HOME ਮਾਨਸਿਕ ਰੋਗੀਆਂ ਦੇ ਦੁਖਾਂਤ ਨੂੰ ਪੇਸ਼ ਕਰਦੀ ਪੁਸਤਕ ‘ ਦੁਖੀਆਂ ਦੀ ਦਾਸਤਾਨ...

ਮਾਨਸਿਕ ਰੋਗੀਆਂ ਦੇ ਦੁਖਾਂਤ ਨੂੰ ਪੇਸ਼ ਕਰਦੀ ਪੁਸਤਕ ‘ ਦੁਖੀਆਂ ਦੀ ਦਾਸਤਾਨ ‘।

3
ਰਜਿੰਦਰ ਸਿੰਘ ਰਾਜਨ

  (ਸਮਾਜ ਵੀਕਲੀ)    ਲੇਖਕ ਰਾਜਾ ਰਾਮ ਹੰਡਿਆਇਆ ਮੇਰੇ ਪਿੰਡ ਦਾ ਨਾਮਵਰ ਤਰਕਸ਼ੀਲ ਵਿਦਵਾਨ ਹੈ । ਮੈਂ ਇਹਨਾਂ ਨੂੰ ਅੱਜ ਦੀ ਤਰਕਸ਼ੀਲ ਲਹਿਰ ਦਾ ਚੜਦਾ ਸੂਰਜ ਕਹਿ ਸਕਦਾ ਹਾਂ। ਇਨ੍ਹਾਂ ਦੀ ਕਿਤਾਬ ‘ ਦੁਖੀਆਂ ਦੀ ਦਾਸਤਾਨ ‘ ਮਾਨਸਿਕ ਰੋਗੀਆਂ ਦੀਆਂ ਸੱਚੀਆਂ ਕਹਾਣੀਆਂ ਬਿਆਨ ਕਰਦੀ ਪੰਜਵੀਂ ਮੌਲਿਕ ਲਿਖਤ ਹੈ। ਇਸਨੂੰ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਿਤ ਕੀਤੀ ਹੈ। ਇਸਦੇ ਢੁਕਵੇਂ ਸਿਰਲੇਖ ਅਨੁਸਾਰ ਜ਼ਿੰਦਗੀ ਤੋਂ ਨਿਰਾਸ਼ ਹੋਏ ਵਿਅਕਤੀਆਂ ਦੇ ਅੰਧ ਵਿਸ਼ਵਾਸ ਵਿੱਚ ਗ੍ਰਸਤ ਹੋਇਆਂ ਨੂੰ ਬਾਹਰ ਕੱਢਣ ਨਾਲ ਸਬੰਧਿਤ ਵੀਹ ਕਹਾਣੀਆਂ ਵਰਗੇ ਲੇਖ ਹਨ। ਜਿਹੜੇ ਅੱਜ ਦੇ ਸਮਾਜਿਕ ਜੀਵਨ ਤੇ ਚਾਨਣ ਪਾਉਂਦੇ ਹਨ ਕਿਵੇਂ ਸਵਾਰਥੀ ਬਣਿਆ ਮਨੁੱਖ ਲੋਕਾਂ ਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਖੁੰਝਾਉਂਦਾ। ਉਸ ਲਈ ਸ਼ਰਮ ਇੱਕ ਨੰਬਰ ਦਾ ਸੌਦਾ ਬਣਿਆ ਹੋਇਆ ਹੈ। ਲੇਖਾਂ ਅਨੁਸਾਰ ਜ਼ਿੰਦਗੀ ਤੋਂ ਨਿਰਾਸ਼ ਵਿਆਕਤੀ ਕਦੇ ਨਸ਼ੇ ਅਤੇ ਕਦੇ ਗ਼ਲਤ ਕੰਮਾਂ ਵੱਲ ਅਹੁੜਦਾ ਹੈ। ਪਰ ਲੇਖਕ ਅਕਸਰ ਹੀ ਜ਼ਿੰਦਗੀ ਨਾਲੋਂ ਮੋਹ ਤੋੜ ਬੈਠੇ ਮਨੁੱਖਾਂ ਨੂੰ ਚੰਗੇ ਇਨਸਾਨ ਬਣਨ ਲਈ ਉਸਾਰੂ ਸੁਝਾਅ ਅਤੇ ਤਜ਼ਰਬੇਕਾਰ ਦਲੀਲਾਂ ਨਾਲ ਰੋਗ ਨਵਿਰਤ ਕਰਦਾ ਹੈ। ਸਾਰੇ ਲੇਖਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਮਾਨਸਿਕ ਰੋਗਾਂ ਤੋਂ ਸੁਚੇਤ ਕਰਕੇ ਛੁਟਕਾਰਾ ਦਿਵਾਉਣਾ ਹੈ। ਪੁਸਤਕ ਅਨੁਸਾਰ ਅੱਜ ਦਾ ਮਨੁੱਖ ਜ਼ਿਆਦਾਤਰ ਨਸ਼ੇ, ਨਜਾਇਜ਼ ਸਬੰਧਾਂ ਅਤੇ ਸੈਕਸ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਜੂਝਦਾ ਵਿਖਾਈ ਦੇ ਰਿਹਾ ਹੈ। ਜੇਕਰ ਮਨੋਰੋਗ ਮਾਹਿਰ ਡਾਕਟਰ ਅਤੇ ਕਾਉਂਸਲਰ ਜ਼ਿੰਮੇਵਾਰ ਨਾਂਹ ਮਿਲਣ ਤਾਂ ਸਮਾਜ ਦਾ ਬੇੜਾ ਗ਼ਰਕ ਹੋ ਜਾਵੇਗਾ। ਮਨੋਰੋਗ ਦਾ ਸ਼ਿਕਾਰ ਵਿਅਕਤੀਆਂ ਦੀ ਪਹਿਲਾਂ ਚੰਗੇ ਸਲਾਹਕਾਰ ਵੱਲੋਂ ਕੇਸ ਹਿਸਟਰੀ ਤਿਆਰ ਕੀਤੀ ਜਾਂਦੀ ਹੈ, ਫਿਰ ਕਾਉਂਸਲਰ ਅਤੇ ਡਾਕਟਰ ਆਪਣਾ ਸੁਝਾਅ ਦਿੰਦੇ ਹਨ। ਸਾਡੇ ਦੇਸ਼ ਦੀ ਇਹ ਤ੍ਰਾਸਦੀ ਹੈ ਕਿ ਅਖੌਤੀ ਪੜ੍ਹੇ ਲਿਖੇ ਵੀ ਵਹਿਮਾਂ ਭਰਮਾਂ ਦੀ ਦਲਦਲ ਵਿੱਚ ਧਸੇ ਹੋਇਆਂ ਆਪਣੇ ਆਪ ਨੂੰ ਸਰਵਸ਼੍ਰੇਸ਼ਠ ਸਮਝਦੇ ਰਹਿੰਦੇ ਹਨ। ਅੱਜ ਜ਼ਿੰਮੇਵਾਰੀਆਂ ਤੋਂ ਭੱਜਦਾ ਮਨੁੱਖ ਲੋਕ ਦਿਖਾਵੇ ਲਈ ਵਿਆਹ ਤਾਂ ਕਰਵਾ ਲੈਂਦਾ ਹੈ ਪਰ ਨਾਲ ਨਾਲ ਸਮਲੈਂਗਿਕ ਰਿਸ਼ਤਾ ਰੱਖਦਾ ਹੋਇਆ ਨੀਲਮ ਵਰਗੀ ਸੁਘੜ ਸਿਆਣੀ ਕੁੜੀ ਨਾਲ ਵਾਅਦੇ ਕਰਕੇ ਮੁਕਰ ਜਾਂਦਾ ਹੈ ਅਤੇ ਉਸਨੂੰ ਮਨੋਰੋਗੀ ਬਣਾ ਦਿੰਦਾ ਹੈ। ਅੱਜ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਦਾ ਮਕਸਦ ਖਾਣਾ, ਪੀਣਾ ਅਤੇ ਭੋਗਣਾ ਹੀ ਰਹਿ ਗਿਆ ਹੈ। ਅਗਾਂਹਵਧੂ ਸੋਚ ਤੋਂ ਹੀਣੀ ਹੋ ਬੀੜੀ, ਸਿਗਰਟ ਅਤੇ ਸ਼ਰਾਬ ਤੱਕ ਸੀਮਤ ਹੋ ਕੇ ਰਹਿ ਗਈ ਹੈ। ਇਹ ਜਾਣਦੇ ਹੋਏ ਕਿ ਨਸ਼ਾ ਕਰਨ ਵਾਲਾ ਪਹਿਲਾਂ ਪਹਿਲ ਹੀਰੋ ਹੁੰਦਾ ਹੈ ਬਾਅਦ ਵਿੱਚ ਜ਼ੀਰੋ ਹੁੰਦਾ ਜਾਂਦਾ ਹੈ। ਜਦੋਂ ਉਹ ਵਲਗਣਾਂ ਚੋਂ ਨਿਕਲਣਾ ਚਾਹੁੰਦਾ ਹੈ ਪਰ ਨਸ਼ਾ ਇਨਸਾਨ ਨੂੰ ਛੱਡਣਾ ਨਹੀਂ ਚਾਹੁੰਦਾ ।  ਅੱਜ ਹਰ ਹੱਥ ਵਿੱਚ ਮੋਬਾਇਲ ਤੇ ਦਿਖਾਈਆਂ ਹਵਾਈ ਉਡਾਰੀਆਂ ਘਰ ਦੇ ਵੱਡੀ ਉਮਰ ਦੇ ਵਿਅਕਤੀਆਂ ਲਈ ਸੰਤਾਪ ਬਣ ਜਾਂਦੀਆਂ ਹਨ । ਮੋਬਾਈਲ ਸ਼ੱਕ ਦਾ ਕਾਰਨ ਬਣਦੇ ਹਨ ਅਤੇ ਸ਼ੱਕੀ ਖ਼ਿਆਲ ਹਮੇਸ਼ਾ ਮਨੋਰੋਗੀਆਂ ਨੂੰ ਆਉਂਦੇ ਹਨ । ਕਿਵੇਂ ਨੂੰਹ ਸੱਸ ਦੀ ਘਰੇਲੂ ਲੜਾਈ ਅਤੇ ਨਜਾਇਜ਼ ਸਬੰਧਾਂ ਨੇ ਹਰ ਪਰਿਵਾਰ ਦੇ ਢਾਂਚੇ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਜਿੱਥੇ ਮੀਡੀਆ ਕਾਰਨ ਮਨੁੱਖ ਅਕਲ ਦੀ ਬੇੜੀ ਤੇ ਸਵਾਰ ਹੋਣਾ ਚਾਹੀਦਾ ਸੀ ਉਥੇ ਉਹ ਰਿਸ਼ਤਿਆਂ ਨੂੰ ਗੰਧਲੇ ਕਰਨ ਤੱਕ ਸੀਮਤ ਹੋ ਗਿਆ ਹੈ। ਇਸਨੇ ਭਾਵੁਕਤਾ ਦੀ ਥਾਂ ਬੁੱਧੀ ਤੋਂ ਕੰਮ ਲੈਣਾ ਬੰਦ ਕਰ ਦਿੱਤਾ ਹੈ। ਲੇਖਕ ਅਨੁਸਾਰ ਅਮੀਰ ਘਰਾਂ ਦੇ ਬੱਚੇ ਅਕਸਰ ਹੀ ਬਿਗੜ ਜਾਂਦੇ ਹਨ ਅਤੇ ਉਨ੍ਹਾਂ ਤੇ ਪਸ਼ੂ ਬਿਰਤੀ ਭਾਰੀ ਹੁੰਦੀ ਜਾਂਦੀ ਹੈ। ਉਹ ਹਰ ਔਰਤ ਨੂੰ ਵਿਕਣ ਅਤੇ ਭੋਗਣ ਵਾਲੀ ਵਸਤੂ ਹੀ ਸਮਝਦੇ ਰਹਿੰਦੇ ਹਨ। ਜੇਕਰ ਉਹ ਸੈਕਸ ਸਬੰਧਾਂ ਤੋਂ ਅਸਫ਼ਲ ਹੁੰਦੇ ਹਨ ਤਾਂ ਉਹ ਖੁਦ ਨੂੰ ਮਰਦਾਨਗੀ ਤੋਂ ਅਤੇ ਔਰਤਾਂ ਦੀਆਂ ਨਜ਼ਰਾਂ ਤੋਂ ਗਿਰਿਆ ਸਮਝਦੇ ਮਨੋਰੋਗੀ ਬਣ ਜਾਂਦੇ ਹਨ। ਜ਼ਿਆਦਾਤਰ ਮੁੰਡੇ ਕੁੜੀਆਂ ਲੜਕਪਨ ਦੀ ਉਮਰ ਵਿੱਚ ਹੀ ਜੋਸ਼ ਵੱਧ ਅਤੇ ਹੋਸ਼ ਘੱਟ ਕਾਰਨ ਸੋਚਣ ਦਾ ਮੌਕਾ ਗਵਾ ਬੈਠਦੇ ਹਨ। ਲੇਖਕ ਅਨੁਸਾਰ ਸਮਲੈਂਗਿਕ ਦਾ ਮੁੱਢ ਬਚਪਨ ਵਿੱਚ ਹੀ ਬੱਝ ਜਾਂਦਾ ਹੈ। ਅਸਲੀ ਸਿੱਖਿਆ ਦੀ ਘਾਟ ਗ਼ਲਤ ਰਾਹਾਂ ਤੇ ਖੜਾ ਕਰ ਦਿੰਦੀ ਹੈ। ਬੱਚਿਆਂ ਤੇ ਥੋਪੀਆਂ ਕਦਰਾਂ ਕੀਮਤਾਂ, ਇੱਜ਼ਤਦਾਰ ਬਣੇ ਰਹਿਣਾ, ਸਾਂਝਾ ਪਰਿਵਾਰ, ਕਿਸੇ ਦਾ ਉਲਾਂਭਾ ਨਹੀਂ ਆਉਣਾ ਚਾਹੀਦਾ ਆਦਿ ਬੇਮਤਲਬੀ ਬੰਦਿਸ਼ਾਂ ਬਾਲ ਮਨਾਂ ਤੇ ਉਨ੍ਹਾਂ ਦੇ ਵਿਕਾਸ ਦੇ ਰਾਹ ‘ਚ ਰੁਕਾਵਟਾਂ  ਪਾਉਂਦੀਆਂ ਹਨ। ਉਸ ਨੂੰ ਚੰਗੇ ਦਿਨ ਵੀ ਰਾਸ ਨਹੀਂ ਆਏ’ ਲਿਖਤ ਵਿੱਚ ਇਸਤਰੀ ਦੇ ਜੀਵਨ ਤੇ ਪਰਿਵਾਰ ਦੇ ਮਾਹੌਲ ਦਾ ਅਸਰ ਹੁੰਦਾ ਹੈ। ਜੇਕਰ ਪਤੀ ਨਸ਼ਈ ਅਤੇ ਲੜਾਕੂ ਹੋਵੇ ਤਾਂ ਉਹ ਡਰੂ ਬਣੀ ਰਹਿੰਦੀ ਹੈ, ਉਸਦੇ ਸਜਣ ਫੱਬਣ ਦੇ ਚਾਅ ਲੱਥ ਜਾਂਦੇ ਹਨ। ਉਸਦੀ ਕਾਮਸ਼ਕਤੀ ਨਸ਼ਟ ਹੋ ਜਾਂਦੀ ਹੈ। ਕਿਤਾਬ ਵਿਚ ਬਲਜੀਤ, ਜੀਨਤ, ਲੱਖੀ ਅਤੇ ਦੀਪੀ ਵਰਗੀਆਂ ਔਰਤਾਂ ਦੀਆਂ ਦੁੱਖ ਤਕਲੀਫਾਂ ਨੂੰ ਬਿਆਨ ਕੀਤਾ ਹੈ।  ਖ਼ੁਦਾ ਮੁਆਫ਼ ਨਹੀਂ ਕਰੇਗਾ ‘ ਅੰਤਲੇ ਲੇਖ ਵਿੱਚ ਸਲੀਮ ਦੇ ਸਾਲੀ ਨਾਲ਼ ਨਜਾਇਜ਼ ਸੰਬੰਧਾਂ ਦਾ ਪਤਾ ਲਗਦਾ ਹੈ ਤਾਂ ਉਸਦਾ ਵਿਸ਼ਵਾਸ ਖੋਹਿਆ ਜਾਂਦਾ ਹੈ, ਉਹ ਨਜ਼ਰਾਂ ਤੋਂ ਗਿਰਿਆ ਮਹਿਸੂਸ ਕਰਦਾ ਹੈ। ਇਥੇ ਇਕ ਸਾਧਾਰਨ ਵਿਅਕਤੀ ਜਦ ਖ਼ੁਦਾ ਦੇ ਰਾਹ ਪੈਂਦਾ ਹੈ ਤਾਂ ਉਹ ਦੋਜ਼ਖ਼ ਦੇ ਰਾਹ ਤੋਂ ਬਚਣ ਬਾਰੇ ਹੀ ਸੋਚਦਾ ਰਹਿੰਦਾ ਮਾਨਸਿਕਤਾ ਗੁਆ ਬੈਠਦਾ ਹੈ। ਸਾਰੀਆਂ ਕਹਾਣੀਆਂ ਆਮ ਘਰਾਂ ਦੀਆਂ ਕਹਾਣੀਆਂ ਹਨ। ਜਿਹੜੇ ਪਰਿਵਾਰ ਡਾਕਟਰ ਦੀ ਮਦਦ ਅਤੇ ਯੋਗ ਸਲਾਹ ਲੈ ਲੈਂਦੇ ਹਨ ਉਹ ਤਾਂ ਬਚ ਜਾਂਦੇ ਹਨ ਜਿਹੜੇ ਦੂਜੇ ਰਸਤੇ ਅੰਧਵਿਸ਼ਵਾਸੀ ਚੁਣ ਲੈਂਦੇ ਹਨ ਉਨ੍ਹਾਂ ਕੋਲ ਪਛਤਾਵੇ ਤੋਂ ਸਿਵਾ ਕੁਝ ਨਹੀਂ ਰਹਿੰਦਾ । ਇਸ ਕਿਤਾਬ ਦਾ ਪਾਠ ਕਰਦਿਆਂ ਰਾਜਾ ਰਾਮ ਹੰਡਿਆਇਆ ਜੀ ਮਾਨਸਿਕ ਰੋਗਾਂ ਦੇ ਇੱਕ ਚੰਗੇ ਸਲਾਹਕਾਰ ਅਤੇ ਵਧੀਆ ਮਾਹਿਰ ਸਿੱਧ ਹੁੰਦੇ ਹਨ। ਆਪਣੀ ਉਮਰ ਦੇ ਤਜ਼ਰਬੇ ਨਾਲ ਮਰੀਜ਼ਾਂ ਦੇ ਮਨ ਜਿੱਤਦੇ ਹਨ ਅਤੇ ਲੰਮੀ ਉਮਰ ਦੀਆਂ ਦੁਆਵਾਂ ਲਈਆਂ ਹਨ। ਮੇਰੀ ਰਾਇ ਹੈ ਕਿ ਹਰ ਅੱਲੜ ਉਮਰ ਦੇ ਮੁੰਡੇ ਕੁੜੀਆਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਪੰਜਾਬੀ ਸਾਹਿਤ ਵਿੱਚ ਸੈਕਸ ਬਾਰੇ ਜਾਣਕਾਰੀ ਬਹੁਤ ਘੱਟ ਮਿਲਦੀ ਹੈ। ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ ‘ ਯੁੱਧ ਨਸ਼ਿਆਂ ਵਿਰੁੱਧ ‘ ਲਈ ਵੀ ਕਾਰਗਰ ਸਿੱਧ ਹੋ ਸਕਦੀ ਕਿਉਂਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਲਈ ਮਾਨਸਿਕ ਰੋਗਾਂ ਦੇ ਹਸਪਤਾਲ ਵਧੀਆ ਭੂਮਿਕਾ ਅਦਾ ਕਰ ਸਕਦੇ ਹਨ।

ਰਜਿੰਦਰ ਸਿੰਘ ਰਾਜਨ 
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ 1  ਹਰੇੜੀ ਰੋਡ ਸੰਗਰੂਰ।
9876184954
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿੰਦਗੀ ਦੇ ਮੋੜ-ਘੇਰ
Next articleਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2025