* ਟਰੱਸਟ ਸੋਫੀ ਪਿੰਡ ਵਲੋਂ ਭੰਤੇ ਪੂਰਨਿਮਾ ਜੀ ਨੂੰ ਚੀਵਰਦਾਨ *ਦਾਦੂਵਾਲ ਵੱਲੋਂ ਡਿਸਪੈਂਸਰੀ ਲਈ ਦਵਾਈਆਂ ਦਾਨ
ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਬੁੱਧ ਵਿਹਾਰ ਸੋਫੀ ਪਿੰਡ ‘ਚ ਭੰਤੇ ਪੂਰਨਿਮਾ ਨਵੀਂ ਦਿੱਲੀ ਨੇ ਉਪਾਸਕਾਂ ਨੂੰ ਕਿਹਾ ਕਿ ਭਾਰਤ ਨੂੰ ਬੁੱਧ ਦਾ ਦੇਸ਼ ਕਹਾਉਣ ਦਾ ਮਾਣ ਹਾਸਿਲ ਹੈ। ਤਥਾਗਤ ਬੁੱਧ ਨੇ ਹਮੇਸ਼ਾ ਵਿਸ਼ਵ ਵਿੱਚ ਸ਼ਾਂਤੀ, ਪ੍ਰੇਮ, ਬਰਾਬਰੀ, ਸੁਤੰਤਰਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ । ਉਹਨਾਂ ਭਾਰਤ ਸਰਕਾਰ ਤੋਂ ਬੋਧ ਗਯਾ ਮਹਾਂਬੁੱਧ ਮਹਾਂਵਿਹਾਰ ਨੂੰ ਗੈਰ ਬੋਧੀਆਂ ਤੋਂ ਮੁਕਤ ਕਰਾਉਣ ਦੀ ਮੰਗ ਕੀਤੀ। ਇੱਥੇ ਦਾ ਸਾਰਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਬੌਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ। ਭੰਤੇ ਜੀ ਨੇ ਉਪਾਸਕਾਂ ਨੂੰ ਪੰਚਸ਼ੀਲ ‘ਤੇ ਚੱਲਣ ਲਈ ਪ੍ਰੇਰਿਆ। ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਭੰਤੇ ਪੂਰਨਿਮਾ ਜੀ ਨੂੰ ਚੀਵਰਦਾਨ ਦਿੱਤਾ ਗਿਆ। ਟਰੱਸਟ ਦੇ ਜਨਰਲ ਸਕੱਤਰ ਐਡਵੋਕੇਟ ਹਰਭਜਨ ਸਾਂਪਲਾ ਨੇ ਭੰਤੇ ਪੂਰਨਿਮਾ ਜੀ ਦਾ ਇੱਥੇ ਪਹੁੰਚਣ ‘ਤੇ ਧੰਨਵਾਦ ਕੀਤਾ। ਐਡਵੋਕੇਟ ਸਾਂਪਲਾ ਜੀ ਨੇ ਕਿਹਾ ਕਿ ਬੌਧ ਗਯਾ ਮੁਕਤੀ ਅੰਦੋਲਨ ‘ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ। ਭੰਤੇ ਪੂਰਨਿਮਾ ਜੀ ਨੇ 1992 ਵਿੱਚ ਬੌਧ ਗਯਾ ਮੁਕਤੀ ਅੰਦੋਲਨ ਲਈ ਵੀ ਵੱਡਾ ਯੋਗਦਾਨ ਪਾਇਆ ਸੀ। ਐਡਵੋਕੇਟ ਸਾਂਪਲਾ ਵੱਲੋਂ ਦਾਦੂਵਾਲ ਜੀ ਦਾ ਦਵਾਈਆਂ ਦਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਮੰਗਾ ਰਾਮ ਬੌਧ ਦਾਦੂਵਾਲ ਵੱਲੋਂ ਬੁੱਧ ਵਿਹਾਰ ‘ਚ ਚੱਲ ਰਹੀ ਡਿਸਪੈਂਸਰੀ ਲਈ ਦਵਾਈਆਂ ਦਾਨ ਕੀਤੀਆਂ ਗਈਆਂ , ਜੋ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਹਨ।ਇਸ ਸਮੇਂ ਡਾ. ਅਵਿਨਾਸ਼ ਸੋਂਧੀ, ਚਮਨ ਸਾਂਪਲਾ, ਨਰੇਸ਼ ਸਾਂਪਲਾ, ਡਾ. ਗੁਰਪਾਲ ਚੌਹਾਨ, ਲੈਂਬਰ ਬੰਗੜ, ਗੌਤਮ ਸਾਂਪਲਾ,ਰੇਸ਼ਮ ਲਾਲ ਸਾਬਕਾ ਸਰਪੰਚ ਸੋਫੀ ਪਿੰਡ,ਰਮਜੂ ਰਾਮ ਬਸਪਾ ਆਗੂ ,ਸਤੀਸ਼ ਕੁਮਾਰ ਬਸਪਾ ਕਲੱਸਟਰ ਪ੍ਰਧਾਨ , ਰੱਜਤ , ਅਵਿਨਾਸ਼ ,ਸਰਦਾਰੀ ਲਾਲ, ਸ਼੍ਰੀਮਤੀ ਮਨਜੀਤ ਕੌਰ ਸਾਂਪਲਾ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਿਲ ਸਨ।



