ਨੇ…. ਕਿਸੇ ਨੂੰ ਇਸ ਤਰ੍ਹਾਂ ਜਵਾਬ ਦੇਣਾ ਚੰਗਾ ਨਹੀਂ ਲੱਗਦਾ… ਇਸ ਵਿੱਚ ਵਿਚਾਰੀ ਆਪਣੀ ਗੁਆਂਢਣ ਦੀ ਵੀ ਬੇਜ਼ਤੀ ਆ… ” ਮਾਂ ਨੇ ਧੀ ਨੂੰ ਸਮਝਾਉਂਦਿਆਂ ਕਿਹਾ ਪਰ ਉਹ ਨਾ ਮੰਨੀ।

ਮਾਂ ਪਿਓ ਕੁੜੀ ਨੂੰ ਗੁੱਸੇ ਵੀ ਹੋਏ, ਸਮਝਾਇਆ ਵੀ ਪਰ ਉਸ ਨੂੰ ਚਾਚੇ ਦੀ ਆਪਣੇ ਲਾਚਾਰ ਪਿਓ ਨੂੰ ਜਵਾਬ ਦੇਣ ਵਾਲ਼ੀ ਗੱਲ ਦੀ ਤਲਖ਼ੀ ਚੜ੍ਹ ਗਈ ਸੀ ,ਉਸ ਦੇ ਮਨ ਅੰਦਰ ਵੱਡੀ ਧੀ ਹੋਣ ਨਾਤੇ ਮਾਪਿਆਂ ਪ੍ਰਤੀ ਆਪਣੇ ਫ਼ਰਜ਼ ਜਾਗ ਪਏ ਸਨ। ਮਾਂ ਨੇ ਗੁਆਂਢਣ ਨਾਲ਼ ਗੱਲ ਕੀਤੀ ਤਾਂ ਉਸ ਨੇ ਛੋਟੀ ਕੁੜੀ ਦਾ ਰਿਸ਼ਤਾ ਕਰਨ ਦੀ ਗੱਲ ਕੀਤੀ, ਕੁੜੀ ਵੀ ਮੰਨ ਗਈ, ਮੁੰਡੇ ਵਾਲੇ ਸਾਊ ਸਨ,ਮੁੰਡਾ ਨੌਕਰੀ ਕਰਦਾ ਸੀ ਤੇ ਅਗਲੇ ਸਾਦਾ ਜਿਹਾ ਵਿਆਹ ਕਰਕੇ ਕੁੜੀ ਨੂੰ ਵਿਆਹ ਕੇ ਲੈ ਗਏ।

ਵੱਡੀ ਕੁੜੀ ਨੇ ਪ੍ਰਾਈਵੇਟ ਦਫ਼ਤਰ ਵਿੱਚ ਨੌਕਰੀ ਕਰ ਲਈ ਤੇ ਨਾਲ਼ ਦੀ ਨਾਲ਼ ਉੱਚ ਅਹੁਦੇ ਦੀ ਨੌਕਰੀ ਦੀ ਤਿਆਰੀ ਕਰਨ ਲੱਗੀ। ਦੋ ਸਾਲ ਬੀਤ ਗਏ ਸਨ,ਉਸ ਦੀ ਤਨਖ਼ਾਹ ਨਾਲ ਘਰ ਦੀ ਆਰਥਿਕ ਸਥਿਤੀ ਥੋੜ੍ਹੀ ਸੁਧਰ ਗਈ ਸੀ , ਛੋਟੇ ਭਰਾ ਦੀ ਪੜ੍ਹਾਈ ਵਿੱਚ ਵੀ ਹੰਭਲਾ ਲੱਗ ਰਿਹਾ ਸੀ। ਸੁਰਜੀਤ ਦੀ ਵੱਡੀ ਧੀ ਹੋਰ ਪੜ੍ਹਾਈ ਕਰਕੇ , ਵੱਡੇ ਵੱਡੇ ਪੇਪਰ ਪਾਸ ਕਰਕੇ ਕਿਸੇ ਸਰਕਾਰੀ ਉੱਚੇ ਅਹੁਦੇ ਤੇ ਲੱਗ ਗਈ ਸੀ। ਭਰਾ ਦੀ ਪੜ੍ਹਾਈ ਦੇ ਨਾਲ਼ ਦੀ ਨਾਲ਼ ਉਹ ਆਪਣੇ ਮਾਪਿਆਂ ਦੀਆਂ ਸੁੱਖ ਸਹੂਲਤਾਂ ਦਾ ਧਿਆਨ ਰੱਖਦੀ। ਭਰਾ ਨੂੰ ਵੀ ਪੜ੍ਹ ਲਿਖਾ ਕੇ ਆਪਣੇ ਵਾਂਗ ਵੱਡਾ ਅਫ਼ਸਰ ਬਣਾ ਦਿੱਤਾ ਤੇ ਉਸ ਦਾ ਵੀ ਵਿਆਹ ਕਰ ਦਿੱਤਾ। ਆਪ ਵੀ ਆਪਣੇ ਨਾਲ ਲੱਗੇ ਅਫ਼ਸਰ ਨਾਲ਼ ਵਿਆਹ ਕਰਵਾ ਲਿਆ। ਮਾਪਿਆਂ ਨੂੰ ਕਦੇ ਆਪਣੇ ਕੋਲ ਲੈ ਜਾਇਆ ਕਰਦੀ ਤੇ ਕਦੇ ਉਹ ਆਪਣੇ ਅਫ਼ਸਰ ਪੁੱਤ ਕੋਲ਼ ਰਹਿੰਦੇ। ਵੱਡੀ ਕੁੜੀ ਨੇ ਸੁਰਜੀਤ ਸਿੰਘ ਨੂੰ ਪੁਰਾਣੇ ਹੰਢਾਏ ਹੋਏ ਬੁਰੇ ਦਿਨ ਭੁਲਾ ਦਿੱਤੇ ਸਨ।

ਕਰੀਬ ਦਸ ਬਾਰਾਂ ਵਰ੍ਹੇ ਬੀਤ ਗਏ ਸਨ। ਸੁਰਜੀਤ ਦੀ ਵੱਡੀ ਕੁੜੀ ਅਫ਼ਸਰ ਹੋਣ ਦੇ ਨਾਤੇ ਸ਼ਹਿਰ ਵਿੱਚ ਬਣੇ ਬਿਰਧ ਆਸ਼ਰਮ ਦਾ ਨਿਰੀਖਣ ਕਰਨ ਲਈ ਗਈ ਤਾਂ ਉੱਥੇ ਮੌਜੂਦ ਸਾਰੇ ਬਜ਼ੁਰਗਾਂ ਨਾਲ਼ ਮੁਲਾਕਾਤ ਕਰਦੀ ਹੋਈ ਅੱਗੇ ਵਧ ਰਹੀ ਸੀ ਕਿ ਜਿਸ ਬਜ਼ੁਰਗ ਜੋੜੇ ਨਾਲ਼ ਹੁਣ ਗੱਲ ਕਰਨ ਲੱਗੀ ਸੀ ਉਹਨਾਂ ਨੂੰ ਦੇਖਦੇ ਸਾਰ ਚੌਂਕ ਗਈ। “ਚਾਚਾ ਜੀ ਤੇ ਚਾਚੀ ਜੀ, ਤੁਸੀਂ….ਇੱਥੇ. ‌‌..?”

“ਹਾਂ ਪੁੱਤਰ! ਮੇਰੇ ਦੋਵੇਂ…….ਨਲਾਇਕ ਪੁੱਤਾਂ ਨੇ ……ਬਾਹਰੋਂ ਆ ਕੇ……. ਸਾਰੀ ਜਾਇਦਾਦ ਧੋਖੇ ਨਾਲ ਆਪਣੇ ਨਾਂ ਕਰਵਾ ਕੇ….ਵੇਚ ਕੇ……ਪੈਸਾ ਧੇਲਾ ਸਭ ਲੈ ਕੇ ….. ਵਿਦੇਸ਼ ਵਾਪਸ ਚਲੇ ਗਏ… ‌‌ ‌‌‌‌‌‌‌‌‌‌‌‌‌‌‌‌‌‌‌‌ਓਧਰਲੀਆਂ ਗੋਰੀਆਂ ਨਾਲ ਹੀ ਵਿਆਹ ਕਰਵਾਏ ਹੋਏ ਨੇ…… ਸਾਡੇ ਹੱਥ ਪੱਲੇ ਤਾਂ ਓਹ ਕੁਝ ਨੀ ਛੱਡ ਕੇ ਗਏ….।” ਬਜ਼ੁਰਗ,ਬੇਬਸ ਚਾਚਾ ਗੱਲ ਦੱਸਦਾ ਹੋਇਆ ਉਸ ਨਾਲ ਅੱਖ ਨੀਂ ਮਿਲਾ ਪਾ ਰਿਹਾ ਸੀ ।ਪਰ ਕੁੜੀ ਨੇ ਕਿਹਾ,”ਚਾਚਾ ਜੀ….. ਮੇਰੇ ਹੁੰਦੇ ਹੋਏ ਤੁਸੀਂ ਐਥੇ ਨਹੀਂ ਰਹੋਗੇ।”

