ਮਦਨਦੀਪ ਸਿੰਘ

(ਸਮਾਜ ਵੀਕਲੀ) ਜਦੋਂ ਅਸੀਂ “ਨਾਨੀ ਦੀਆਂ ਬਾਤਾਂ” ਵਰਗੀ ਕਿਤਾਬ ਪੜ੍ਹਦੇ ਹਾਂ, ਤਾਂ ਇਹ ਸਿਰਫ਼ ਇੱਕ ਪਾਠਕ ਅਨੁਭਵ ਨਹੀਂ ਰਹਿੰਦਾ ਸਗੋਂ ਆਤਮਕ ਯਾਤਰਾ ਬਣ ਜਾਂਦਾ ਹੈ। ਇਹ ਯਾਤਰਾ ਸਾਨੂੰ ਸਿਰਫ਼ ਬੀਤੀਆਂ ਯਾਦਾਂ ਵੱਲ ਨਹੀਂ ਲੈ ਜਾਂਦੀ, ਸਗੋਂ ਸਾਡੀ ਅੰਦਰਲੀ ਜੜ੍ਹਾਂ ਨਾਲ ਸਾਂਝ ਪਾਉਂਦੀ ਹੈ। ਹਰਪ੍ਰੀਤ ਕੌਰ ਸੰਧੂ ਦੀ ਲਿਖਤ ‘ਨਾਨੀ ਦੀਆਂ ਬਾਤਾਂ’ ਵਿਅਕਤੀਗਤ ਯਾਦਾਂ ਦੇ ਰੂਪ ਵਿੱਚ ਜਦੋਂ ਸਾਹਿਤ ਬਣਦੀ ਹੈ, ਤਾਂ ਇਹ ਸਿਰਫ਼ ਲੇਖਕਾ ਦੀ ਆਪਣੀ ਨਾਨੀ ਦੀ ਕਹਾਣੀ ਨਹੀਂ ਰਹਿੰਦੀ, ਸਗੋਂ ਉਹ ਹਰ ਉਸ ਮਨੁੱਖ ਦੀ ਅਕਥ ਕਹਾਣੀ ਬਣ ਜਾਂਦੀ ਹੈ, ਜੋ ਆਪਣੀ ਨਾਨੀ ਦੀ ਉਮਰ ਦੇ ਅਧੀਨ ਜਵਾਨ ਹੋਈ ਨਰਮ ਦਿਲੀ ਨੂੰ ਕਦੇ ਨਾ ਕਦੇ ਮਹਿਸੂਸ ਕਰ ਚੁੱਕਾ ਹੈ।
ਇਸ ਕਿਤਾਬ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਸੱਚਾਈ ਹੈ। ਕਿਤਾਬ ਦੀ ਲਿਖਤ ਵਿੱਚ ਵਿਅਕਤੀਗਤ ਵਿਵਰਣ ਸਿਰਫ਼ ਆਪਣੇ ਲਈ ਨਹੀਂ ਦਿੱਤੇ ਗਏ। ਇਹ ਸਾਡੀਆਂ ਸਭ ਦੀਆਂ ਬਾਤਾਂ ਹਨ ਪਰ ਬਹੁਤੇ ਲੋਕ ਨਿਜ ਦੀ ਜਟਲਤਾ ਵਿੱਚ ਫਸ ਕੇ ਭੁੱਲ ਚੁੱਕੇ ਹਨ। ‘ਨਾਨੀ’ ਇੱਥੇ ਇੱਕ ਵਿਅਕਤੀ ਨਹੀਂ, ਸੰਕਲਪ ਹੈ, ਆਤਮਾ ਵਿੱਚ ਵਸੇਬਾ ਕਰ ਚੁੱਕੀ ਸਦੀਵੀ ਮੌਜੂਦਗੀ ਹੈ।
ਨਾਨੀ ਜੋ ਤਲੀਆਂ ਦੀ ਖੁਸ਼ਬੂ, ਆਵਾਜ਼ ਦੀ ਠੰਢ, ਅਤੇ ਰਸੋਈ ਦੀ ਮਿੱਠੜੀ ਗੰਧ ਨਾਲ ਸਾਰਿਆਂ ਦੇ ਹਿਰਦਿਆਂ ਵਿੱਚ ਵੱਸਦੀ ਹੈ।
