~~~ ਚਾਹ ~~~

ਰਿਤੂ ਵਾਸੂਦੇਵ
(ਸਮਾਜ ਵੀਕਲੀ) 
ਮੈਂ ਕਿਹਾ ਆਜਾ!
ਤੈਨੂੰ ਚਾਹ ਪਿਆਵਾਂ!
ਕਹਿੰਦਾ ਕਾਹਦੀ?
ਮੈਂ ਕਿਹਾ ਸੁਪਨਿਆਂ ਦੀ!
ਕਹਿੰਦਾ ਅੱਛਾ!
ਸੁਪਨਿਆਂ ਦੀ?
ਉਹ ਕਿਵੇਂ?
ਮੈਂ ਕਿਹਾ ਦੇਖ!
ਓਹ ਜਿਹੜੇ ਸਫ਼ੈਦਿਆਂ ਨੇ
ਧਰਤੀ ‘ਤੇ ਫੁੱਲ ਸੁੱਟੇ ਨੇ ਨਾ….
ਕਹਿੰਦਾ ਹਾਂ!
ਮੈਂ ਕਿਹਾ ਉਹਨੇ ਵੀ ਚਾਹ ਧਰੀ ਏ,
ਨਵੀਂ ਰੁੱਤ ਲਈ!
ਕਹਿੰਦਾ ਅੱਛਾ!
ਮੈਂ ਕਿਹਾ ਹਾਂ!
ਕਹਿੰਦਾ ਗੱਲ ਸੁਣ!
ਚੱਲ ਮੈਂ ਤੈਨੂੰ ਇੱਕ ਚਿੱਟਾ ਲੀੜਾ ਖਰੀਦ ਕੇ ਦੇਵਾਂ!
ਮੈਂ ਕਿਹਾ ਹਾਏ!  ਹਾਏ!
ਸ਼ੁਭ-ਸ਼ੁਭ ਬੋਲ!
ਕਹਿੰਦਾ ਨਹੀਂ ਕਮਲ਼ੀਏ!
ਜਿਹੜੇ ਆਹ ਲੰਘੇ ਚੇਤਰ,
ਧਰੇਕਾਂ ਨੇ ਫੁੱਲ ਸੁੱਟੇ ਸੀ ਨਾ!
ਮੈਂ ਕਿਹਾ ਹਾਂ!
ਕਹਿੰਦਾ ਮੈਂ ਉਹ ਸਾਰੇ ਸਾਂਭੇ ਨੇ!
ਮੈਂ ਕਿਹਾ ਕਿਉਂ?
ਕਹਿੰਦਾ ਤੇਰੀ ਚੁੰਨੀ ਲਈ!
ਮੈਂਨੂੰ ਚੰਗਾ ਲੱਗਾ ਜਾਣ ਕੇ,
ਕਿ ਚਲੋ! ਇਹ ਫੁੱਲਾਂ ਦੀ ਕਦਰ ਤਾਂ ਕਰਦਾ ਏ!
ਮੈਂ ਕਿਹਾ ਸੁਣ!
ਇੱਕ ਪਰਦੇ ਵਾਲੀ ਗੱਲ ਦੱਸਾਂ?
ਕੰਨ ਦੇ ਕੋਲ਼ ਆ ਕੇ ਕਹਿੰਦਾ ਦੱਸ!
ਮੈਂ ਕਿਹਾ ਸੁਣ!
ਆਹ ਜੋ ਧਰਤੀ ਮਾਣ ਕਰਦੀ ਏ ਨਾ,
ਆਪਣੇ ਵਜੂਦ ਉੱਤੇ…
ਕਹਿੰਦਾ ਹਾਂ!
ਮੈਂ ਕਿਹਾ, ਇਹਨੂੰ ਸਭ ਪਤਾ ਏ…
ਕਿ ਏਥੇ ਮੇਰੇ ਜਿੱਡਾ ਕੋਈ ਵੀ ਨਹੀਂ।
ਫਿਰ ਅਸੀਂ ਚੁੱਪ ਹੋ ਗਏ।
ਤੇ ਮੈਂ ਇੱਕ ਡੂੰਘਾ ਹੌਕਾ ਭਰਿਆ..
ਜਿਵੇਂ ਮੇਰੇ ਦਿਲ ‘ਤੇ ਸਦੀਆਂ ਦਾ ਬੋਝ ਹੋਵੇ!
