ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਇਨਕਲਾਬੀ ਪੱਖ
( ਮਾਸਟਰ ਪ੍ਰਭਜੀਤ ਸਿੰਘ ਰਸੂਲਪੁਰ )
(ਸਮਾਜ ਵੀਕਲੀ)- ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ ਦਾ ਸਮਾਂ ਆਲਮੀ ਤਵਾਰੀਖ ਵਿੱਚ ਵਿਚਾਰਧਾਰਕ ਸੰਘਰਸ਼, ਡੂੰਘੇ ਮੰਥਨ, ਮਹਾਨ ਭੂਗੋਲਿਕ ਲੱਭਤਾਂ, ਅਤੇ ਕੁਦਰਤੀ ਵਿਗਿਆਨ ਦੇ ਖੇਤਰ ਵਿਚ ਮਹਾਨ ਪ੍ਰਾਪਤੀਆਂ ਦਾ ਸਮਾਂ ਹੈ ਜਿਸ ਨੇ ਸੰਸਾਰ ਨੂੰ ਟਾਮਸ ਮੂਰ,ਜੋਨ ਆਫ ਆਰਕ ,ਮਾਰਟਨਲੂਥਰ, ਕਾਪਰਨਿਕਸ ਅਤੇ ਗਿਊਰਡਾਕੋ ਵਰਗੀਆਂ ਸਖਸ਼ੀਅਤਾਂ ਦਿੱਤੀਆਂ। ਜਿਹਨਾਂ ਨੇ ਸਮਾਜ ਨੂੰ ਕੋਈ ਨਾ ਕੋਈ ਦੇਣ ਦਿੱਤੀ। ਉਹਨਾਂ ਦੇ ਰਸਤੇ ਤੇ ਚੱਲਣ ਕਰਕੇ ਹੀ ਸੰਸਾਰ ਨੇ ਅੱਜ ਦੇ ਸਮਾਜ ਚ ਪ੍ਰਵੇਸ਼ ਕੀਤਾ। ਮਹਾਨ ਮਾਨਵਵਾਦੀ ਵਿਦਵਾਨਾਂ ਵਿਚ ਇੱਕ ਹੋਰ ਨਾਮ ਮੂਹਰਲੀ ਕਤਾਰ ਵਿਚ ਆਉਂਦਾ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ । ਉਹਨਾਂ ਦੇ ਦ੍ਰਿੜਤਾ, ਨਿਡਰਤਾ, ਮਾਨਵਵਾਦੀ ਅਤੇ ਕ੍ਰਾਂਤੀਕਾਰੀ ਪੈਂਤੜੇ ਕਾਰਨ ਪੰਦਰ੍ਹਵੀਂ ਸਦੀ ਇੱਕ ਅਜਿਹੇ ਵੱਡੇ ਸਮਾਜੀ ਬਦਲਾਅ ਦੀ ਪ੍ਰਤੀਕ ਹੋ ਨਿਬੜੀ ਜਿਸ ਨੇ ਦੁਨੀਆ ਨੂੰ ਇਨਕਲਾਬ ਦੀ ਅਸਲੀ ਪ੍ਰੀਭਾਸ਼ਾ ਅਤੇ ਸਮਾਜਿਕ ਕ੍ਰਾਂਤੀ ਦੀ ਜਾਂਚ ਦੱਸੀ ਸੀ। ਉਸ ਸਮੇਂ ਮਨੁੱਖ ਨੂੰ ਮਨੁੱਖ ਦੁਆਰਾ ਹੀ ਰਾਜਸੀ,ਸਮਾਜਕ, ਧਾਰਮਕ ਅਤੇ ਆਰਥਿਕ ਤੌਰ ਤੇ ਲੁੱਟਿਆ ਜਾ ਰਿਹਾ ਸੀ । ਇਸ ਤਰਾਂ ਮਨੁੱਖ ਦੁਆਰਾ ਮਨੁੱਖ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਖਿਲਾਫ਼ ਗੁਰੂ ਜੀ ਨੇ ਸੰਘਰਸ਼ ਦਾ ਬਿਗਲ ਵਜਾ ਕੇ ਮਨੁੱਖੀ ਅਧਿਕਾਰਾਂ ਦੀ ਲੜਾਈ ਸ਼ੁਰੂ ਕਰਨ ਲਈ ਵੱਖਰੇ ਰਾਹ,ਵੱਖਰੇ ਧਰਮ ਅਤੇ ਵੱਖਰੀ ਕੌਮ ਦੀ ਲੋੜ ਨੂੰ ਮਹਿਸੂਸ ਕਰਦਿਆਂ ਇਸ ਔਖੇ ਮਾਰਗ ਦੇ ਪਾਂਧੀ ਬਣਦਿਆਂ ਇੱਕ ਵਿਗਿਆਨਕ ਧਰਮ ਦੀ ਨੀਂਹ ਰੱਖੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ,” ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ।” ਇਸ ਤੋਂ ਬਾਅਦ “ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸ ਆਈ “, ਅਨੁਸਾਰ ਉਹਨਾਂ ਨੇ ਬੜੇ ਹੀ ਸੀਮਤ ਸਾਧਨਾਂ ਦੇ ਬਾਵਜੂਦ 24 ਸਾਲਾਂ ਵਿੱਚ 28000 ਕਿ ਮੀ ਤੋਂ ਵੱੱਧ ਦੀ ਯਾਤਰਾ , ਭੁੱਲੀ ਫਿਰਦੀ ਲੋਕਾਈ ਨੂੰ ਸੱਚ ਦੇ ਰਾਹ ਤੇ ਪਾਉਣ ਲਈ ਕੀਤੀ। ਗੁਰੂ ਨਾਨਕ ਦੇਵ ਜੀ ਦਾ ਸਾਰਾ ਜੀਵਨ ਤੇ ਬਾਣੀ ਸਾਰੀ ਲੋਕਾਈ ਨੂੰ ਰਾਹ ਵਿਖਾਉਂਦੀ ਹੈ । ਸੱਚ ਇਹ ਹੈ ਕਿ ਉਨ੍ਹਾਂ ਦੇ ਪ੍ਰਕਾਸ਼ ਦਿਵਸ ਤੇ ਅਸੀਂ ਧੁੰਦ ਮਿਟਣ ਅਤੇ ਚਾਨਣ ਹੋਣ ਦੀ ਗੱਲ ਕਰਦੇ ਹਾਂ ।
ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਕਰਮਕਾਂਡੀ ਸਦਾਚਾਰ ਤੋਂ ਵੱਖ ਕਰਕੇ ਹਰ ਖੇਤਰ ਵਿਚ ਧਰਮ ਦਾ ਸਹੀ ਸਥਾਨ ਨਿਸ਼ਚਿਤ ਕੀਤਾ। ਮਹਾਨ ਕ੍ਰਾਂਤੀਕਾਰੀ ਧਾਰਮਕ ਰਹਿਬਰ ਸ੍ਰੀ ਗੁਰੂੁ ਨਾਨਕ ਦੇਵ ਜੀ ਦੀ ਵਿਚਾਰਧਾਰਾ ਸਮੇਂ, ਸਥਾਨ ਅਤੇ ਵਿਸ਼ਾ ਪੱਖ ਤੋਂ ਬਹੁਤ ਵਿਸ਼ਾਲ ਅਤੇ ਵਿਸ਼ਵ ਵਿਆਪੀ ਘੇਰੇ ਵਾਲੀ ਸਮਝੀ ਜਾਂਦੀ ਹੈ। ਉਹਨਾਂ ਦੀ ਉਪਦੇਸ਼ਮਈ ਬਾਣੀ ਨੇ ਚਿਰਾਗ ਬਣਕੇ ਕਰਮ ਕਾਂਡ, ਫੋਕਟ ਧਰਮ, ਭਰਮ ਭੁਲੇਖਿਆਂ ਅਤੇ ਅੰਧ-ਵਿਸ਼ਵਾਸ ਰੂਪੀ ਹਨੇਰੇ ਨੂੰ ਮਿਟਾਇਆ ਸੀ।
ਜਦੋਂ ਗੁਰੂ ਜੀ ਆਪਣੇ ਰਾਹਾਂ ਤੇ ਚਲਣ ਲਈ ਸਾਨੂੰ ਸਿੱਖਿਆ ਦਿੰਦੇ ਹਨ ਤਾਂ ਨਾਲ ਹੀ ਸਾਨੂੰ ਇਹ ਗੱਲ ਸਾਫ ਵੀ ਕਰ ਦਿੰਦੇ ਹਨ ਕਿ ਮੇਰੇ ਪ੍ਰਭੂ ਪ੍ਰੇਮ ਵਾਲੇ ਰਸਤੇ ਤੇ ਚਲਣਾ ਹੈ ਤਾਂ ਸਿਰ ਤਲੀ ‘ਤੇ ਵੀ ਧਰਨਾ ਪੈਣਾ ਹੈ । ਅੱਗੇ ਹੋਰ ਇਹ ਵੀ ਲਿਖਦੇ ਹਨ ਕਿ ਜੇ ਕਰ ਇਸ ਰਸਤੇ ਤੇ ਪੈਰ ਪਾਉਣਾ ਹੈ ਤਾਂ ਸਿਰ ਕੁਰਬਾਨ ਕਰਨ ਤੋਂ ਵੀ ਝਿਜਕਣਾ ਨੀ ਚਾਹੀਦਾ ।ਇਹ ਸਭ ਕੁਝ ਪੜ੍ਹ ਕੇ ਗਿਆਨ ਹੋ ਜਾਂਦਾ ਹੈ ਕਿ ਗੁਰੂ ਬਾਬੇ ਵਾਲਾ ਇਹ ਅਨੋਖਾ ਰਸਤਾ ਮਹਿਜ਼ ਰੱਬ -ਰੱਬ ਕਰਨ ਵਾਲਾ ਰਸਤਾ ਨਹੀਂ ਸੀ । ਅਸਲ ਵਿਚ ਇਹ ਰਸਤਾ ਇੱਕ ਇਨਕਲਾਬੀ ਰਸਤਾ ਸੀ ਜਿਸ ਤੇ ਚਲਣ ਸਮੇ ਸਾਨੂੰ ਘਰ, ਪਰਿਵਾਰ, ਸਮਾਜ ਅਤੇ ਸਰਕਾਰ ਤੋਂ ਬਾਗੀ ਹੋਣਾ ਪੈਣਾ ਸੀ | ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ || ਦੇ ਮਹਾਂ ਵਾਕ ਅਨੁਸਾਰ ਗੁਰੂ ਬਾਬਾ ਜਿੱਧਰ ਵੀ ਵੇਖੇ ਉਸ ਪਾਸੇ ਹਾਹਾਕਾਰ ਹੀ ਮਚੀ ਹੋਈ ਸੀ ਤਾਂ ਗੁਰੂ ਜੀ “ਚੜਿਆ ਸੋਧਣਿ ਧਰਤਿ ਲੋਕਾਈ ” ਅਨੁਸਾਰ ਕੁੱਲ ਆਲਮ ਨੂੰ ਸੁਧਾਰਨ ਲਈ ਨਿਕਲ ਪਏ | ਗੁਰੂ ਜੀ ਨੇ ਵੇਖਿਆ ਕੇ ਬਹੁਤ ਲੋਕਾਂ ਦਾ ਜਿਉਣਾ ਇਸ ਕਰਕੇ ਦੁੱਭਰ ਹੋਇਆ ਪਿਆ ਸੀ ਕੇ ਉਹ ਅਖੌਤੀ ਨੀਵੀ ਜਾਤੀ ਵਿਚ ਜਨਮੇ ਸਨ । ਉਨ੍ਹਾਂ ਨੇ ਜਾਤ ਪਾਤ ਤੋਂ ਦੁਖੀ ਲੋਕਾਂ ਦੀ ਬਾਹ ਫੜੀ । ਆਪ ਨੇ ਕਿਹਾ “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ || ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ”|| (ਅੰਗ ੧੫) ਆਪ ਇਸ ਸ਼ਬਦ ਵਿਚ ਅੱਗੇ ਜਾ ਕੈ ਲਿਖਦੇ ਹਨ ਕੈ ਜਿਥੇ ਇਹ ਨੀਚ ਕਹੇ ਜਾਣ ਵਾਲੇ ਲੋਕ ਗਲ ਨਾਲ ਲਾਏ ਜਾਂਦੇ ਹੋਣ ਓਥੇ ਹੀ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ|
ਗੁਰੂ ਜੀ ਨੇ ਦੁਰਕਾਰੇ ਜਾਂਦੇ ਹਰ ਵਰਗ ਲਈ ਹਾਅ ਦਾ ਨਾਅਰਾ ਮਾਰਿਆ ਜਦ ਔਰਤ ਨੂੰ “ਤਾੜਨ ਕੈ ਅਧਿਕਾਰੀ” ਦੀ ਗਿਣਤੀ ਵਿਚ ਰੱਖਿਆ ਗਿਆ ਸੀ ਅਤੇ ਔਰਤ ਨੂੰ “ਬਾਘਿਨ” ਅਤੇ ਅਪਵਿੱਤਰ ਵੀ ਆਖਿਆ ਗਿਆ ਸੀ ਤਾਂ ਗੁਰੂ ਜੀ ਦਾ ਪ੍ਰਤੀਕਰਮ ਬੜਾ ਹੀ ਵਿਦਵਤਾ ਅਤੇ ਪਰਖ ਦੇ ਅਧਾਰਤ ਸੀ ਉਨ੍ਹਾਂ ਨੇ ਜਵਾਬ ਦਿਤਾ ਕਿ ਸਾਨੂੰ ਔਰਤ ਹੀ ਜਨਮ ਦਿੰਦੀ ਹੈ ਹੀ ਸਾਨੂੰ ਦੁੱਧ ਪਿਲਾ ਕੇ ਵੱਡਾ ਕਰਦੀ ਹੈ ਇਸ ਨਾਲ ਵਿਆਹ ਕਰਵਾ ਕੇ ਹੀ ਅਸੀ ਆਪਣੀ ਪੀੜੀ ਨੂੰ ਅੱਗੇ ਤੋਰਦੇ ਹਾਂ ਫਿਰ ਅਸੀ ਇਸਦਾ ਸਤਿਕਾਰ ਕਿਉਂ ਨਹੀਂ ਕਰਦੇ ? ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਨੂੰ ਮੰਦਾ ਕਿਵੇਂ ਕਿਹਾ ਜਾ ਸਕਦਾ ? ਇਸ ਤਰ੍ਹਾਂ ਗੁਰੂ ਜੀ ਨੇ ਔਰਤ ਦੇ ਹੱਕ ਵਿਚ ਪਹਿਲੀ ਆਵਾਜ਼ ਉਠਾਈ |