ਇਸ ਕਿਤਾਬ ਦੀ ਭਾਸ਼ਾ, ਇਕ ਪਾਸੇ ਜਿੱਥੇ ਸਰਲ ਤੇ ਲੋਕਧਾਰਾ ਦੀ ਆਤਮਕ ਪ੍ਰਤੀਕ ਬਣ ਜਾਂਦੀ ਹੈ।
ਉਹ ਭਾਸ਼ਾ ਜਿਸ ਵਿਚ ‘ਨਾਨੀ’ ਨੇ ਲੋਰੀ ਗਾਈ, ਉਹ ਭਾਸ਼ਾ ਜਿਸ ਰਾਹੀਂ ‘ਅਸੀਸਾਂ’ ਮਿਲਦੀਆਂ ਰਹੀਆਂ। ਕਿਤਾਬ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਦ ਤੱਕ ਭਾਸ਼ਾ ਦੀ ਸੰਵੇਦਨਾ ਨਾਲ ਸਾਂਝ ਬਣੀ ਰਹਿੰਦੀ ਹੈ, ਉਦੋਂ ਤੱਕ ਅਸੀਂ ਮੂਲ ਨਾਲ ਜੁੜੇ ਰਹਿੰਦੇ ਹਾਂ।
ਮੈਂ ਸਮਝਦਾ ਹਾਂ ਕਿ ‘ਨਾਨੀ ਦੀਆਂ ਬਾਤਾਂ’ ਸਿਰਫ਼ ਯਾਦਗਾਰੀ ਅਨੁਭਵ ਨਹੀਂ, ਸਗੋਂ ਮੂਲ ਨਾਲ ਸੰਵਾਦ ਹੈ। ਉਹ ਸੰਵਾਦ ਜੋ ਦੋ ਪੀੜ੍ਹੀਆਂ ਵਿਚਾਲੇ ਚੱਲ ਰਿਹਾ ਹੈ। ਨਾਨੀ ਦੀਆਂ ਗੱਲਾਂ ਅਤੇ ਨਾਨੀ ਦੇ ਦਿਲਾਸਿਆਂ ਭਰੀਆਂ ਕਹਾਣੀਆਂ ਤੇ ਪਿਆਰ ਲੇਖਕਾ ਨੇ ਨਾ ਸਿਰਫ਼ ਜ਼ਿੰਦਾ ਰੱਖਿਆ, ਸਗੋਂ ਲਿਖਤ ਰੂਪ ਦੇ ਕੇ ਭਵਿੱਖੀ ਪੀੜ੍ਹੀਆਂ ਲਈ ਸੰਭਾਲਿਆ ਹੈ। ਲੇਖਕਾ ਅਸਲ ਵਿੱਚ ਇਕ ਪੁਲ ਬਣ ਜਾਂਦੀ ਹੈ। ਇੱਕ ਪਾਸੇ ਨਾਨੀ ਦੀ ਪੁਰਖੀ ਦੁਨੀਆਂ ਅਤੇ ਦੂਜੇ ਪਾਸੇ ਅੱਜ ਦੀ ਭੌਤਿਕ ਜ਼ਿੰਦਗੀ।
ਇਹ ਕਿਤਾਬ, ਇਕ ਅਣਕਹੀ ਨਾਰੀ ਇਤਿਹਾਸ ਦੀ ਪ੍ਰਤੀਨਿਧੀ ਵੀ ਹੈ। ਘਰੇਲੂ ਕਾਰਜਾਂ ਵਿਚ ਰੁਝੀਆਂ ਰਹਿੰਦੀਆਂ ਔਰਤਾਂ ਦੀਆਂ ਕਹਾਣੀਆਂ, ਉਨ੍ਹਾਂ ਦੀਆਂ ਸਲਾਹਾਂ, ਉਨ੍ਹਾਂ ਦੇ ਰਸੋਈ ਦੱਸੇ ਨਿਯਮ, ਉਨ੍ਹਾਂ ਦੀਆਂ ਦੁਆਵਾ, ਇਹ ਸਭ ਉਨ੍ਹਾਂ ਅਣਲਿਖੀਆਂ ਤਾਕਤਾਂ ਦੇ ਰੂਪ ਹਨ, ਜੋ ਸਮਾਜ ਨੂੰ ਚੁੱਪਚਾਪ ਚਲਾਉਂਦੀਆਂ ਆਈਆਂ ਹਨ।
ਨਾਨੀ ਇੱਥੇ ਵਿਦਵਾਨ ਨਹੀਂ, ਪਰ ਗਿਆਨ ਦਾ ਪੁਰਖੀ ਇਤਿਹਾਸ ਹੈ, ਉਹ ਵਿਅਕਤੀ ਜੋ ਜੀਵਨ ਦੀਆਂ ਸਖ਼ਤ ਸੱਚਾਈਆਂ ਨੂੰ ਮੁਸਕਾਨ ਨਾਲ ਜਿਊਂਦੀ ਰਹੀ।
“ਨਾਨੀ ਦੀਆਂ ਬਾਤਾਂ” ਪੜ੍ਹਦੇ ਸਮੇਂ ਵਿਅਕਤੀ, ਅਤੀਤ ਦੀਆਂ ਯਾਦਾਂ, ਖ਼ਾਸਕਰ ਖ਼ੁਸ਼ਨੁਮਾ ਜਾਂ ਦਰਦਨਾਕ ਪਲਾਂ ਨੂੰ ਯਾਦ ਕਰਕੇ ਗਹਿਰੀਆਂ ਭਾਵਨਾਵਾਂ ਅਨੁਭਵ ਕਰਦਾ ਹੈ।
ਇਹ ਪਾਠਕ ਨੂੰ ਇਕ ਮੱਤ ਦੇਂਦੀ ਹੈ ਕਿ ਅਸਲੀ ਜ਼ਿੰਦਗੀ ਦੀ ਸ਼ਾਂਤੀ ਸਿਰਫ ਨਵੀਨਤਾ ਤੁਹਾਡੇ ਅਤੀਤ ਤੇ ਤੁਹਾਡੇ ਮੂਲ ਨਾਲ ਵੀ ਜੁੜੀ ਹੋਈ ਹੈ। ਲੇਖਕਾ ਨੇ ਨਾਨੀ ਦੇ ਰੂਪ ਵਿਚ ਇੱਕ ਆਇਡਿਆਲ ਮਨੁੱਖੀ ਸਬੰਧ ਦੀ ਪੇਸ਼ਕਸ਼ ਕੀਤੀ ਹੈ, ਜੋ ਤਕਨੀਕ ‘ਤੇ ਅਧਾਰਤ ਉਪਭੋਗਤਾਵਾਦੀ ਦੁਨੀਆਂ ਵਿਚ ਗੁੰਮ ਗਿਆ ਹੈ।
ਇਸ ਕਿਤਾਬ ਨੂੰ ਇੱਕ ਆਮ ਯਾਦਗਾਰੀ ਲਿਖਤ ਨਹੀਂ ਕਿਹਾ ਜਾ ਸਕਦਾ। ਇਹ ਇੱਕ ਆਤਮਕ ਸੰਸਕਾਰ ਦੀ ਕਿਤਾਬ ਹੈ, ਜੋ ਘਰ ਦੇ ਵੇਹੜੇ ਤੋਂ ਲੈ ਕੇ ਦਿਲ ਦੇ ਅੰਦਰਲੇ ਕਮਰੇ ਤੱਕ ਦੀ ਯਾਤਰਾ ਕਰਦੀ ਹੈ। ਇਹ ਇੱਕ ਐਸੀ ਲਿਖਤ ਹੈ ਜੋ ਪੰਜਾਬੀ ਸਾਹਿਤ ਵਿਚ ਇਕ ਸੰਵੇਦਨਸ਼ੀਲ ਮੀਲ ਦਾ ਪੱਥਰ ਹੈ। ਹਰਪ੍ਰੀਤ ਕੌਰ ਸੰਧੂ ਨੇ ਸਾਡੇ ਅੰਦਰ ਉਹਨਾਂ ਅਨਸੁਣੀਆਂ ਗੱਲਾਂ ਨੂੰ ਦੁਬਾਰਾ ਉਚਾਰਨ ਦਾ ਮੌਕਾ ਦਿੱਤਾ ਹੈ, ਜੋ ਕਦੇ ਨਾਨੀਆਂ ਦੀਆਂ ਆਵਾਜ਼ਾਂ ਵਿਚ ਰਲੀਆਂ ਹੋਈਆਂ ਸਨ।
ਇਹ ਪੁਸਤਕ ਪ੍ਰਤੀਕ ਪਬਲੀਕੇਸ਼ਨ ਦੁਆਰਾ ਛਾਪੀ ਗਈ ਹੈ।
ਕੀਮਤ 200/-
ਮਦਨਦੀਪ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



