ਝੂਠੇ ਪਰਚਿਆਂ, ਨਜਾਇਜ਼ ਗ੍ਰਿਫਤਾਰੀਆਂ ਤੇ ਬੇਗੁਨਾਹਾਂ ਦੇ ਚਲਾਨ ਪੇਸ਼ ਕਰਨ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ
ਜੇਕਰ ਲੋਕਾਂ ਨਾਲ ਧੱਕੇਸ਼ਾਹੀ ਨਾ ਰੁਕੀ ਤਾਂ ਫਿਰ ਬੂਟਾ ਮੰਡੀ ‘ਚ ਹੀ ਕੀਤਾ ਜਾਵੇਗਾ ਪ੍ਰਦਰਸ਼ਨ

ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਅੱਜ ਐਤਵਾਰ ਨੂੰ ਇੱਥੇ ਬੂਟਾ ਮੰਡੀ ਵਿਖੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਜ਼ਿਲ੍ਹੇ ਵਿੱਚ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ, ਨਜਾਇਜ਼ ਗ੍ਰਿਫਤਾਰੀਆਂ ਤੇ ਬੇਗੁਨਾਹ ਲੋਕਾਂ ਦੇ ਚਲਾਨ ਪੇਸ਼ ਕਰਨ ਦੇ ਮਾਮਲੇ ਵਿੱਚ ਕੀਤਾ ਗਿਆ। ਧਰਨੇ ਦੀ ਅਗਵਾਈ ਬਸਪਾ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ ਤੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤੀ। 
ਇਸ ਮੌਕੇ ‘ਤੇ ਬਸਪਾ ਆਗੂਆਂ ਨੇ ਕਿਹਾ ਕਿ ਸੂਬੇ ‘ਚ ਜਦੋਂ ਦੀ ਆਪ ਸਰਕਾਰ ਬਣੀ ਹੈ, ਉਦੋਂ ਤੋਂ ਹੀ ਆਮ ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ, ਖਾਸ ਕਰਕੇ ਹਲਕਾ ਕਰਤਾਰਪੁਰ ਵਿੱਚ ਬਹੁਤ ਵੱਡੇ ਪੱਧਰ ‘ਤੇ ਬੇਗੁਨਾਹ ਲੋਕਾਂ ‘ਤੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਝੂਠੇ ਪਰਚਿਆਂ ਵਿੱਚ ਬੇਗੁਨਾਹ ਲੋਕਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ਕਰਕੇ ਉਨ੍ਹਾਂ ਨੂੰ ਜੇਲ੍ਹਾਂ ‘ਚ ਭੇਜਿਆ ਜਾ ਰਿਹਾ ਹੈ। ਇਸ ਤਰ੍ਹਾਂ ਸੱਤਾਧਾਰੀ ਧਿਰ ਆਪ ਤੇ ਪੁਲਿਸ ਵੱਲੋਂ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਤੇ ਉਨ੍ਹਾਂ ਦੇ ਹੱਕ ਕੁਚਲੇ ਜਾ ਰਹੇ ਹਨ। ਬਸਪਾ ਆਗੂਆਂ ਨੇ ਕਿਹਾ ਕਿ ਜਿਹੜੇ ਲੋਕ ਡੀਜੀਪੀ ਪੰਜਾਬ ਵੱਲੋਂ ਕਰਵਾਈ ਗਈ ਜਾਂਚ ਵਿੱਚ ਬੇਗੁਨਾਹ ਸਾਬਿਤ ਹੋ ਚੁੱਕੇ ਹਨ, ਉਨ੍ਹਾਂ ਦੇ ਵੀ ਐਸਐਸਪੀ ਜਲੰਧਰ ਦਿਹਾਤੀ ਵੱਲੋਂ ਚਲਾਨ ਪੇਸ਼ ਕੀਤੇ ਜਾ ਰਹੇ। ਇਸੇ ਤਰ੍ਹਾਂ ਹੀ ਸ਼ਹਿਰ ਵਿੱਚ ਵੀ ਪੁਲਿਸ ਨੂੰ ਲੋਕਾਂ ਦੀ ਸੁਣਵਾਈ ਦੇ ਲਈ ਸੁਧਾਰ ਦੀ ਜਰੂਰਤ ਹੈ ਤਾਂ ਕਿ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ ਨਾ ਹੋਵੇ। ਇਸ ਮੌਕੇ ‘ਤੇ ਬਸਪਾ ਆਗੂਆਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਰਪੰਚਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਬੀਡੀਪੀਓ ਪੱਧਰ ਦੇ ਅਧਿਕਾਰੀਆਂ ਵੱਲੋਂ ਸੱਤਾ ਧਿਰ ਨਾਲ ਸੰਬੰਧ ਨਾ ਰੱਖਣ ਵਾਲੇ ਸਰਪੰਚਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੇ ਮਾਮਲਿਆਂ ਨੂੰ ਲੈ ਕੇ ਬਸਪਾ ਵੱਲੋਂ ਆਪ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਬੂਟਾ ਮੰਡੀ ਵਿਖੇ ਰੋਸ ਮਾਰਚ ਵੀ ਕੀਤਾ ਗਿਆ ਅਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਪੁਤਲਾ ਵੀ ਫੂਕਿਆ ਗਿਆ। ਬਸਪਾ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਨਾ ਰੁਕੀ ਤਾਂ ਆਉਣ ਵਾਲੇ ਦਿਨਾਂ ‘ਚ ਬੂਟਾ ਮੰਡੀ ‘ਚ ਹੀ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਸਪਾ ਦੇ ਸੂਬਾ ਸਕੱਤਰ ਇੰਜ. ਜਸਵੰਤ ਰਾਏ, ਪਰਮਜੀਤ ਮੱਲ, ਜਗਦੀਸ਼ ਦੀਸ਼ਾ ਬੂਟਾ ਮੰਡੀ, ਐਡਵੋਕੇਟ ਪ੍ਰਿਤਪਾਲ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਲਵਿੰਦਰ ਕੁਮਾਰ, ਜ਼ਿਲ੍ਹਾ ਪ੍ਰਧਾਨ ਦਿਹਾਤੀ ਜਗਦੀਸ਼ ਸ਼ੇਰਪੁਰੀ, ਕੌਂਸਲਰ ਦਵਿੰਦਰ ਗੋਗਾ, ਵਿਜੇ ਯਾਦਵ, ਖੁਸ਼ੀ ਰਾਮ ਸਰਪੰਚ, ਸੁਖਵਿੰਦਰ ਬਿੱਟੂ ਫਿਲੌਰ, ਦੇਵਰਾਜ ਸੁਮਨ, ਬਲਵਿੰਦਰ ਰੱਲ੍ਹ, ਰਣਜੀਤ ਕੁਮਾਰ, ਅਸ਼ੋਕ ਸਈਪੁਰ, ਹਰਮੇਸ਼ ਖੁਰਲਾ ਕਿੰਗਰਾ, ਗੁਰਪਾਲ ਪਾਲਾ, ਕਮਲ ਬਾਦਸ਼ਾਹਪੁਰ, ਸ਼ਾਦੀ ਲਾਲ ਬੱਲਾਂ, ਅਮਰਜੀਤ ਨੰਗਲ, ਚਮਨ ਘੋੜੇਵਾਹੀ, ਹਨੀ ਵਿਰਦੀ ਆਦਿ ਆਗੂ ਵੀ ਮੌਜ਼ੂਦ ਸਨ।