ਗੁਲਾਮ ਹੋ ਚੁੱਕੇ ਭਾਰਤੀਆਂ ਦੀ ਅਣਖ ਤਾਂ ਮਰ ਹੀ ਚੁਕੀ ਸੀ ਆਪਨੇ ਇਸ ਮਰੀ ਹੋਈ ਅਣਖ ਨੂੰ ਜਗਾਉਣ ਲਈ ਬਾਬਰ ਨੂੰ ‘ਜ਼ਾਬਰ’ ਤੱਕ ਆਖ ਦਿੱਤਾ| ਬਾਬਰ ਦੇ ਹਮਲੇ ਸਮੇ ਹੋਏ ਅਤਿਆਚਾਰਾਂ ਨੂੰ ਅੱਖੀਂ ਵੇਖ ਕੇ ਰੱਬ ਨੂੰ ਵੀ ਉਲਾਂਭਾ ਦਿੰਦੇ ਹੋਏ ਪ੍ਰਸ਼ਨ ਕੀਤਾ ਕਿ ਤੈਨੂੰ ਐਡਾ ਵੱਡਾ ਕਤਲੇਆਮ ਵੇਖ ਕੇ ਦੁਖੀ ਲੋਕਾਂ ਦਾ ਦਰਦ ਮਹਿਸੂਸ ਕਿਊ ਨਾ ਹੋਇਆ ? ਉਸ ਸਮੇ ਲੁੱਟ ਮਾਰ, ਅਰਾਜਕਤਾ ਅਤੇ ਭ੍ਰਿਸ਼ਟਾਚਾਰ ਨੂੰ ਵੇਖ ਕੇ “ਰਾਜੇ ਸੀਹ ਮੁੱਕਦਮ ਕੁੱਤੇ” ਤਕ ਆਖ ਕੇ ਰਾਜਪ੍ਰਬੰਧ ਨੂੰ ਝਾੜ ਪਾਈ । ਇਸ ਕਰਕੇ ਆਪਨੂੰ ਜੇਲ੍ਹ ਵੀ ਜਾਣਾ ਪਿਆ |
ਗੁਰੂ ਜੀ ਨੇ ਸਾਨੂੰ ਖ਼ੁਦ ਨੂੰ ਸਚਿਆਰਾ ਬਣਾਉਣ ਦੀ ਸਿੱਖਿਆ ਦਿੱਤੀ ਹੈ ਗੁਰੂ ਜੀ ਉਦਾਸੀਆਂ ਸਮੇ ਜਿਥੇ ਵੀ ਕੁਝ ਦਿਨ ਰੁਕ ਕੇ ਪ੍ਰਚਾਰ ਕਰਦੇ ਸਨ ਉਥੇ ਅੱਗੇ ਚਲਣ ਤੋਂ ਪਹਿਲਾ ਆਪਣੇ ਸ਼ਰਧਾਲੂ ਬਣ ਚੁਕੇ ਗੁਰਸਿੱਖਾਂ ਨੂੰ ਅਪਣੇ ਸੇਵਾਦਾਰ ਨਾਮਜ਼ਦ ਕਰਕੇ ਹੀ ਅੱਗੇ ਚਲਦੇ ਸਨ ਇਸ ਤਰ੍ਹਾਂ ਸੰਗਤ ਦੀ ਸੰਸਥਾ ਦਾ ਮੁੱਢ ਬੱਝਾ ਗੁਰੂ ਜੀ ਦੇ ਉੱਤਰਾਧਿਕਾਰੀਆਂ ਨੇ ਅਜਿਹੀਆਂ ਥਾਵਾਂ ਤੇ ਨਗਰ ਵੀ ਵਸਾਏ ਜੋ ਮਨੁੱਖੀ ਬਰਾਬਰਤਾ ਵਾਲੇ ਸਮਾਜ ਦੇ ਵਿਕਾਸ ਦੀ ਉਦਾਹਰਣ ਬਣੇ |ਗੁਰੂ ਜੀ ਨੇ ਅਣਖ ਤੇ ਇਜ਼ਤ ਵਾਲਾ ਜੀਵਨ ਜਿਉਣ ਦੀ ਗੱਲ ਕਰਦਿਆਂ ਕਿਹਾ ਕਿ “ਜੇ ਜੀਵੈ ਪਤਿ ਲਥੀ ਜਾਇ || ਸਭੁ ਹਰਾਮੁ ਜੇਤਾ ਕਿਛੁ ਖਾਇ || (ਅੰਗ ੧੪੨)
ਗੁਰੂ ਜੀ ਨੇ ਮਨੁੱਖਤਾ ਦੀ ਸੇਵਾ ਕਰਨ ਦੀ ਸਿੱਖਿਆ ਦਿਤੀ ਹੈ| ਉਹਨਾਂ ਨੇ ਅਮੀਰਾਂ ਵੱਲੋਂ ਗਰੀਬਾਂ ਦੇ ਮਾਰੇ ਜਾ ਰਹੇ ਹੱਕ ਦੇ ਖਿਲਾਫ ਆਵਾਜ਼ ਉਠਾਈ | ਉਨ੍ਹਾਂ ਆਰਥਿਕ ਸੋਸ਼ਣ ਕਰਨ ਵਾਲਿਆਂ ਨੂੰ ਫਿਟਕਾਰ ਪਾਉਂਦੇ ਕਿਹਾ ਕਿ ਪਰਾਇਆ ਹੱਕ ਖਾਣਾ ਇੱਕ ਹਿੰਦੂ ਲਈ ਗਊ ਦਾ ਮਾਸ ਖਾਣ ਬਰਾਬਰ ਹੈ ਅਤੇ ਮੁਸਲਿਮ ਲਈ ਇਹ ਸੂਰ ਦਾ ਮਾਸ ਖਾਣ ਬਰਾਬਰ ਹੈ | ਉਨ੍ਹਾਂ ਨੇ ਸਵਾਲ ਕੀਤਾ ਕਿ ਜੇ ਖੂਨ ਦਾ ਇਕ ਤੁਪਕਾ ਤੁਹਾਡੇ ਕੱਪੜਿਆਂ ਤੇ ਪੈ ਜਾਵੇ ਤਾਂ ਤੁਸੀ ਨਵੇਂ ਕੱਪੜਿਆਂ ਨੂੰ ਵੀ ਮਲੀਨ ਆਖ ਕੇ ਉਤਾਰ ਦਿੰਦੇ ਹੋ ਪਰ ਜਦ ਤੁਸੀ ਗਰੀਬ ਦੀ ਖੂਨ ਪਸੀਨਾ ਵਹਾ ਕੇ ਕਰੀਂ ਸਾਰੀ ਕਮਾਈ ਹੜੱਪ ਕਰ ਜਾਂਦੇ ਹੋ ਤਾਂ ਤੁਹਾਡਾ ਮਨ ਕਿਧਰੋਂ ਪਵਿੱਤਰ ਰਹਿ ਜਾਵੇਗਾ ? ਧਾਰਮਿਕ ਦਿੱਖ ਬਣਾ ਕੇ ਲੋਕਾਂ ਨੂੰ ਲੁੱਟਣ ਵਾਲਿਆਂ ਦਾ “ਮਥੈ ਟਿਕਾ ਤੇੜਿ ਧੋਤੀ ਕਖਾਈ || ਹਥਿ ਛੁਰੀ ਜਗਤ ਕਾਸਾਈ.” (ਅੰਗ ੪੭੧) ਆਖ ਕੇ ਖੰਡਨ ਕੀਤਾ ਹੈ ਇਸ ਤਰ੍ਹਾਂ ਆਪ ਨੇ ਹਰ ਲੁੱਟਣ ਅਤੇ ਸ਼ੋਸ਼ਣ ਕਰਨ ਵਾਲੇ ਦਾ ਵਿਰੋਧ ਕੀਤਾ ਹੈ | ਆਪ ਨੇ ਮਨੁੱਖ ਦੀ ਰਾਜਨਿਤਕ ਸੁਤੰਤਰਤਾ ਦੇ ਨਾਲ ਨਾਲ ਰਾਜਨਿਤਕ ਖੁਦਮੁਖਤਿਆਰੀ ਦਾ ਸਮਰਥਨ ਵੀ ਕੀਤਾ ਹੈ | ਗੁਰੂ ਜੀ ਮੁਤਾਬਿਕ ਰਾਜਾ ਪਰਜਾ ਦੀ ਪਾਲਣਾ ਕਰਨ ਵਾਲਾ ਹੁੰਦਾ ਹੈ ਅਤੇ ਲੋਕਾਂ ਦੀ ਪਾਲਣਾ ਨਾ ਕਰਨ ਵਾਲਾ ਰਾਜਾ, ਤਖ਼ਤ ਤੇ ਬੈਠਣ ਯੋਗ ਨਹੀਂ ਹੁੰਦਾ | ਰਾਜਗੱਦੀ ਤੇ ਓਹੀ ਗੁਣੀ ਗਿਆਨੀ ਰਾਜਾ ਟਿਕ ਸਕਦਾ ਹੈ ਜੋ ਲੋਕਰਾਇ ਅਤੇ ਲੋਕਮਤ ਅਨੁਸਾਰ ਚਲਦਾ ਹੋਵੇ ” ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ||” (ਅੰਗ ੯੯੨)
ਸੋ ਸਪੱਸ਼ਟ ਹੈ ਕਿ ਗੁਰੂ ਜੀ ਦੀ ਬਾਣੀ ਚੋਂ ਮਨੁੱਖੀ ਹੱਕਾਂ ਸੰਬੰਧੀ ਸੰਪੂਰਨ ਚਿੰਤਨ ਪ੍ਰਾਪਤ ਹੁੰਦਾ ਹੈ ਜੋ ਆਪ ਜੀ ਦੀ ਵਿਚਾਰਧਾਰਾ ਦੇ ਇਨਕਲਾਬੀ ਪੱਖ ਵਾਲੀ ਸਪੱਸ਼ਟ, ਨਿੱਗਰ ਅਤੇ ਵਿਲੱਖਣ ਸੋਚ ਨੂੰ ਉਭਾਰਦਾ ਹੈ.| ਦਰਅਸਲ ਆਪ ਜੀ ਦੀ ਬਾਣੀ ਇਕ ਨਿੱਡਰ, ਬੁਲੰਦ ਅਤੇ ਅਸਰ ਦਾਇਕ ਆਵਾਜ਼ ਸੀ ਜੋ ਇਕ ਹਲੇਮੀ ਰਾਜ ਦਾ ਅਧਾਰ ਬਣਦੀ ਹੈ | ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਬੇ ਗ਼ਮਪੁਰਾ ਅਤੇ ਅਨੰਦਪੁਰ ਦੇ ਸੰਕਲਪ ਨੂੰ ਵੀ ਮੇਲਦੀ ਹੈ । ਗੁਰੂ ਨਾਨਕ ਦੇਵ ਜੀ ਵਿਸਵ ਚੇਤਨਾ ਦੇ ਅਦਭੁੱਤ ਅਤੇ ਉਚਤਮ ਕ੍ਰਾਂਤੀਕਾਰੀ ਦਾਰਸ਼ਨਿਕ ਸਨ। ਉਹਨਾਂ ਦੀ ਸਦੀਵੀ ਸੱਚ ਅਤੇ ਧਰਮ ਆਧਾਰਿਤ ਸਦੀਵ ਕਾਲੀ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਕਾਰਨ ਉਹ ਰਹਿੰਦੀ ਦੁਨੀਆਂ ਤੱਕ ਰਹਿਬਰ ਏ ਕੁਲ ਆਲਮ ਬਣੇ ਰਹਿਣਗੇ। ਜੇਕਰ ਅਸੀਂ ਉਹਨਾਂ ਦੇ ਵਿਚਾਰਾਂ ਮੁਤਾਬਕ ਆਪਣਾ ਵਿਵਹਾਰ ਬਦਲ ਲਈਏ ਤਾਂ ਇਹੀ ਦੁਨੀਆਂ ਸਵਰਗ ਬਣ ਸਕਦੀ ਹੈ।
____
ਪ੍ਰਭਜੀਤ ਸਿੰਘ ਰਸੂਲਪੁਰ
ਸ ਹ ਸ ਕੁਹਾੜਾ , ਲੁਧਿਆਣਾ।
ਫੋਨ 9878023768