
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਲਾਲ ਝੰਡਾ ਬਜਾਜ ਸੰਨਜ਼ ਮਜਦੂਰ ਯੂਨੀਅਨ ਵੱਲੋਂ ਸੀਟੀਯੂ ਪੰਜਾਬ ਦੇ ਬੈਨਰ ਹੇਠ, ਕਾ. ਜਗਦੀਸ਼ ਚੰਦ ਦੀ ਅਗਵਾਈ ਵਿੱਚ ਮਜ਼ਦੂਰ ਦਿਵਸ ਮਨਾਉਂਦੇ ਹੋਏ ਸਿਕਾਗੋ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ ਉੱਥੇ ਬਜਾਜ ਸੰਨਜ਼ ਦੇ ਬਾਹਰ ਯੂਨੀਅਨ ਦਾ ਝੰਡਾ ਵੀ ਲਹਿਰਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਕਾ.ਮੰਗਤ ਰਾਮ ਪਾਸਲਾ ਨੇ ਮਜ਼ਦੂਰ ਜਮਾਤ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਮਜ਼ਦੂਰ ਜਮਾਤ ਦੇ ਸੰਘਰਸ਼ ਅਤੇ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਕੀਤੇ ਹੱਕਾਂ ਨੂੰ ਯਾਦ ਕਰਕੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਵੱਲੋਂ ਵੱਡੀ ਜੱਦੋਜਹਿਦ ਤੋਂ ਬਾਅਦ ਪ੍ਰਾਪਤ ਕੀਤੇ 44 ਕਾਨੂੰਨਾਂ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਤੋੜ ਕੇ 4 ਕੋਡ ਬਿਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅੱਜ ਸੂਬਾ ਸਰਕਾਰ ਵੱਲੋਂ ਮਜਦੂਰ ਦੀ ਦਿਹਾੜੀ 8 ਘੰਟਿਆਂ ਤੋਂ 12 ਘੰਟਿਆਂ ਵਿੱਚ ਤਬਦੀਲ ਕੀਤੀ ਜਾ ਚੁੱਕੀ ਹੈ। ਜੋ ਮਜ਼ਦੂਰ ਜਮਾਤ ਦੇ ਹੱਕਾਂ ਤੇ ਵੱਡਾ ਡਾਕਾ ਮਾਰਨ ਵਾਲੀ ਗੱਲ ਹੈ ਜਿਸ ਨੂੰ ਮਜਦੂਰ ਜਮਾਤ ਕਦੇਂ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਸੀਟੀਯੂ ਦੇ ਜਿਲ੍ਹਾ ਪ੍ਰਧਾਨ ਕਾ. ਪਰਮਜੀਤ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਕਾ. ਜਗਦੀਸ਼ ਚੰਦ ਨੇ ਕਿਹਾ ਕੇਂਦਰ ਤੇ ਪੰਜਾਬ ਸਰਕਾਰ ਮਜ਼ਦੂਰ ਮਾਰੂ ਨੀਤੀਆਂ ਦਾ ਰਾਹ ਅਪਣਾ ਕੇ ਉਨ੍ਹਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮਜ਼ਦੂਰ ਜਮਾਤ ਦੀ ਤਨਖਾਹ 26,000 ਰੁਪਏ ਕੀਤੀ ਜਾਵੇ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਸਰਕਾਰ ਵੱਲੋਂ ਨਿਜੀਕਰਨ ‘ਤੇ ਰੋਕ ਲਗਾਈ ਜਾਵੇ, ਠੇਕੇਦਾਰੀ ਪ੍ਰਥਾ ਖ਼ਤਮ ਕਰ ਕੇ ਕਿਰਤ ਕਾਨੂੰਨ ਲਾਗੂ ਕੀਤੇ ਜਾਣ। ਕਾਮਰੇਡ ਜਗਦੀਸ਼ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ-ਜਮਹੂਰੀ ਤੇ ਤਾਨਾਸ਼ਾਹੀ ਤੁਗਲਕੀ ਫੁਰਮਾਨ ਮਜ਼ਦੂਰ ਦੀ ਦਿਹਾੜੀ 12 ਘੰਟੇ ਦੇ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ । ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ 12 ਸਾਲ ਤੋਂ ਜੋ ਮਿਨੀਮਮ ਵੇਜ ਰੀਵਾਈਜ਼ ਨਹੀਂ ਕੀਤੀ ਗਈ, ਉਸ ਵੱਲ ਤੁਰੰਤ ਗੌਰ ਨਾ ਕੀਤਾ ਗਿਆ, ਤਾਂ ਉਨ੍ਹਾਂ ਨੂੰ ਸੰਘਰਸ਼ ਵਿੱਚਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਕਾਮਰੇਡ ਬਲਰਾਮ ਸਿੰਘ, ਦੇਵ ਰਾਜ ਵਰਮਾ, ਅਬਦੇਸ਼ ਪਾਂਡੇ, ਰਾਮ ਧਨੀ, ਤਹਿਸੀਲਦਾਰ, ਸੁਦੇਸਵਰ ਤਿਵਾੜੀ, ਅਜੀਤ ਕੁਮਾਰ, ਅਮਰਦੀਪ, ਹਰਜੀਤ ਸਿੰਘ, ਸੁਨੀਲ ਰਿਸ਼ੀ, ਫੁਲ ਬਦਨ ਤੇ ਮੁਕੇਸ ਕੁਮਾਰ ਨੇ ਵੀ ਸੰਬੋਧਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


