(ਸਮਾਜ ਵੀਕਲੀ)
ਕਈ ਵਾਰੀ,
ਜ਼ਿੰਦਗੀ ਦੇ ਰਾਹ
ਜਾਣੇ–ਅਣਜਾਣੇ,
ਚਾਹੇ–ਅਣਚਾਹੇ,
ਆਪ-ਮੁਹਾਰੇ ਹੀ ਤੁਰ ਪੈਂਦੇ ਹਨ,
ਧੁੰਦਲੀਆਂ, ਸੁੰਨਸਾਨ,
ਪਗਡੰਡੀਆਂ ਵੱਲ,
ਡਰਾਉਣੇ ਮੋੜਾਂ – ਘੇਰਾਂ ਵੱਲ।
ਲੈ ਤੁਰਦੀ ਹੈ ਜ਼ਿੰਦਗੀ
ਉਹਨਾਂ ਰਾਹਾਂ ਉੱਤੇ,
ਜੋ ਸਾਡੇ ਨਹੀਂ ਹੁੰਦੇ,
ਜਿਹਨਾਂ ਦੀ
ਸ਼ਾਇਦ ਸਾਰ ਵੀ ਨਹੀਂ ਹੁੰਦੀ…
ਇੰਝ ਲੱਗਦਾ ਜਿਵੇਂ
ਕੋਈ ਗ਼ਲਤ ਦਿਸ਼ਾ,
ਕੋਈ ਭੁਲੇਖਾ —
ਘੇਰ ਕੇ ਬੈਠ ਗਿਆ ਹੋਵੇ
ਸਫ਼ਰ ਦਾ ਕੋਨਾ-ਕੋਨਾ।
ਉਦਾਸੀਆਂ,
ਨਿਰਾਸ਼ਾਵਾਂ —
ਦੀ ਦਲਦਲ
ਕਰ ਲੈਂਦੀ ਹੈ
ਪੈਰ ਪੈਰ ‘ਤੇ ਘੇਰਾਬੰਦੀ ,
ਸੂਤ ਲੈਂਦੀ ਹੈ ਸਾਹ,
ਨਿਚੋੜ ਲੈਂਦੀ ਹੈ
ਦਿਲਾਂ ਦੇ ਹੌਂਸਲੇ।
ਪਰ…
ਅਕਸਰ ਇਹੀ ਉਹ ਪਲ ਹੁੰਦੇ ਹਨ
ਜਦੋਂ ਧੁਰ ਅੰਦਰੋਂ
ਕੋਈ
ਮੱਧਮ ਜਿਹੀ ਅਵਾਜ਼ ਆਉਂਦੀ ਹੈ।
“ਧਿਆਨ ਨਾਲ ਦੇਖ
ਅੱਗੇ ਮੋੜ ਤੇ ਲਿਖਿਆ ਹੋਇਆ!”
“ਕਿ ਰੁੱਕੀ ਨਾ,
ਹਾਰ ਨਾਂ ਮੰਨ।
ਹੌਂਸਲਾ ਰੱਖ,
ਤੇ ਤੁਰਦਾ ਰਹੀਂ।”
ਬੱਸ, ਥੋੜੀ ਦੇਰ ਹੋਰ —
ਇਹਨਾਂ ਵਿੱਚੋਂ ਹੀ ਨਿਕਲਣਗੇ
ਸਹੀ ਮੋੜਾਂ ਦੇ ਰਸਤੇ,
ਮੰਜਿਲ੍ਹਾਂ ਦੇ ਰਾਹ।
ਇਹ ਪੈਰਾਂ ‘ਚ ਚੁੱਬੇ ਕੰਢੇ
ਸਬਕ ਹਨ
ਅਗਲੇ ਪੈਂਡੇ ਲਈ।
ਯਾਦ ਰੱਖੀਂ —
ਇਹ ਨਿਵਾਣਾ,
ਇਹ ਲਿਫਣਾ,
ਮੋੜ੍ਹਾਂ ‘ਤੇ ਮੁੜ੍ਹਣਾ,
ਜਾਂ ਕਦੇ
ਪਿੱਛੇ ਵੱਲ ਤੁਰ ਪੈਣਾ ਵੀ —
ਹਾਰ ਨਹੀਂ ਹੁੰਦੀ।
ਹਾਰ ਤਾਂ ਉਦੋਂ ਹੁੰਦੀ ਹੈ
ਜਦੋਂ ਕੋਈ
ਤੁਰਨਾ ਛੱਡ ਦੇਵੇ,
ਰਾਹਾਂ ਤੋਂ ਭੱਜ ਜਾਵੇ।
ਇਹ ਮੋੜ- ਘੇਰ ਤਾਂ ਸਿਰਫ ਠਹਿਰ ਹੁੰਦੇ ਹਨ,
ਫ਼ਜਰ ਤੋਂ ਪਹਿਲਾਂ ਦੀ ਸਿਆਹੀ ਰਾਤ ਵਰਗੇ।
ਦੀਪ ਸੰਧੂ
+61 459 966 392