ਉਹ ਉਹਨਾਂ ਨੂੰ ਜਦ ਆਪਣੇ ਘਰ ਲੈਕੇ ਗਈ ਤਾਂ ਮਨਜੀਤ ਆਪਣੇ ਉਸ ਭਰਾ ਸਾਹਮਣੇ ਲਾਚਾਰ ਹੱਥ ਜੋੜੀਂ ਖੜ੍ਹਾ ਸੀ,ਕਦੇ ਜਿਸ ਨੂੰ ਉਹ ਇਨਸਾਨ ਨਹੀਂ ਸਮਝਦਾ ਸੀ ਤੇ ਨਾ ਹੀ ਉਸ ਦੀ ਕਦੇ ਮਜ਼ਬੂਰੀ ਸਮਝੀ ਸੀ। ਸੁਰਜੀਤ ਸਿੰਘ ਦੀ ਧੀ ਨੇ ਖੇਤਾਂ ਵਿੱਚ ਇੱਕ ਛੋਟਾ ਜਿਹਾ ਘਰ ਬਣਾ ਕੇ ਫ਼ਾਰਮ ਹਾਊਸ ਬਣਾ ਦਿੱਤਾ ਸੀ। ਕਦੇ ਉਸ ਦੇ ਸੱਸ ਸਹੁਰਾ, ਮਨਜੀਤ ਤੇ ਸੁਰਜੀਤ ਓਥੇ ਰਹਿੰਦੇ , ਹਰ ਐਤਵਾਰ ਸਾਰੇ ਭੈਣ ਭਰਾ ਆਪਣੇ ਆਪਣੇ ਪਰਿਵਾਰਾਂ ਨਾਲ ਉਹਨਾਂ ਨਾਲ਼ ਸਮਾਂ ਬਿਤਾਉਂਦੇ ਤੇ ਉਹਨਾਂ ਦੀ ਹਰ ਖੁਸ਼ੀ ਦਾ ਧਿਆਨ ਰੱਖਦੇ। ਮਨਜੀਤ ਬੜੇ ਮਾਣ ਤੇ ਲਾਡ ਨਾਲ ਸਾਰਿਆਂ ਵਿੱਚ ਬੈਠਾ ਸੁਰਜੀਤ ਦੀ ਉਸੇ ਵੱਡੀ ਧੀ ਬਾਰੇ ਆਖ਼ਦਾ ,”ਇਹ ਤਾਂ ਸਾਡੀ ਪੁੱਤਾਂ ਵਰਗੀ ਧੀ ਹੈ,” ਕਦੇ ਜਿਸ ਦੇ ਵਿਆਹ ਲਈ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਕੋਲ਼ ਖੜੀ ਮਨ ਵਿਚ ਉਸ ਦਾ ਧੰਨਵਾਦ ਕਰਦੀ ਹੋਈ ਆਖ ਰਹੀ ਸੀ ,” ਜੇ ਉਸ ਵਕ਼ਤ ਤੁਸੀਂ ਮੇਰੇ ਲਾਚਾਰ ਬਾਪ ਨੂੰ ਠੋਕਰ ਨਾ ਮਾਰੀ ਹੁੰਦੀ ਤਾਂ ਇਹ ਧੀ ਬੱਸ ਇੱਕ ਮਜਬੂਰ ਪਿਓ ਦੀ ਧੀ ਹੀ ਬਣ ਕੇ ਰਹਿ ਜਾਂਦੀ, ਜ਼ਿੰਦਗੀ ਦੀਆਂ ਠੋਕਰਾਂ ਹੀ ਤਾਂ ਸਾਨੂੰ ਸੰਭਲਣਾ ਸਿਖਾਉਂਦੀਆਂ ਹਨ. ‌.. ਬਸ ਅਸਲੀ ਏਹੁ ਹਮਾਰਾ ਜੀਵਣਾ ਹੈ।”

ਬਰਜਿੰਦਰ ਕੌਰ ਬਿਸਰਾਓ…
9988901324

 

Previous articleਠੀਕ ਨਹੀਂ
Next articleਰੱਬ ਵਰਗੇ ਸਾਡੇ ਮਾਪੇ