ਕਹਿੰਦਾ ਮੈਂ ਸੁਣਿਆ ਏ,
ਅਮਲਤਾਸ ਇਹਨੀਂ ਦਿਨੀਂ
ਆਪਣਾ ਰੂਪ ਸ਼ਿੰਗਾਰਦਾ ਏ!
ਮੈਂ ਕਿਹਾ ਹਾਂ!
ਕਹਿੰਦਾ ਕਿਉਂ ਸ਼ਿੰਗਾਰਦਾ ਹੋਵੇਗਾ?
ਮੈਂ ਕਿਹਾ ਉਹ ਤਿਆਰੀ ਕਰਦਾ ਹੋਵੇਗਾ,
ਕਹਿੰਦਾ ਕਾਹਦੀ?
ਮੈਂ ਕਿਹਾ ਅਗਲੀ ਸੰਗਰਾਂਦ ਤੀਕ ਨਿੱਖਰ ਜਾਣ ਦੀ
ਤਾਂ ਕਿ ਆਣ ਵਿਛੇ ਧਰਤੀ ਦੀ ਹਿੱਕ ‘ਤੇ!
ਕਹਿੰਦਾ ਫੇਰ?
ਤੇਰੇ ਚਿੱਤ ਨੂੰ ਚਾਅ ਨੀ ਚੜ੍ਹਦਾ ਸੋਚ ਕੇ?
ਮੈਂ ਕਿਹਾ ਨਾ…
ਕਹਿੰਦਾ ਕਿਉਂ?
ਮੈਂ ਕਿਹਾ…..
ਪੱਤਝੜ ਨੇ ਰੋਲ਼ਿਆ ਬਹੁਤ ਏ ਨਾ!
ਏਸੇ ਲਈ….
ਕਹਿੰਦਾ ਕਿਵੇਂ?
ਮੈਂ ਕਿਹਾ! ਮੈਂ ਬੰਜਰ ਜਮੀਨ ‘ਤੇ
ਬੀਜ ਲਿਆ ਸੀ ਜੀਵਨ,
ਜੋ ਉੱਗ ਤੇ ਪਿਆ,
ਪਰ ਫਲ਼ਿਆ ਫੁੱਲਿਆ ਨਹੀਂ,
ਮਹਿਕਿਆ ਨਹੀਂ,
ਟਹਿਕਿਆ ਨਹੀਂ,
ਬਸ ਉੱਗਦਾ ਹੀ ਉਦਾਸ ਹੋ ਗਿਆ!!
ਕਹਿੰਦਾ ਫੇਰ?
ਮੈਂ ਕਿਹਾ ਫੇਰ ਅਚਾਨਕ
ਪੱਤਝੜ ਆ ਗਈ….
ਇਸ ਲਈ ਹੁਣ ਮੈਂ ਕਿਸੇ ਹੋਰ ਧਰਤੀ ‘ਤੇ ਜਾ ਉੱਗਣਾ ਏਂ…
ਕਹਿੰਦਾ ਫੇਰ ਕੀ ਏ?
ਮੈਂ ਕਿਹਾ ਕੀ ਪਤਾ….
ਓਥੇ ਅਮਲਤਾਸ ਖਿੜ੍ਹੇ ਕਿ ਨਾ…
ਧਰੇਕਾਂ ਨੂੰ ਫੁੱਲ ਲੱਗਣ ਕਿ ਨਾ….
ਸਫ਼ੈਦੇ ਫੁੱਲ ਸੁੱਟਣ ਕਿ ਨਾ….
ਧਰਤੀ ਚਾਹ ਬਣਾਵੇ ਕਿ ਨਾ….
ਕੋਈ ਰੁੱਤ ਪ੍ਰਾਹੁਣੀ ਆਵੇ ਕਿ ਨਾ…
ਕੋਈ ਮੇਰੀਆਂ ਅਜਿਹੀਆਂ
ਬੇਤੁਕੀਆਂ ਗੱਲਾਂ ਦਾ ਹੁੰਗਾਰਾ ਭਰੇ ਕਿ ਨਾ….
ਫੇਰ ਅਸੀਂ ਦੋਵੇਂ ਸਦਾ ਲਈ ਚੁੱਪ ਹੋ ਗਏ!
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੋਲੀਆਂ
Next article*ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ*