ਰੱਬ ਵਰਗੇ ਸਾਡੇ ਮਾਪੇ

ਜਸਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ)

ਖੂਨ ਦੇ ਰਿਸ਼ਤਿਆਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਆਪਣੀ ਅਹਿਮੀਅਤ ਹੁੰਦੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਤਰ੍ਹਾਂ-ਤਰ੍ਹਾਂ ਦੇ ਰਿਸ਼ਤੇ ਸਾਡੀ ਜ਼ਿੰਦਗੀ ਵਿਚ ਬਣਦੇ ਹੀ ਰਹਿੰਦੇ ਹਨ। ਸੰਸਾਰ ਵਿੱਚ ਭੈਣ, ਭਰਾ, ਚਾਚੇ, ਤਾਏ, ਭੂਆ,ਮਾਸੀ, ਮਾਮੇ, ਅਨੇਕਾਂ ਹੀ ਰਿਸ਼ਤੇ ਹਨ। ਪਰ ਮਾਤਾ ਪਿਤਾ ਦਾ ਰਿਸ਼ਤਾ ਜ਼ਿੰਦਗੀ ਦੇ ਵਿੱਚ ਆਪਣੀ ਅਲੱਗ ਹੀ ਵਿਲੱਖਣ ਛਾਪ ਛੱਡਣ ਵਾਲਾ ਰਿਸ਼ਤਾ ਹੈ। ਸੰਸਾਰ ਵਿੱਚ ਸਮੇਂ-ਸਮੇਂ ਅਨੇਕਾਂ ਹੀ ਰਿਸ਼ੀ-ਮੁਨੀਆ, ਪੀਰ-ਪੈਗੰਬਰਾ, ਦੇਵੀ-ਦੇਵਤਿਆਂ, ਗੁਰੂਆਂ- ਚੇਲਿਆਂ ਨੇ ਜਨਮ ਲਿਆ ਹੈ। ਇਤਿਹਾਸ ਗਵਾਹ ਹੈ ਕੀ ਇਨ੍ਹਾਂ ਸਾਰਿਆਂ ਨੇ ਮਾਤਾ ਪਿਤਾ ਦੇ ਰਿਸ਼ਤੇ ਨੂੰ ਰੱਬ ਦੇ ਰੂਪ ਦੇ ਬਰਾਬਰ ਮੰਨਿਆ ਹੈ।

ਪੁਰਾਣੇ ਸਮੇਂ ਵਿੱਚ ਪਰਿਵਾਰ ਵੱਡੇ ਹੁੰਦੇ ਸਨ ਉਸ ਸਮੇਂ ਮਾਂ-ਪਿਓ ਕੋਲ 10 ਤੋਂ 12 ਬੱਚੇ ਹੁੰਦੇ ਸਨ। ਇਹ ਸਾਰੇ ਬੱਚੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਸਨ ਅਤੇ ਕਹਿਣਾ ਵੀ ਮੰਨਦੇ ਸਨ। ਉਸ ਸਮੇਂ ਜ਼ਿਆਦਾ ਪੜ੍ਹਾਈਆਂ ਨਹੀਂ ਹੁੰਦੀਆਂ ਸਨ। ਅਤੇ ਇਹ ਬੱਚੇ ਆਪਣੇ ਮਾਤਾ ਪਿਤਾ ਦੇ ਕੰਮ ਕਾਰ ਵਿਚ ਉਨ੍ਹਾਂ ਦੀ ਮਦਦ ਕਰਦੇ ਸਨ। ਉਸ ਸਮੇਂ ਮਾਤਾ ਪਿਤਾ ਦੇ ਕਹਿਣ ਤੇ ਇੱਕ ਭਰਾ ਦੇ ਕੱਪੜੇ ਹੀ ਪੰਜ- ਸੱਤ ਭਰਾ ਵਾਰੋ ਵਾਰੀ ਪਾਇਆ ਕਰਦੇ ਸਨ। ਉਸ ਸਮੇਂ ਆਮਦਨ ਦੇ ਸਾਧਨ ਬਹੁਤ ਘੱਟ ਹੁੰਦੇ ਸਨ। ਅੱਜ ਦਾ ਸਮਾਂ ਬਿਲਕੁਲ ਹੀ ਉਲਟ ਹੈ। ਹੁਣ ਹਰ ਇਕ ਘਰ ਵਿਚ ਮਾਤਾ ਪਿਤਾ ਕੋਲ ਇੱਕ ਜਾਂ ਦੋ ਬੱਚੇ ਹਨ। ਇਹ ਬੱਚੇ ਪੜ੍ਹ ਕੇ ਡਿਗਰੀਆਂ ਤਾਂ ਕਰ ਗਏ ਹਨ ਪਰ ਪਹਿਲਾਂ ਵਾਲਾ ਸਤਿਕਾਰ ਅੱਜ ਕੱਲ ਦੇ ਬੱਚਿਆਂ ਵਿੱਚ ਮਾਤਾ ਪਿਤਾ ਪ੍ਰਤੀ ਨਹੀਂ ਹੈ। ਇਹ ਬੱਚੇ ਦਿਨ ਵਿਚ ਤਿੰਨ ਤੋਂ ਚਾਰ ਤਰ੍ਹਾਂ ਦੇ ਕੱਪੜੇ ਸਵੇਰ ਤੋਂ ਸ਼ਾਮ ਤੱਕ ਪਾਉਣ ਦੀ ਮੰਗ ਕਰਦੇ ਹਨ। ਕਿਉਂਕਿ ਹੁਣ ਅੱਜਕੱਲ੍ਹ ਵਿਖਾਵੇ ਦਾ ਸਮਾਂ ਹੈ।

ਹਿੰਦੂ ਧਰਮ ਵਿੱਚ ਪੁਰਾਣੇ ਸਮੇਂ ਵਿੱਚ ਅਯੁੱਧਿਆ ਦੇ ਰਾਜਾ ਦਸਰਥ ਦੇ ਕਹਿਣ ਤੇ ਉਨ੍ਹਾਂ ਦੇ ਪੁੱਤਰ ਸ੍ਰੀ ਰਾਮ ਚੰਦਰ ਜੀ ਨੇ ਚੌਦਾਂ ਸਾਲਾਂ ਦਾ ਬਨਵਾਸ ਕੱਟਿਆ ਸੀ। ਅਤੇ ਰਾਜਾ ਦਸ਼ਰਥ ਨੇ ਆਪਣੇ ਪੁੱਤਰ ਸ੍ਰੀ ਰਾਮ ਦੇ ਬਜੋਗ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਇਸੇ ਤਰ੍ਹਾਂ ਰਾਜਾ ਦਸਰਥ ਦਾ ਭਾਣਜਾ ਅਤੇ ਆਪਣੇ ਮਾਪਿਆਂ ਦਾ ਆਗਿਆਕਾਰੀ ਪੁੱਤਰ ਸ਼ਰਵਣ ਵੀ ਆਪਣੇ ਮਾਪਿਆਂ ਨੂੰ ਧਾਰਮਿਕ ਸੰਸਥਾਵਾਂ ਦੀ ਯਾਤਰਾ ਕਰਵਾਉਂਦੇ ਹੋਏ ਰਾਜਾ ਦਸ਼ਰਥ ਦੇ ਹੱਥੋ ਰਾਤ ਦੇ ਹਨੇਰੇ ਵਿੱਚ ਛੱਡੇ ਤੀਰ ਕਾਰਨ ਆਪਣੇ ਪ੍ਰਾਣ ਤਿਆਗ ਗਿਆ ਸੀ। ਸ਼ਰਵਣ ਨੇ ਆਪਣੇ ਅੰਨੇ ਮਾਪਿਆਂ ਨੂੰ ਇਕ ਵਹਿੰਗੀ ਵਿੱਚ ਬਿਠਾ ਕੇ, ਉਸ ਵਹਿੰਗੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ, ਪੈਦਲ ਤੁਰ ਕੇ ਇੱਕ ਆਗਿਆਕਾਰੀ ਪੁੱਤਰ ਹੋਣ ਦੇ ਨਾਤੇ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਸਨ।

ਇਸੇ ਤਰ੍ਹਾਂ ਸਿੱਖ ਇਤਿਹਾਸ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਆਪਣੇ ਪਿਤਾ ਜੀ ਤੋ ਸਿੱਖੀ ਧਰਮ ਦਾ ਉਪਦੇਸ਼ ਪ੍ਰਾਪਤ ਕੀਤਾ। ਉਨ੍ਹਾਂ ਨੇ ਸਿੱਖੀ ਧਰਮ ਨਾ ਛੱਡਿਆ ਅਤੇ ਆਪਣੇ ਪਿਤਾ ਜੀ ਦੇ ਕੀਤੇ ਪ੍ਰਵਚਨਾਂ ਅਨੁਸਾਰ ਲੋੜ ਪੈਣ ਤੇ ਸਿੱਖ ਧਰਮ ਲਈ ਸ਼ਹੀਦ ਹੋ ਗਏ। ਅੱਜ ਕੱਲ ਤਾਂ ਹਰ ਇਕ ਘਰ ਵਿਚ ਕਾਰ ਅਤੇ ਮੋਟਰਸਾਈਕਲ ਵਗੈਰਾ ਹਨ। ਸੋ ਅੱਜ ਕੱਲ ਦੇ ਬੱਚੇ ਉਹਨਾਂ ਨੂੰ ਆਪਣੇ ਨੇੜੇ ਦੇ ਗੁਰਦੁਆਰੇ ਅਤੇ ਮੰਦਰਾਂ ਵਿੱਚ ਆਪਣੇ ਵਹੀਕਲ ਤੇ ਨਾਲ ਲੈ ਕੇ ਜਾਣ ਤੇ ਸ਼ਰਮ ਜਿਹੀ ਮਹਿਸੂਸ ਕਰਦੇ ਹਨ ਅਤੇ ਵਿਚਾਰੇ ਮਾਪੇ ਆਪ ਹੌਲੀ ਹੌਲੀ ਪੈਦਲ ਚਲ ਕੇ ਮੰਦਰਾਂ ਅਤੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਨ।

ਅੱਜਕਲ੍ਹ ਜ਼ਿਆਦਾ ਪੜ੍ਹੇ-ਲਿਖੇ ਹੋਣ ਕਾਰਨ ਬੱਚੇ ਆਪਣੇ ਮਾਤਾ ਪਿਤਾ ਵਲ ਧਿਆਨ ਘੱਟ ਦੇ ਰਹੇ ਹਨ। ਉਹ ਟੈਲੀਵਿਜ਼ਨ ਅਤੇ ਮੋਬਾਇਲ ਤੇ ਹੀ ਵਿਅਸਤ ਰਹਿੰਦੇ ਹਨ। ਬੱਚੇ ਆਪਣੇ ਅਲੱਗ ਕਮਰੇ ਵਿੱਚ ਰਹਿਣਾ ਹੀ ਪਸੰਦ ਕਰਦੇ ਹਨ। ਪਹਿਲੇ ਸਮੇਂ ਵਿਚ ਮਾਪੇ ਆਪਣੀ ਔਲਾਦ ਦੇ ਵਿਆਹ ਆਪ ਕਰਦੇ ਸਨ। ਪਰ ਅਜੋਕੇ ਸਮੇਂ ਵਿੱਚ ਬੱਚੇ ਪੜ੍ਹਦੇ ਪੜ੍ਹਦੇ ਆਪਣੇ ਪ੍ਰੇਮ ਵਿਆਹ ਕਰਵਾ ਜਾਂਦੇ ਹਨ ਅਤੇ ਵਿਚਾਰੇ ਮਾਪਿਆਂ ਦੇ ਅਰਮਾਨ ਧਰੇ ਧਰਾਏ ਹੀ ਰਹਿ ਜਾਂਦੇ ਹਨ। ਏਥੇ ਹੀ ਨਹੀਂ ਜਦੋਂ ਕਿਸੇ ਦੇ ਧੀ ਪੁੱਤ ਦਾ ਮੈਰਿਜ ਪੈਲਸ ਦੇ ਵਿਚ ਵਿਆਹ ਹੁੰਦਾ ਹੈ ਤਾਂ ਉਹ ਪੁੱਤਰ ਆਪਣੇ ਬੁਢੇ ਮਾਂ ਪਿਉ ਨੂੰ ਆਪਣੇ ਘਰ ਦੀ ਰਾਖੀ ਰੱਖਣ ਲਈ ਆਪਣੇ ਬਜ਼ੁਰਗ ਮਾਂ ਬਾਪ ਨੂੰ ਘਰ ਹੀ ਛੱਡ ਜਾਂਦੇ ਹਨ ਅਤੇ ਆਪਣੇ ਧੀ-ਪੁੱਤ ਦਾ ਵਿਆਹ ਬਿਨਾਂ ਦਾਦੇ ਦਾਦੀ ਤੋ ਮੈਰਿਜ ਪੈਲੇਸ ਵਿਚ ਕਰਕੇ ਸ਼ਾਮ ਨੂੰ ਵਾਪਿਸ ਘਰੇ ਆਉਂਦੇ ਹਨ।

ਇੱਥੇ ਹੀ ਨਹੀਂ ਇਕ ਸਾਖੀ ਦੇ ਵਿਚ ਇੱਕ ਪੁੱਤਰ ਆਪਣੇ ਬਜ਼ੁਰਗ ਬੀਮਾਰ ਪਿਉ ਨੂੰ ਆਪਣੀ ਪਤਨੀ ਦੇ ਕਹਿਣ ਤੇ ਨਦੀ ਦੇ ਵਿੱਚ ਸੁੱਟਣ ਲਈ ਚਲਾ ਜਾਂਦਾ ਹੈ। ਜਦੋਂ ਉਹ ਨਦੀ ਦੇ ਵਿੱਚ ਆਪਣੇ ਪਿਉ ਨੂੰ ਸੁੱਟਣ ਲਗਦਾ ਹੈ ਤਾਂ ਬਜ਼ੁਰਗ ਪਿਓ ਕਹਿੰਦਾ ਹੈ ਕੀ ਪੁੱਤਰ ਮੈਨੂੰ ਏਥੇ ਨਾ ਸੁਟ ਮੈਨੂੰ ਥੋੜ੍ਹਾ ਜਿਹਾ ਅੱਗੇ ਕਰ ਕੇ ਸੁੱਟ, ਕਿਉਂਕਿ ਜਿੱਥੇ ਤੂੰ ਮੈਨੂੰ ਸੁੱਟ ਰਿਹਾ ਹੈ ਇਥੇ ਮੈਂ ਆਪਣੇ ਬਜ਼ੁਰਗ ਬੀਮਾਰ ਪਿਓ ਨੂੰ ਸੁੱਟਿਆ ਸੀ, ਇਸੇ ਤਰਾਂ ਤੇਰਾ ਪੁੱਤ ਵੀ ਤੈਨੂੰ ਇਸ ਤੋਂ ਅੱਗੇ ਕਰਕੇ ਸੁੱਟੇਗਾ। ਇਹ ਸੁਣ ਕੇ ਉਹ ਪੁੱਤਰ ਆਪਣੇ ਬਿਮਾਰ ਪਿਓ ਨੂੰ ਵਾਪਸ ਲਿਆਂਦਾ ਹੈ ਅਤੇ ਸਾਰਾ ਕੁਝ ਆਪਣੀ ਪਤਨੀ ਨੂੰ ਦਸਦਾ ਹੈ। ਉਹਨਾਂ ਨੂੰ ਡਰ ਪੈ ਜਾਂਦਾ ਹੈ ਕੀ ਕਿਤੇ ਭਵਿੱਖ ਵਿਚ ਸਾਡਾ ਪੁੱਤਰ ਵੀ ਸਾਡੇ ਨਾਲ ਇੰਝ ਹੀ ਨਾ ਕਰੇ। ਇਸ ਤਰ੍ਹਾਂ ਉਹ ਆਪਣੇ ਬਜ਼ੁਰਗ ਦੀ ਸੇਵਾ ਕਰਨ ਲੱਗ ਜਾਂਦੇ ਹਨ।

ਅਜੋਕੇ ਯੁੱਗ ਵਿੱਚ ਜਿੱਥੇ ਮਾਂ-ਬਾਪ ਆਪਣੇ ਧੀ ਅਤੇ ਪੁੱਤਰਾਂ ਨੂੰ ਅਣਥੱਕ ਮਿਹਨਤ ਕਰਕੇ ਪੜ੍ਹਾਉਂਦੇ ਅਤੇ ਲਿਖਾਉਂਦੇ ਹਨ ਉਥੇ ਔਲਾਦ ਨੂੰ ਵੀ ਚਾਹੀਦਾ ਹੈ ਆਪਣੇ ਮਾਤਾ ਪਿਤਾ ਦਾ ਕੰਮ ਦੇ ਵਿਚ ਹੱਥ ਵਟਾਉਣ ਅਤੇ ਖੂਬ ਮਨ ਲਗਾ ਕੇ ਪੜ੍ਹਾਈ ਕਰਨ, ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ, ਉਨ੍ਹਾਂ ਨੂੰ ਬਣਦਾ ਸਨਮਾਨ ਦੇਣ, ਬਜ਼ੁਰਗ ਮਾਪਿਆਂ ਨੂੰ ਸਮੇਂ ਤੇ ਦਵਾਈ-ਬੂਟੀ ਕਰਵਾਉਣ, ਲੋੜ ਪੈਣ ਤੇ ਉਨ੍ਹਾਂ ਨੂੰ ਕੱਪੜਾ ਲੀੜਾ ਦੇਣ, ਆਪਣੇ ਮਾਪਿਆਂ ਦਾ ਕਹਿਣਾ ਮੰਨਣ। ਸੰਸਾਰ ਵਿੱਚ ਬਾਈਬਲ, ਕੁਰਾਨ, ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਹੀ ਉਪਦੇਸ਼ ਦਿੰਦੇ ਹਨ ਕਿ ਇਨਸਾਨ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਬਣਦਾ ਵੀ ਹੈ ਕਿਉਂਕਿ ਮਾਤਾ ਪਿਤਾ ਨੇ ਜਨਮ ਦੇ ਕੇ ਸਾਨੂੰ ਇਹ ਸੰਸਾਰ ਵਿਖਾਇਆ ਹੈ ਅਤੇ ਜ਼ਿੰਦਗੀ ਦਾ ਹਾਣੀ ਬਣਾਇਆ ਹੈ। ਇਸ ਲਈ ਮਾਪੇ ਸੱਚਮੁੱਚ ਹੀ ਰੱਬ ਦਾ ਦੂਸਰਾ ਰੂਪ ਹੁੰਦੇ ਹਨ ‌।

ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

 

Previous articleਏਹੁ ਹਮਾਰਾ ਜੀਵਣਾ ਹੈ -205
Next articleਦਿਲਚਸਪੀ ਭਰਪੂਰ ਰਿਹਾ ਮਲਕਪੁਰ ਫੁੱਟਬਾਲ ਟੂਰਨਾਮੈਂਟ ਦਾ ਦੂਸਰਾ ਦਿਨ